
ਮਹੀਨੇ 'ਚ ਕਮਾਉਂਦੀ ਹੈ 40 ਤੋਂ 50 ਹਜ਼ਾਰ
ਇਸਲਾਮਾਬਾਦ - ਸੋਸ਼ਲ ਮੀਡੀਆ ਇਕ ਅਜਿਹਾ ਸਾਧਨ ਹੈ ਜਿਸ ਰਾਂਹੀ ਕਈ ਮਿਹਨਤੀ ਲੋਕ ਆਪਣੀ ਜ਼ਿੰਦਗੀ ਬਣਾ ਲੈਂਦੇ ਹਨ ਤੇ ਲੱਖਾਂ ਦੀ ਕਮਾਈ ਕਰਦੇ ਹਨ। ਅਜਿਹੀ ਹੀ ਇਕ ਉਦਾਹਰਣ ਪਾਕਿਸਤਾਨ ਤੋਂ ਸਾਹਮਣੇ ਆਈ ਹੈ। ਦਰਅਸਲ ਪਾਕਿਸਤਾਨ ਦੀ ਰਾਬੀਆ ਨਾਜ਼ ਨਾਂ ਦੀ ਲੜਕੀ ਨੇ ਯੂਟਿਊਬ ਰਾਂਹੀ ਆਪਣੇ ਸੁਪਨਿਆਂ ਦੇ ਘਰ ਨੂੰ ਬਣਾਉਣ ਦਾ ਸਪਨਾ ਸੱਚ ਕੀਤਾ ਹੈ। ਯੂਟਿਊਬ ਰਾਬੀਆ ਦੇ ਸ਼ੌਕ ਦੇ ਨਾਲ ਉਸ ਦੀ ਕਮਾਈ ਦਾ ਵੀ ਇੱਕ ਸਾਧਨ ਹੈ।
ਪਾਕਿਸਤਾਨ ਵਿਚ, ਜਿਥੇ ਬਹੁਤ ਸਾਰੇ ਲੋਕਾਂ ਲਈ ਆਪਣਾ ਘਰ ਬਣਾਉਣਾ ਇਕ ਸੁਪਨੇ ਤੋਂ ਘੱਟ ਨਹੀਂ ਹੈ, ਰਾਬੀਆ ਯੂਟਿਊਬ ਦੀ ਆਮਦਨੀ ਨਾਲ ਦੋ ਕਮਰੇ ਵਾਲਾ ਘਰ ਬਣਾਉਣ ਦੇ ਯੋਗ ਬਣੀ ਹੈ। ਰੁਜ਼ਗਾਰ ਦੇ ਇਸ ਸਾਧਨ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਸਿੰਧ ਦੇ ਖੈਰਪੁਰ ਜ਼ਿਲ੍ਹੇ ਦੇ ਕਸਬਾ ਰਾਹੁਜਾ ਦੀ ਰਹਿਣ ਵਾਲੀ 25 ਸਾਲਾ ਰਾਬੀਆ ਨਾਜ਼ ਨੇ ਇਕ ਸਾਲ ਪਹਿਲਾਂ ਫੈਸ਼ਨ ਅਡਿਕਸ਼ਨ ਦੇ ਨਾਂ ਨਾਲ ਇਕ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ ਅਤੇ ਹੁਣ ਇਸ ਦੇ ਇਕ ਲੱਖ 60 ਹਜ਼ਾਰ ਤੋਂ ਵੱਧ ਸਬਸਕਰਾਈਬਰ ਹਨ।
YouTube
