
ਟੀ-20 ਅੰਤਰਰਾਸ਼ਟਰੀ 'ਚ 1000 ਦੌੜਾਂ ਅਤੇ 100 ਵਿਕਟਾਂ ਪੂਰੀਆਂ ਕੀਤੀਆਂ
ਬ੍ਰਾਈਟਨ : ਆਸਟਰੇਲੀਆ ਦੀ ਹਰਫ਼ਨਮੌਲਾ ਐਲਿਸ ਪੈਰੀ ਟੀ-20 ਕੌਮਾਂਤਰੀ ਕ੍ਰਿਕਟ 'ਚ 1000 ਦੌੜਾਂ ਬਣਾਉਣ ਅਤੇ 100 ਵਿਕਟਾਂ ਝਟਕਾਉਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਬਣੀ। ਪੈਰੀ (ਅਜੇਤੂ 47) ਅਤੇ ਕਪਤਾਨ ਮੇਗ ਲੇਨਿੰਗ (ਅਜੇਤੂ 43) ਵਿਚਾਲੇ ਅਟੁੱਟ ਸਾਂਝੇਦਾਰੀ ਨਾਲ ਆਸਟਰੇਲੀਆ ਨੇ ਐਤਵਾਰ ਨੂੰ ਇਥੇ ਮਹਿਲਾ ਏਸ਼ੇਜ਼ ਟੂਰ ਦੇ ਦੂਜੇ ਟੀ-20 ਮੈਚ 'ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ।
Ellyse Perry
ਪੈਰੀ ਨੇ ਪਿਛਲੇ ਸਾਲ ਨਵੰਬਰ 'ਚ ਵਿਸ਼ਵ ਟੀ-20 ਫ਼ਾਈਨਲ 'ਚ ਇੰਗਲੈਂਡ ਦੀ ਨੈਟ ਸਕਿਵਰ ਨੂੰ ਆਊਟ ਕਰ ਕੇ 100ਵੀਂ ਵਿਕਟ ਹਾਸਲ ਕੀਤੀ ਸੀ ਜਦਕਿ ਇੰਗਲੈਂਡ ਵਿਰੁਧ ਐਤਵਾਰ ਨੂੰ ਅਜੇਤੂ 47 ਦੌੜਾਂ ਦੀ ਪਾਰੀ ਦੌਰਾਨ ਉਹ ਕੌਮਾਂਤਰੀ ਕ੍ਰਿਕਟ ਦੇ ਫਾਰਮੈਟ 'ਚ 1000 ਦੌੜਾਂ ਪੂਰੀਆਂ ਕਰਨ 'ਚ ਸਫ਼ਲ ਰਹੀ। ਇਕ ਇੰਟਰਵਿਊ ਦੇ ਦੌਰਾਨ ਪੈਰੀ ਨੇ ਕਿਹਾ, ''ਮੈਨੂੰ ਲਗਦਾ ਕਿ ਇਹ ਸ਼ਾਨਦਾਰ ਹੈ ਪਰ ਮੈਨੂੰ ਇਸ ਦੀ ਜਾਣਕਾਰੀ ਨਹੀਂ ਸੀ। ਮੈਨੂੰ ਲਗਦਾ ਹੈ ਕਿ ਟੀ-20 ਕ੍ਰਿਕਟ 'ਚ ਕੌਮਾਂਤਰੀ ਪੱਧਰ 'ਤੇ ਅਸੀਂ ਸ਼ਾਇਦ ਪੁਰਸ਼ਾਂ ਦੇ ਬਰਾਬਰ ਹੀ ਖੇਡਦੇ ਹਾਂ, ਇਸ ਲਈ ਮੈਂ ਅਜੇ ਤਕ ਕਾਫੀ ਮੈਚ ਖੇਡ ਚੁੱਕੀ ਹਾਂ-100 ਤੋਂ ਜ਼ਿਆਦਾ।''
Ellyse Perry
ਪਾਕਿਸਤਾਨ ਦੇ ਸਾਬਕਾ ਹਰਫ਼ਨਮੌਲਾ ਸ਼ਾਹਿਦ ਅਫ਼ਰੀਦੀ (1416 ਦੌੜਾਂ 98 ਵਿਕਟਾਂ) ਇਸ ਉਪਲਬਧੀ ਨੂੰ ਹਾਸਲ ਕਰਨ ਦੇ ਕਾਫੀ ਨੇੜੇ ਸਨ ਜਦਕਿ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ (1471 ਦੌੜਾਂ ਅਤੇ 88 ਵਿਕਟਾਂ) ਦੇ ਕੋਲ ਪੈਰੀ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ। ਇਸ ਜਿੱਤ ਨਾਲ ਆਸਟਰੇਲੀਆ ਦੀ ਮਹਿਲਾ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਦੀ ਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਅਤੇ ਆਖ਼ਰੀ ਮੈਚ ਬੁਧਵਾਰ ਨੂੰ ਬ੍ਰਿਸਟਲ 'ਚ ਖੇਡਿਆ ਜਾਵੇਗਾ।