
ਚੀਨ ‘ਚ ਫਸੇ ਵਿਦਿਆਰਥੀਆਂ ਨੂੰ ਪਾਕਿ ਦਾ ਜਵਾਬ
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਮੁੱਖ ਕੇਂਦਰ ਮੰਨੇ ਜਾਣ ਵਾਲੇ ਚੀਨ ਦੇ ਹੁਬੇਈ ਸੂਬੇ ਵਿਚ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਫਸੇ ਹੋਏ ਹਨ। ਜਾਨਲੇਵਾ ਕੋਰੋਨਾ ਵਾਇਰਸ ਦੇ ਚਲਦਿਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਨਾਗਰਿਕਾਂ ਨੂੰ ਇੱਥੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਭਾਰਤ ਦੀ ਤਰ੍ਹਾਂ ਅਮਰੀਕਾ ਅਤੇ ਯੂਕੇ ਵੱਲੋਂ ਵੀ ਅਪਣੇ ਨਾਗਰਿਕਾਂ ਨੂੰ ਚੀਨ ‘ਚੋਂ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
Photo
ਇਸ ਦੇ ਚਲਦਿਆਂ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਚੀਨ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਨਾਂ ‘ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸਿਹਤ ਮਾਮਲਿਆਂ ‘ਚ ਪਾਕਿਸਤਾਨ ਸਰਕਾਰ ਦੇ ਵਿਸ਼ੇਸ਼ ਸਹਾਇਕ ਜ਼ਫਰ ਮਿਰਜ਼ਾਂ ਨੇ ਐਲਾਨ ਕੀਤਾ ਸੀ ਕਿ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੀਆਂ ਸਿਫਾਰਿਸ਼ਾਂ ਦੇ ਅਨੁਸਾਰ ਚੀਨ ਦੇ ਵੂਹਾਨ ਵਿਚ ਫਸੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਨਾ ਬੁਲਾਉਣ ਦਾ ਫੈਸਲਾ ਕੀਤਾ ਹੈ।
Photo
ਵੂਹਾਨ ਵਿਚ ਪਾਕਿਸਤਾਨ ਦੇ ਲਗਭਗ 500 ਨਾਗਰਿਕ ਫਸੇ ਹੋਏ ਹਨ। ਕਈ ਪਾਕਿਸਤਾਨੀ ਵਿਦਿਆਰਥੀਆਂ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਮਦਦ ਲਈ ਚੀਨ ਵਿਚ ਪਾਕਿਸਤਾਨੀ ਅੰਬੈਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ।
Photo
ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਸਰਕਾਰ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਕਿਹਾ ਹੈ ਕਿ, ‘ਜ਼ਿੰਦਗੀ ਅਤੇ ਮੌਤ ਅੱਲਾ ਦੇ ਹੱਥ ਵਿਚ ਹੈ, ਜਿੱਥੇ ਆਉਣੀ ਹੈ ਉੱਥੇ ਆਉਣੀ ਹੀ ਹੈ’। ਪਾਕਿਸਤਾਨ ਰਾਸ਼ਟਰਪਤੀ ਅਲਵੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਕਿਹਾ ਕਿ ਜੇਕਰ ਤੁਸੀਂ ਕਿਸੇ ਥਾਂ ‘ਤੇ ਕਿਸੇ ਬਿਮਾਰੀ ਬਾਰੇ ਸੁਣਦੇ ਹੋ ਤਾਂ ਉੱਥੇ ਜਾਓ ਨਾ ਪਰ ਜੇਕਰ ਬਿਮਾਰੀ ਅਜਿਹੀ ਥਾਂ ‘ਤੇ ਫੈਲਦੀ ਹੈ, ਜਿੱਥੇ ਤੁਸੀਂ ਪਹਿਲਾਂ ਤੋਂ ਹੀ ਮੌਜੂਦ ਹੋਵੋ ਤਾਂ ਉਸ ਥਾਂ ਤੋਂ ਕਿਤੇ ਜਾ ਜਾਓ’।
Photo
ਦੱਸ ਦਈਏ ਕਿ ਟਵਿਟਰ ‘ਤੇ ਪਾਕਿਸਤਾਨੀ ਵਿਦਿਆਰਥੀਆਂ ਵੱਲੋਂ ਇਮਰਾਨ ਖ਼ਾਨ ਵਿਰੁੱਧ ਭੜਾਸ ਕੱਢੀ ਜਾ ਰਹੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਅਪਣੇ ਦੇਸ਼ ਵਾਪਸ ਜਾਣਾ ਚਾਹੁੰਦੇ ਹਨ ਪਰ ਉਹਨਾਂ ਦੀ ਸਰਕਾਰ ਅਤੇ ਅੰਬੈਸੀਆਂ ਮਦਦ ਨਹੀਂ ਕਰ ਰਹੀਆਂ।