ਰਾਬੀਆ ਨਾਜ਼ ਨੇ ਇੰਟਰ ਤਕ ਪੜ੍ਹਾਈ ਕੀਤੀ ਹੈ। ਉਸ ਦਾ ਕਹਿਣਾ ਹੈ ਉਸ ਨੇ ਆਪਣੀ ਮਰਜ਼ੀ ਨਾਲ ਪੜ੍ਹਾਈ ਛੱਡ ਦਿੱਤੀ। ਉਸ ਨੇ ਦੱਸਿਆ ਕਿ ਉਸ ਨੂੰ ਯੂਟਿਊਬ ਬਹੁਤ ਪਸੰਦ ਸੀ, ਬਚਪਨ ਤੋਂ ਹੀ ਉਹ ਯੂਟਿਊਬ 'ਤੇ ਬਹੁਤ ਦਿਲਚਸਪੀ ਨਾਲ ਵੀਡੀਓ ਵੇਖਦੀ ਸੀ। ਪਾਕਿਸਤਾਨ ਵਿਚ ਰਾਬੀਆ ਸਮੇਤ ਕਈ ਨੌਜਵਾਨ ਗੂਗਲ ਨੂੰ ਆਪਣਾ ਗੁਰੂ ਮੰਨਦੇ ਹਨ। ਅਜਿਹੀ ਸਥਿਤੀ ਵਿਚ ਰਾਬੀਆ ਨੂੰ ਇਹ ਵਿਚਾਰ ਆਇਆ ਕਿ ਕਿਉਂ ਨਾ ਯੂਟਿਊਬ ਤੇ ਆਪਣਾ ਚੈਨਲ ਬਣਾਇਆ ਜਾਵੇ ਅਤੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਬਾਰੇ ਜਾਗਰੂਕ ਕੀਤਾ ਜਾਵੇ ਜੋ ਉਹਨਾਂ ਲਈ ਦਿਲਚਸਪ ਹਨ।
ਰਾਬੀਆ ਦਾ ਕਹਿਣਾ ਹੈ ਕਿ ਉਸ਼ ਨੇ "ਯੂਟਿਊਬ ਉੱਤੇ ਵੀਡੀਓ ਬਣਾਉਣ ਲਈ ਜ਼ਿਆਦਾਤਰ ਇੰਟਰਨੈਟ ਤੋਂ ਸਿੱਖਿਆ ਹੈ। ਸਾਰੀ ਮਦਦ ਅਤੇ ਸਿਖਲਾਈ ਉਥੇ ਉਪਲਬਧ ਹੈ। ਮੇਰੇ ਭਰਾਵਾਂ ਨੇ ਮੈਨੂੰ ਵੀਡੀਓ ਐਡੀਟਿੰਗ ਸਿਖਾਈ ਅਤੇ ਬਾਕੀ ਕੰਮ ਮੈਂ ਖੁਦ ਕੀਤਾ ਅਤੇ ਆਪਣਾ ਦਿਮਾਗ ਲਗਾਇਆ। ਰਾਬੀਆ ਨਾਜ਼ ਦਾ ਕਹਿਣਾ ਹੈ ਕਿ ਉਸ ਨੇ ਇੰਟਰਨੈੱਟ ਤੋਂ ਡਿਜ਼ਾਈਨ ਵੇਖ ਕੇ ਆਪਣੇ ਲਈ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਸਿਲਾਈ ਸਿੱਖੀ ਸੀ ਅਤੇ ਆਪਣੇ ਲਈ ਕੱਪੜੇ ਤਿਆਰ ਕਰਦੀ ਸੀ। ਸਿਲਾਈ ਦੇ ਇਸ ਸ਼ੌਕ ਕਾਰਨ, ਉਸ ਦਾ ਫੈਸ਼ਨ ਇੰਡਸਟਰੀ ਨਾਲ ਸਬੰਧ ਬਣ ਗਿਆ ਅਤੇ ਉਸ ਨੇ ਇੱਕ ਫੈਸ਼ਨ ਚੈਨਲ ਸ਼ੁਰੂ ਕੀਤਾ।
