‘ਲਾਲ ਮੋਹਨ ਸਿੰਘ ਨੂੰ ਸਾਹਿਬਾਬਾਦ ਵਿਧਾਨ ਸਭਾ ਹਲਕੇ ਵਿਚ ਐਸ.ਆਈ.ਆਰ. ਦੀ ਡਿਊਟੀ ਸੌਂਪੀ ਗਈ ਸੀ’
ਗਾਜ਼ੀਆਬਾਦ: ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ ਅਭਿਆਸ (ਐਸ.ਆਈ.ਆਰ.) ਲਈ ਬੂਥ ਪੱਧਰ ਦੇ ਅਧਿਕਾਰੀ (ਬੀ.ਐਲ.ਓ.) ਵਜੋਂ ਤਾਇਨਾਤ ਇਕ 58 ਸਾਲ ਦੇ ਜੀਵ ਵਿਗਿਆਨ ਅਧਿਆਪਕ ਦੀ ਮੋਦੀਨਗਰ ਸਥਿਤ ਨਹਿਰੂ ਨਗਰ ਰਿਹਾਇਸ਼ ’ਚ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਨਿਚਰਵਾਰ ਨੂੰ ਦਸਿਆ ਕਿ ਮੋਦੀ ਸਾਇੰਸ ਐਂਡ ਕਾਮਰਸ ਇੰਟਰ ਕਾਲਜ ਦੇ ਅਧਿਆਪਕ ਲਾਲ ਮੋਹਨ ਸਿੰਘ ਦੀ ਕਥਿਤ ਤੌਰ ਉਤੇ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ ਹੋ ਗਈ। ਹਾਲਾਂਕਿ ਕਾਲਜ ਦੇ ਪ੍ਰਿੰਸੀਪਲ ਸਤੀਸ਼ ਚੰਦ ਅਗਰਵਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਲਾਲ ਮੋਹਨ ਸਿੰਘ ਬਿਮਾਰ ਸਨ ਅਤੇ ਘਰ-ਘਰ ਜਾ ਕੇ ਤਸਦੀਕ ਕਰਨ ਦੇ ਕੰਮ ਕਾਰਨ ਉਨ੍ਹਾਂ ਉਤੇ ਭਾਰੀ ਦਬਾਅ ਸੀ।
ਉਨ੍ਹਾਂ ਨੇ ਦਾਅਵਾ ਕੀਤਾ, ‘‘ਪ੍ਰਸ਼ਾਸਨ ਨੇ ਚਿਤਾਵਨੀ ਦਿਤੀ ਸੀ ਕਿ ਕਿਸੇ ਵੀ ਕੀਮਤ ਉਤੇ ਕੰਮ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹ ਤਣਾਅ ਵਿਚ ਕੰਮ ਕਰ ਰਿਹਾ ਸੀ।’’ ਲਾਲ ਮੋਹਨ ਸਿੰਘ ਨੂੰ ਸਾਹਿਬਾਬਾਦ ਵਿਧਾਨ ਸਭਾ ਹਲਕੇ ਵਿਚ ਐਸ.ਆਈ.ਆਰ. ਦੀ ਡਿਊਟੀ ਸੌਂਪੀ ਗਈ ਸੀ। ਉੱਤਰ ਪ੍ਰਦੇਸ਼ ਵਿਚ ਵੋਟਰ ਸੂਚੀਆਂ ਨੂੰ ਅਪਡੇਟ ਕਰਨ ਲਈ ਕੀਤੇ ਗਏ ਚੋਣ ਅਭਿਆਸ ਦੌਰਾਨ ਜ਼ਿਆਦਾ ਕੰਮ, ਤਣਾਅ ਅਤੇ ਪਰੇਸ਼ਾਨੀ ਦੇ ਦਾਅਵਿਆਂ ਦੇ ਵਿਚਕਾਰ ਐਸ.ਆਈ.ਆਰ. ਵਿਚ ਸ਼ਾਮਲ ਬੀ.ਐਲ.ਓ. ਅਤੇ ਹੋਰ ਅਧਿਕਾਰੀਆਂ ਦੀਆਂ ਖੁਦਕੁਸ਼ੀਆਂ ਅਤੇ ਮੌਤ ਦੇ ਕਈ ਮਾਮਲੇ ਸਾਹਮਣੇ ਆਏ ਹਨ।
