
ਸਾਬਕਾ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਕੀਤਾ ਪ੍ਰਗਟਾਵਾ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਇਕ ਟੀ.ਵੀ. ਚੈਨਲ ਨੂੰ ਦਿਤੇ ਇੰਟਰਵਿਊ 'ਚ ਰਿਟਾਇਰਮੈਂਟ ਬਾਰੇ ਇਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਯੁਵਰਾਜ ਨੇ ਦਸਿਆ ਕਿ 2017 ਦੀ ਚੈਂਪੀਅਨਸ ਟਰਾਫੀ ਤੋਂ ਬਾਅਦ ਅੱਠ-ਨੌ ਮੈਚਾਂ 'ਚੋਂ ਦੋ ਵਾਰ ਮੈਨ ਆਫ ਦ ਮੈਚ ਬਣਨ ਤੋਂ ਬਾਅਦ ਵੀ ਡਰਾਪ ਕਰ ਦਿਤਾ ਗਿਆ।
Yuvraj Singh
ਉਨ੍ਹਾਂ ਕਿਹਾ ਕਿ ਅਜਿਹਾ ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਵਰਤਾਅ ਕੀਤਾ ਜਾਏਗਾ। ਇਸ ਤੋਂ ਬਾਅਦ ਮੈਂ ਸੱਟ ਦਾ ਸ਼ਿਕਾਰ ਹੋ ਗਿਆ ਅਤੇ ਮੈਨੂੰ ਸ਼੍ਰੀਲੰਕਾ ਦੌਰੇ ਲਈ ਤਿਆਰੀ ਕਰਨ ਲਈ ਕਿਹਾ ਗਿਆ। ਇਸ ਤੋਂ ਤੁਰੰਤ ਬਾਅਦ ਯੋ-ਯੋ ਟੈਸਟ ਦੀ ਸ਼ੁਰੂਆਤ ਕੀਤੀ ਗਈ। ਅਚਾਨਕ ਮੈਨੂੰ ਵਾਪਸ ਜਾਣਾ ਪਿਆ ਅਤੇ 36 ਸਾਲਾਂ ਦੀ ਉਮਰ 'ਚ ਯੋ-ਯੋ ਟੈਸਟ ਪਾਸ ਕੀਤਾ ਉਦੋਂ ਮੈਨੂੰ ਘਰੇਲੂ ਕ੍ਰਿਕਟ ਖੇਡਣ ਨੂੰ ਕਿਹਾ ਗਿਆ। ਸੱਚ ਕਹਾਂ ਤਾਂ ਉਹ ਸੋਚ ਰਹੇ ਸਨ ਕਿ ਇਸ ਉਮਰ 'ਚ ਮੈਂ ਇਸ ਟੈਸਟ ਨੂੰ ਪਾਸ ਕਰਨ ਦੇ ਲਾਇਕ ਨਹੀਂ ਹਾਂ ਅਤੇ ਇਸ ਲਈ ਮੈਨੂੰ ਨਾ ਕਹਿਣਾ ਸੌਖਾ ਹੋਵੇਗਾ। ਇਹ ਸਭ ਮੈਨੂੰ ਬਾਹਰ ਕਰਨ ਲਈ ਬਹਾਨਾ ਲੱਭਣ ਦੀ ਕੋਸ਼ਿਸ਼ ਸੀ।