Youtube
ਰਾਬੀਆ ਨਾਜ਼ ਹਰ ਰੋਜ਼ ਇੱਕ ਵੀਡੀਓ ਬਣਾਉਂਦੀ ਹੈ। ਉਹ ਕਹਿੰਦੀ ਹੈ ਕਿ ਉਹ ਆਪਣੇ ਵੀਡੀਓ ਤਿਆਰ ਕਰਨ ਤੋਂ ਪਹਿਲਾਂ ਹੋਰ ਪੈਸ਼ਨ ਚੈਨਲਾਂ 'ਤੇ ਹੁੰਦੇ ਕੰਮ ਨੂੰ ਦੇਖਦੀ ਹੈ, ਕਿ ਉਹ ਕੀ ਕਰ ਰਹੇ ਹਨ। ਉਸ ਤੋਂ ਬਾਅਦ, ਉਹ ਵੇਖਦੀ ਹੈ ਕਿ ਔਰਤਾਂ ਦੇ ਕੱਪੜੇ ਦੇ ਬ੍ਰਾਂਡ ਕਿਸ ਤਰ੍ਹਾਂ ਦੇ ਡਿਜ਼ਾਇਨ ਕੀਤੇ ਜਾਂਦੇ ਹਨ ਯਾਨੀ ਕਿ ਕੱਪੜਿਆਂ ਵਿਚ ਕਿਸ ਤਰ੍ਹਾਂ ਦੀ ਕਟਾਈ ਹੁੰਦੀ ਹੈ। ਇਸ ਦੇ ਪੈਂਚ ਕਿਹੜੇ ਅੰਦਾਜ਼ ਵਿਚ ਹੁੰਦੇ ਹਨ ਅਤੇ ਅੱਜ ਦੇ ਸਮੇਂ ਵਿਚ ਕਿਸ ਤਰ੍ਹਾਂ ਦੇ ਕੱਪੜਿਆਂ ਨੂੰ ਪਸੰਦ ਕੀਤਾ ਜਾਂਦਾ ਹੈ।
ਰਾਬੀਆ ਨੇ ਦੱਸਿਆ ਕਿ ਬਾਕੀ ਮਸ਼ਹੂਰ ਕੰਪਨੀਆਂ ਕੋਲ ਕੰਮ ਕਰਨ ਲਈ ਕਾਫ਼ੀ ਲੋਕ ਹੁੰਦੇ ਹਨ ਪਰ ਉਸ ਕੋਲ ਕੋਈ ਨਹੀਂ ਹੈ ਉਹ ਇਕੱਲੀ ਹੀ ਇਹ ਕੰਮ ਕਰਦੀ ਹੈ। ਰਾਬੀਆ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੱਖ ਵੱਖ ਵੈਬਸਾਈਟਾਂ' ਤੇ ਜਾ ਕੇ ਤਸਵੀਰਾਂ ਡਾਊਨਨਲੋਡ ਕਰਦੀ ਹੈ। ਉਸ ਤੋਂ ਬਾਅਦ ਉਹ ਸਕ੍ਰਿਪਟ ਲਿਖਦੀ ਹੈ ਕਿ ਕੀ ਕਹਿਣਾ ਹੈ। ਫਿਰ ਉਹ ਆਪਣੀ ਸਕ੍ਰਿਪਟ ਦਾ ਵਾਇਸ ਓਵਰ ਕਰਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹ ਇਕ ਸਾਫਟਵੇਅਰ ਦੀ ਮਦਦ ਨਾਲ ਜੋੜਦੀ ਹੈ ਤੇ ਐਡਿਟਿੰਗ ਕਰਦੀ ਹੈ। ਇਹ ਸਭ ਕੰਮ ਕਰਨ ਲਈ ਉਸ ਨੂੰ ਦੋ ਤੋਂ ਢਾਈ ਘੰਟੇ ਲੱਗਦੇ ਹਨ ਅਤੇ ਕੰਮ ਪੂਰਾ ਕਰ ਕੇ ਉਸ ਵੀਡੀਓ ਨੂੰ ਯੂਟਿਊਬ 'ਤੇ ਅਪਲੋਡ ਕਰ ਦਿੰਦੀ ਹੈ।
