
ਪਹਿਲਾਂ ਵੀ ਫਿਨਲੈਂਡ ਦੇ ਸਕੂਲਾਂ ’ਚ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ
ਹੇਲਸਿੰਕੀ: ਦਖਣੀ ਫਿਨਲੈਂਡ ਦੇ ਇਕ ਮਿਡਲ ਸਕੂਲ ’ਚ ਮੰਗਲਵਾਰ ਨੂੰ ਇਕ 12 ਸਾਲਾ ਲੜਕੇ ਨੇ ਗੋਲੀਬਾਰੀ ਕਰ ਦਿਤੀ, ਜਿਸ ’ਚ ਉਸ ਦੇ ਤਿੰਨ ਜਮਾਤੀ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਸ਼ੱਕੀ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ। ਇਲਾਜ ਦੌਰਾਨ ਇਕ ਵਿਦਿਆਰਥੀ ਦੀ ਮੌਤ ਹੋ ਗਈ।
ਰਾਜਧਾਨੀ ਹੇਲਸਿੰਕੀ ਦੇ ਬਾਹਰੀ ਇਲਾਕੇ ਵਾਂਟਾ ਸ਼ਹਿਰ ’ਚ ਕਰੀਬ 800 ਵਿਦਿਆਰਥੀਆਂ ਵਾਲੇ ਇਕ ਸੈਕੰਡਰੀ ਸਕੂਲ ’ਚ ਸਥਾਨਕ ਸਮੇਂ ਅਨੁਸਾਰ ਸਵੇਰੇ 9:08 ਵਜੇ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਸਕੂਲ ਨੂੰ ਘੇਰ ਲਿਆ। ਪੁਲਿਸ ਨੇ ਦਸਿਆ ਕਿ ਸ਼ੱਕੀ ਅਤੇ ਜ਼ਖਮੀਆਂ ਦੀ ਉਮਰ ਲਗਭਗ 12 ਸਾਲ ਸੀ। ਪੁਲਿਸ ਨੇ ਦਸਿਆ ਕਿ ਸ਼ੱਕੀ ਨੂੰ ਬਾਅਦ ’ਚ ਹੇਲਸਿੰਕੀ ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਇਕ ਹੈਂਡਗੰਨ ਬਰਾਮਦ ਕੀਤੀ ਗਈ। ਦੋ ਜ਼ਖ਼ਮੀ ਵਿਦਿਆਰਥੀ ਗੰਭੀਰ ਰੂਪ ’ਚ ਜ਼ੇਰੇ ਇਲਾਜ ਹਨ।
ਫਿਨਲੈਂਡ ਦੇ ਪ੍ਰਧਾਨ ਮੰਤਰੀ ਪੀਟਰੀ ਓਰਪੋ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪੋਸਟ ਕੀਤਾ ਕਿ ਉਹ ਗੋਲੀਬਾਰੀ ਤੋਂ ਬਹੁਤ ਦੁਖੀ ਹਨ। ਇਸ ਤੋਂ ਪਹਿਲਾਂ ਵੀ ਫਿਨਲੈਂਡ ਦੇ ਸਕੂਲਾਂ ’ਚ ਗੋਲੀਬਾਰੀ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਚੁਕੀਆਂ ਹਨ। ਸਤੰਬਰ 2008 ਵਿਚ ਦਖਣੀ-ਪਛਮੀ ਫਿਨਲੈਂਡ ਦੇ ਇਕ ਕਾਲਜ ਵਿਚ ਇਕ 22 ਸਾਲਾ ਵਿਦਿਆਰਥੀ ਨੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਸਨ, ਜਿਸ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਫਿਰ ਉਸ ਨੇ ਅਪਣੇ ਆਪ ’ਤੇ ਬੰਦੂਕ ਚਲਾ ਲਈ ਸੀ।