
ਮਨੂੰ ਤੇ ਸੌਰਭ ਨੇ 10 ਮੀਟਰ ਏਅਰ ਪਿਸਟਲ 'ਚ ਸੋਨ ਤਮਗ਼ੇ ਜਿੱਤੇ
ਨਵੀਂ ਦਿੱਲੀ : ਨੌਜੁਆਨ ਭਾਰਤੀ ਨਿਸ਼ਾਨੇਬਾਜ਼ਾਂ ਮਨੂੰ ਭਾਕਰ ਅਤੇ ਸੌਰਭ ਚੌਧਰੀ ਨੇ ਸ਼ੁਕਰਵਾਰ ਨੂੰ ਅਪਣੇ-ਅਪਣੇ ਮੁਕਾਬਲੇ ਵਿਚ ਸੋਨ ਤਮਗਾ ਜਿੱਤਿਆ ਜਿਸ ਨਾਲ ਚੀਨੀ ਤਾਇਪੇ ਵਿਚ ਚੱਲ ਰਹੀ 12ਵੀਂ ਏਸ਼ੀਆਈ ਏਅਰਗਨ ਚੈਂਪੀਅਨਸ਼ਿਪ ਵਿਚ ਭਾਰਤ ਦਾ ਦਬਦਬਾ ਬਣਿਆ ਹੋਇਆ ਹੈ। ਮਨੂੰ ਅਤੇ ਸੌਰਭ ਦੋਹਾਂ ਲਈ ਟੂਰਨਾਮੈਂਟ ਵਿਚ ਇਹ ਦੂਜਾ ਸੋਨ ਤਮਗਾ ਹੈ। ਮਨੂੰ ਮੁਕਾਬਲੇ ਦੇ ਤਿੱਜੇ ਦਿਨ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਮਗਾ ਅਪਣੇ ਨਾਂ ਕਰਨ ਵਿਚ ਸਫ਼ਲ ਰਹੀ ਜਦਕਿ ਸੌਰਭ ਨੇ ਪੁਰਸ਼ਾਂ ਦੀ ਟੀਮ ਮੁਕਾਬਲੇ ਵਿਚ ਸੋਨ ਤਮਗ਼ਾ ਹਾਸਲ ਕੀਤਾ।
ਮਿਕਸਡ ਮੁਕਾਬਲੇ ਵਿਚ ਨਿਰਾਸ਼ਾ ਭਰਿਆ ਪ੍ਰਦਰਸ਼ਨ ਕਰਨ ਵਾਲੇ ਅਭੀਸ਼ੇਕ ਵਰਮਾ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਸਿੰਗਲ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ। ਮਹਿਲਾ ਪਿਸਟਲ ਟੀਮ ਨੇ ਵੀ ਕਾਂਸੀ ਤਮਗਾ ਹਾਸਲ ਕੀਤਾ ਜਿਸ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 9 ਹੋ ਗਈ। ਇਸ ਵਿਚ ਪੰਜ ਸੋਨੇ, ਤਿੰਨ ਚਾਂਦੀ ਅਤੇ ਇਹ ਕਾਂਸੀ ਦਾ ਤਮਗਾ ਸ਼ਾਮਲ ਹੈ। ਮਨੂੰ ਨੇ 600 ਵਿਚੋਂ 575 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿੰਦੇ ਹੋਏ ਫਾਈਨਲ ਲਈ ਕੁਆਲੀਫਾਈ ਕੀਤਾ। ਫਾਈਨਲ ਵਿਚ ਹਾਂਗ ਕਾਂਗ ਦੀ ਸ਼ਿੰਗ ਹੋ ਚਿੰਗ ਨਾਲ ਕੜੀ ਟੱਕਰ ਮਿਲੀ ਪਰ 24 ਨਿਸ਼ਾਨੇ ਦੇ ਫਾਈਨਲ ਵਿਚ ਮਨੂੰ ਨੇ 239 ਦੇ ਮੁਕਾਬਲੇ ਸਿੰਗ 237.9 ਦਾ ਸਕੋਰ ਹੀ ਕਰ ਸਕੀ।
ਫਾਈਨਲ ਵਿਚ ਅਪਣੀ ਜਗ੍ਹਾ ਪੱਕੀ ਕਰਨ ਵਾਲੀ ਇਕ ਹੋਰ ਭਾਰਤੀ ਸ਼੍ਰੀ ਨੀਵੇਦਿਤਾ 6ਵੇਂ ਸਥਾਨ 'ਤੇ ਰਹੀ। ਪੁਰਸ਼ਾਂ ਦੇ ਫਾਈਨਲ ਵਿਚ ਤਿੰਨ ਭਾਰਤੀਆਂ ਨੇ ਫਾਈਨਲ ਵਿਚ ਅਪਣੀ ਜਗ੍ਹਾ ਪੱਕੀ ਕੀਤੀ। ਕੁਆਲੀਫੀਕੇਸ਼ਨ ਵਿਚ ਸੌਰਭ 587 ਅੰਕਾਂ ਨਾਲ ਚੋਟੀ 'ਤੇ ਰਹੇ ਜਦਕਿ ਰਵੀਂਦਰ 578 ਅੰਕਾਂ ਨਾਲ ਚੌਥੇ ਅਤੇ ਅਭਿਸ਼ੇਕ 577 ਦੇ ਸਕੋਰ ਨਾਲ ਪੰਜਵੇਂ ਸਥਾਨ 'ਤੇ ਰਹਿੰਦੇ ਹੋਏ ਫਾਈਨਲ 'ਚ ਅਪਣੀ ਜਗ੍ਹਾ ਪੱਕੀ ਕੀਤੀ। (ਪੀਟੀਆਈ)