YouTube
ਆਪਣੇ ਚੈਨਲ ਲਈ ਵੀਡੀਓ ਬਣਾਉਣ ਲਈ, ਰਾਬੀਆ ਨਾਜ਼ ਕੋਲ ਇੱਕ ਆਮ ਸਮਾਰਟਫੋਨ ਹੈ, ਜੋ ਕਿ ਸ਼ਾਇਦ ਅੱਜ ਕੱਲ ਹਰ ਇੱਕ ਦੇ ਕੋਲ ਹੁੰਦਾ ਹੈ। ਉਨ੍ਹਾਂ ਕੋਲ ਆਪਣਾ ਕੰਪਿਊਟਰ ਵੀ ਨਹੀਂ ਹੈ। ਚੈਨਲ ਨੂੰ ਸ਼ੁਰੂ ਕਰਨ ਤੋਂ ਬਾਅਦ, ਰਾਬੀਆ ਨੂੰ ਮੁਸ਼ਕਲ ਸਮੇਂ ਵਿੱਚੋਂ ਵੀ ਲੰਘਣਾ ਪਿਆ ਅਤੇ ਇੱਕ ਸਮਾਂ ਅਜਿਹਾ ਆਇਆ ਜਦੋਂ ਉਹ ਆਪਣੇ ਚੈਨਲ ਨੂੰ ਲੈ ਕੇ ਨਿਰਾਸ਼ ਹੋ ਗਈ ਪਰ ਫਿਰ ਯੂਟਿਊਬ ਤੇ ਉਸ ਦੀ ਇੱਕ ਦੋਸਤ ਨੇ ਉਸ ਦੀ ਮਦਦ ਕੀਤੀ ਅਤੇ ਇੱਕ ਨਵਾਂ ਰਸਤਾ ਦਿਖਾਇਆ।
ਰਾਬੀਆ ਨਾਜ਼ ਕਹਿੰਦੀ ਹੈ ਕਿ "ਸ਼ੁਰੂ ਵਿਚ ਮੈਂ ਵੀਡੀਓ ਵਿਚ ਸੰਗੀਤ ਲਗਾਉਂਦੀ ਸੀ ਅਤੇ ਜਦੋਂ ਮੈਂ ਤਸਵੀਰਾਂ ਲੈਂਦੀ ਸੀ ਤਾਂ ਮੈਂ ਇਸ ਵਿਚ ਸੰਗੀਤ ਜੋੜਦੀ ਸੀ"
ਇਸ ਦੇ ਕਾਰਨ ਰਾਬੀਆ ਨਾਜ਼ ਨਾਲ ਹਜ਼ਾਰਾ ਲੋਕ ਜੁੜਨ ਲੱਗ ਪਏ ਪਰ ਉਸ ਦਾ ਚੈਨਲ ਮੋਨੀਟਾਈਜ਼ ਨਹੀਂ ਹੋ ਪਾ ਰਿਹਾ ਸੀ। ਅਰਥਾਤ ਉਹ ਪੈਸਾ ਕਮਾਉਣ ਵਿਚ ਅਸਮਰਥ ਰਹੀ ਜਿਸ ਕਾਰਨ ਰਾਬੀਆ ਦੀ ਉਸ ਦੇ ਕੰਮ ਵਿੱਚ ਰੁਚੀ ਘੱਟ ਰਹੀ ਸੀ।
