
ਪੱਤਰਕਾਰਾਂ ਵਲੋਂ ਸਬੂਤ ਬਾਰੇ ਪੁੱਛਣ 'ਤੇ ਟਰੰਪ ਨੇ ਕਿਹਾ, 'ਮੈਂ ਤੁਹਾਨੂੰ ਨਹੀਂ ਦੱਸ ਸਕਦਾ'
ਵਾਸ਼ਿੰਗਟਨ, 1 ਮਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਪੂਰੇ ਵਿਸ਼ਵਾਸ ਨਾਲ ਦਾਅਵਾ ਕੀਤਾ ਕਿ ਦੁਨੀਆ ਭਰ ਵਿਚ 2,30,000 ਤੋਂ ਵੱਧ ਲੋਕਾਂ ਦੀ ਜਾਨ ਲੈਣ ਵਾਲੇ ਅਤੇ ਅਰਥ ਵਿਵਸਥਾ ਨੂੰ ਤਬਾਹ ਕਰਨ ਵਾਲੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਹੈ। ਜਦ ਪੱਤਰਕਾਰਾਂ ਨੇ ਟਰੰਪ ਨੂੰ ਪੁਛਿਆ ਕਿ ਕੀ ਉਨ੍ਹਾਂ ਨੂੰ ਅਜਿਹਾ ਕੁਝ ਮਿਲਿਆ ਹੈ, ਜਿਸ ਕਾਰਨ ਉਹ ਯਕੀਨ ਦੇ ਨਾਲ ਕਹਿ ਸਕਦੇ ਹਨ ਕਿ ਇਹ ਵਾਇਰਸ ਵੁਹਾਨ ਤੋਂ ਫੈਲਿਆ ਹੈ ਤਾਂ ਟਰੰਪ ਨੇ ਕਿਹਾ ਕਿ “ਹਾਂ, ਮੇਰੇ ਕੋਲ ਹੈ।''
ਹਾਲਾਂਕਿ, ਟਰੰਪ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਇਹ ਜਲਦ ਹੀ ਸਾਹਮਣੇ ਆ ਜਾਵੇਗਾ। ਇਹ ਪੁੱਛਣ 'ਤੇ ਕਿ ਉਨ੍ਹਾਂ ਨੂੰ ਅਜਿਹਾ ਕੀ ਮਿਲਿਆ ਹੈ ਜਿਸ ਕਰ ਕੇ ਉਹ ਵਿਸ਼ਵਾਸ ਨਾਲ ਇਹ ਕਹਿ ਰਹੇ ਹਨ ਤਾਂ ਟਰੰਪ ਨੇ ਕਿਹਾ, “ਮੈਂ ਤੁਹਾਨੂੰ ਨਹੀਂ ਦੱਸ ਸਕਦਾ।'' ਹਾਲਾਂਕਿ, ਉਨ੍ਹਾਂ ਨੇ ਇਸ ਲਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਦੋਸ਼ੀ ਨਹੀਂ ਠਹਿਰਾਇਆ।
File photo
ਉਨ੍ਹਾਂ ਕਿਹਾ, “ਮੈਂ ਇਹ ਨਹੀਂ ਕਹਿਣਾ ਚਾਹੁੰਦਾ ਪਰ ਇਸ ਨੂੰ ਜ਼ਰੂਰ ਰੋਕਿਆ ਜਾ ਸਕਦਾ ਸੀ। ਇਹ ਚੀਨ ਤੋਂ ਸ਼ੁਰੂ ਹੋਇਆ ਸੀ ਪਰ ਇਸ ਨੂੰ ਨਿਸ਼ਚਿਤ ਤੌਰ 'ਤੇ ਰੋਕਿਆ ਜਾ ਸਕਦਾ ਸੀ ਅਤੇ ਕਾਸ਼ ਕਿ ਉਹ ਇਸ ਨੂੰ ਰੋਕ ਦਿੰਦੇ।..ਉਹ ਜਾਂ ਤਾਂ ਇਸ ਨੂੰ ਰੋਕਣ ਦੇ ਸਮਰੱਥ ਨਹੀਂ ਸਨ ਜਾਂ ਉਹ ਇਸ ਨੂੰ ਰੋਕਣਾ ਨਹੀਂ ਚਾਹੁੰਦੇ ਸਨ ਅਤੇ ਇਸ ਦਾ ਨਤੀਜਾ ਦੁਨੀਆਂ ਨੂੰ ਭੁਗਤਣਾ ਪਿਆ।''
ਟਰੰਪ ਨੇ ਕਿਹਾ, “ਅਮਰੀਕਾ ਬਹੁਤ ਖੁਸ਼ਕਿਸਮਤ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਂ ਚੀਨ 'ਤੇ ਬਹੁਤ ਜਲਦੀ ਪਾਬੰਦੀ ਲਗਾਈ । ਜਨਵਰੀ ਵਿਚ, ਅਸੀਂ ਚੀਨ 'ਤੇ ਪਾਬੰਦੀ ਲਗਾ ਦਿਤੀ ਤੇ ਫਿਰ ਯੂਰਪ 'ਤੇ।'' ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਤੋਂ ਪਹਿਲਾਂ ਉਹ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਕੀ ਹੋਇਆ ਸੀ। ਉਸ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਸਾਨੂੰ ਪਤਾ ਲੱਗ ਜਾਵੇਗਾ ਕਿ ਅਸਲ ਵਿਚ ਕੀ ਹੋਇਆ ਸੀ। ਅਸੀਂ ਇਸ 'ਤੇ ਦ੍ਰਿੜਤਾ ਨਾਲ ਕੰਮ ਕਰ ਰਹੇ ਹਾਂ।''
ਟਰੰਪ ਨੇ ਅਪਣੇ ਖ਼ੁਫ਼ੀਆ ਵਿਭਾਗ ਦੇ ਉਲਟ ਦਿਤੇ ਬਿਆਨ
ਟਰੰਪ ਦੀਆਂ ਇਹ ਟਿੱਪਣੀਆਂ ਉਨ੍ਹਾਂ ਦੇ ਅਪਣੇ ਖੁਫੀਆ ਵਿਭਾਗ ਦੇ ਵੀਰਵਾਰ ਨੂੰ ਦਿਤੇ ਜਨਤਕ ਬਿਆਨ ਤੋਂ ਵੱਖ ਹੈ ਜਿਸ 'ਚ ਕਿਹਾ ਗਿਆ ਹੈ ਕਿ ਹਾਲੇ ਉਨ੍ਹਾਂ ਨੇ ਇਹ ਪਤਾ ਨਹੀਂ ਲਗਾਇਆ ਹੈ ਕਿ ਕੋਵਿਡ 19 ਵਾਇਰਸ ਜਾਨਵਰਾਂ ਦੇ ਸੰਪਰਕ 'ਚ ਆਉਣ ਨਾਲ ਫੈਲਿਆ ਹੈ ਜਾਂ ਵੁਹਾਨ ਦੀ ਕਿਸੇ ਲੈਬ 'ਚ ਹੋਏ ਕਿਸੇ ਹਾਦਸੇ ਦਾ ਨਤੀਜਾ ਹੈ। (ਪੀਟੀਆਈ)