ਪਰ ਉਦੋਂ ਯੂਟਿਊਬ 'ਤੇ ਉਸ ਦੀ ਦੋਸਤ ਨੇ ਦੱਸਿਆ ਕਿ "ਜਦੋਂ ਤੱਕ ਉਹ ਵਾਇਸ ਓਵਰ ਨਹੀਂ ਕਰੇਗੀ ਉਸ ਦੀ ਵੀਡੀਓ ਚੰਗੀ ਨਹੀਂ ਬਣੇਗੀ ਅਤੇ ਨਾ ਰਹੀ ਪੈਸੇ ਕਮਾ ਪਾਵੇਗੀ। ਉਸ ਨੇ ਕਿਹਾ ਕਿ" ਮੈਨੂੰ ਇਹ ਸੁਣ ਕੇ ਬਹੁਤ ਦੁੱਖ ਹੋਇਆ ਕਿ ਮੈਂ ਲੰਬੇ ਸਮੇਂ ਤੋਂ ਵੀਡੀਓ ਅਪਲੋਡ ਕੀਤੇ ਅਤੇ ਬਣਾਏ ਪਰ ਹੁਣ ਉਨ੍ਹਾਂ ਨੂੰ ਡਲੀਟ ਕਰਨ ਦਾ ਮਤਲਬ ਇਹ ਸੀ ਕਿ ਸਾਰੀ ਸਖ਼ਤ ਮਿਹਨਤ ਵਿਅਰਥ ਜਾਵੇਗੀ"
ਰਾਬੀਆ ਨੇ ਕਿਹਾ ਕਿ ਉਸ ਨੇ ਹਿੰਮਤ ਨਹੀਂ ਹਾਰੀ ਪਿਛਲੇ ਵੀਡੀਓ ਡਿਲੀਟ ਕਰ ਕੇ ਵਾਇਸ ਓਵਰ ਨਾਲ ਨਵੇਂ ਵੀਡੀਓ ਅਪਲੋਡ ਕੀਤੇ, ਇਸ ਤਰ੍ਹਾਂ ਉਹ ਹਰ ਰੋਜ਼ ਇਕ ਵੀਡੀਓ ਪਾਉਂਦੀ ਸੀ ਤੇ ਚੈਨਲ ਨੂੰ ਮੋਨੀਟਾਈਜ਼ ਹੋਣ ਨੂੰ ਪੂਰਾ ਸਾਲ ਲੱਗ ਗਿਆ। ਰਾਬੀਆ ਨਾਜ਼ ਯੂਟਿਊਬ 'ਤੇ ਆਪਣੇ ਚੈਨਲ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਫਿਰ ਕੋਰੋਨਾ ਵਾਇਰਸ ਆ ਗਿਆ ਅਤੇ ਦਫਤਰ ਬੰਦ ਹੋ ਗਏ ਸਨ। ਰਾਬੀਆ ਦਾ ਕਹਿਣਾ ਹੈ ਕਿ ਉਸਨੂੰ ਕੋਵਿਡ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।"
ਜਦੋਂ ਯੂਟਿਊਬ ਕਿਸੇ ਦੇ ਚੈਨਲ ਦਾ ਮੋਨੀਟਾਈਜ਼ ਕਰਦਾ ਹੈ, ਤਾਂ ਉਹ ਡਾਕ ਦੁਆਰਾ ਇੱਕ ਕੋਡ ਭੇਜਦੇ ਹਨ, ਜਿਸ ਦੀ ਸਹਾਇਤਾ ਨਾਲ ਪੈਸੇ ਪ੍ਰਾਪਤ ਹੁੰਦੇ ਹਨ। ਮੈਨੂੰ ਉਹ ਕੋਡ ਨਹੀਂ ਮਿਲ ਰਿਹਾ ਸੀ। ਅਸੀਂ ਸਥਾਨਕ ਡਾਕਘਰ ਦੇ ਕਈ ਚੱਕਰ ਲਗਾਏ ਪਰ ਉਹ ਕੋਡ ਸਾਨੂੰ ਨਹੀਂ ਮਿਲਿਆ। ਉਸ ਤੋਂ ਬਾਅਦ ਜਦੋਂ ਮੈਂ ਮਦਦ ਲਈ ਯੂਟਿਊਬ ਨੂੰ ਈਮੇਲ ਕੀਤਾ, ਉਨ੍ਹਾਂ ਨੇ ਮੇਰੀ ਆਈਡੀ ਸਵੀਕਾਰ ਕਰ ਲਈ ਅਤੇ ਮੈਨੂੰ ਪੈਸੇ ਜਾਰੀ ਕੀਤੇ। "
ਯੂਟਿਊਬ ਤੋਂ ਪਛਾਣ ਮਿਲਣ ਤੋਂ ਬਾਅਦ ਅਗਲੀ ਚੁਣੌਤੀ ਬੈਂਕ ਖਾਤਾ ਖੋਲ੍ਹਣ ਦੀ ਸੀ ਅਤੇ ਇਹ ਕੰਮ ਵੀ ਅਸਾਨ ਨਹੀਂ ਸੀ। ਰਾਬੀਆ ਨਾਜ਼ ਅਨੁਸਾਰ, ਜਦੋਂ ਉਹ ਆਪਣੇ ਖੇਤਰ ਦੇ ਤਹਿਸੀਲ ਹੈਡਕੁਆਰਟਰ ਪੀਰ ਜੋ ਗੋਥ ਕੋਲ ਇੱਕ ਪ੍ਰਾਈਵੇਟ ਬੈਂਕ ਵਿੱਚ ਆਪਣਾ ਖਾਤਾ ਖੋਲ੍ਹਣ ਲਈ ਪਹੁੰਚੀ, ਤਾਂ ਬੈਂਕ ਮੈਨੇਜਰ ਨੇ ਉਸ ਤੋਂ ਇਸ ਦਾ ਕਾਰਨ ਜਾਣਿਆ।
Rabiya Naaz
ਜਦੋਂ ਰਾਬੀਆ ਨੇ ਉਹਨਾਂ ਨੂੰ ਦੱਸਿਆ ਕਿ ਉਸ ਕੋਲ ਬਾਹਰੋਂ ਪੈਸੇ ਆਉਣਗੇ ਅਤੇ ਯੂਟਿਊਬ ਪੈਸੇ ਭੇਜੇਗਾ ਤਾਂ ਬੈਂਕ ਮੈਨੇਜਰ ਹੈਰਾਨ ਰਹਿ ਗਿਆ। ਉਸ ਨੇ ਰਬੀਆ ਨੂੰ ਕਿਹਾ ਕਿ ਯੂਟਿਊਬ ਤੋਂ ਕਮਾਈ ਕਿਵੇਂ ਸੰਭਵ ਹੈ ਅਤੇ ਉਸ ਨੇ ਕਦੇ ਨਹੀਂ ਸੁਣਿਆ ਕਿ ਯੂਟਿਊਬ ਵੀ ਪੈਸੇ ਦਿੰਦਾ ਹੈ। ਰਾਬੀਆ ਨਾਜ਼ ਨੇ ਕਿਹਾ ਕਿ ਉਸ ਨੂੰ ਆਪਣੇ ਚੈਨਲ ਤੋਂ ਮਹੀਨੇ ਵਿਚ 40 ਤੋਂ 50 ਹਜ਼ਾਰ ਰੁਪਏ ਕਮਾਈ ਹੋ ਜਾਂਦੀ ਸੀ ਜਿਸ ਦੀ ਸਹਾਇਤਾ ਨਾਲ ਉਸ ਨੇ ਆਪਣੇ ਲਈ ਇਕ ਦੋ ਕਮਰੇ ਵਾਲਾ ਘਰ ਬਣਾਇਆ ਹੈ ਜਿਸ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਛੱਤ ਅਤੇ ਕੰਧਾਂ ਖੜ੍ਹੀਆਂ ਹੋ ਗਈਆ ਹਨ।
ਰਾਬੀਆ ਦੇ ਅਨੁਸਾਰ, ਉਸ ਦੀ ਇੱਛਾ ਸੀ ਕਿ ਉਸਦਾ ਆਪਣਾ ਘਰ ਹੋਵੇ ਅਤੇ ਉਹ ਆਪਣੇ ਪਿੰਡ ਦੀ ਪਹਿਲੀ ਲੜਕੀ ਹੈ ਜਿਸ ਨੇ ਆਪਣੀ ਮਿਹਨਤ ਨਾਲ ਘਰ ਬਣਾਇਆ। ਰਾਬੀਆ ਨਾਜ਼ ਆਪਣੇ ਚਾਚੇ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਰਹਿੰਦੀ ਹੈ। ਰਾਬੀਆ ਨੇ ਦੱਸਿਆ ਕਿ ਉਸ ਦੇ ਖੇਤਰ ਵਿਚ ਜ਼ਿਆਦਾਤਰ ਔਰਤਾਂ ਅਨਪੜ੍ਹ ਹਨ ਜਾਂ ਕੁਝ ਸਿਰਫ ਖੇਤੀਬਾੜੀ ਖੇਤਰ ਨਾਲ ਜੁੜੀਆਂ ਹਨ, ਜਿਨ੍ਹਾਂ ਵਿਚੋਂ ਕੁਝ ਪੜ੍ਹਾਉਂਦੀਆਂ ਹਨ ਪਰ ਜ਼ਿਆਦਾਤਰ ਔਰਤਾਂ ਯੂਟਿਊਬ ਬਾਰੇ ਨਹੀਂ ਜਾਣਦੀਆਂ।
"ਜਦੋਂ ਮੈਂ ਆਪਣੀ ਉਮਰ ਦੇ ਆਪਣੇ ਦੋਸਤਾਂ ਨੂੰ ਕਿਹਾ ਕਿ ਮੈਂ ਇਸ ਤਰ੍ਹਾਂ ਇਕ ਯੂਟਿਊਬ ਚੈਨਲ ਬਣਾਇਆ ਹੈ ਅਤੇ ਮੈਂ ਆਮਦਨੀ ਕਰਦੀ ਹਾਂ, ਤਾਂ ਉਹ ਵਿਸ਼ਵਾਸ ਨਹੀਂ ਕਰ ਰਹੇ ਸੀ ਕਿ ਕੋਈ ਪਿੰਡ ਵਿਚ ਘਰ ਬੈਠੇ ਅਜਿਹੇ ਤਰੀਕੇ ਨਾਲ ਪੈਸੇ ਕਿਵੇਂ ਕਮਾ ਸਕਦਾ ਹੈ। ਜੇ ਬਿਜਲੀ ਦੀ ਗੱਲ ਕੀਤੀ ਜਾਵੇ ਤਾਂ ਰਾਬੀਆ ਨੇ ਕਿਹਾ ਕਿ ਬਿਜਲੀ ਅਤੇ ਇੰਟਰਨੈੱਟ ਦਾ ਉਙਨਾਂ ਦੇ ਪਿੰਡ ਵਿਚ ਕੋਈ ਭਰੋਸਾ ਹੀ ਨਹੀਂ ਹੈ।
ਉਹਨਾਂ ਦੇ ਪਿੰਡ ਵਿਚ ਕਿਤੇ ਬਿਜਲੀ ਆਉਂਦੀ ਹੈ ਕਿਤੇ ਨਹੀਂ ਤੇ ਕਦੇ-ਕਦੇ ਨੈੱਠ ਦੀ ਸਪੀਡ ਵੀ ਨਹੀਂ ਆਉਂਦੀ। ਉਸ ਨੇ ਕਿਹਾ ਕਿ ਜਦੋਂ ਨੈੱਟ ਦੀ ਸਪੀਡ ਤੇਜ਼ ਹੁੰਦੀ ਹੈ ਉਙ ਵੀਡੀਓ ਅਪਲੋਡ ਕਰ ਦਿੰਦੀ ਹੈ। ਆਖਿਰ ਵਿਚ ਉਸ ਨੇ ਕਿਹਾ ਕਿ ਲੜਕੀਆਂ ਸਿਰਫ਼ ਘਰ ਦਾ ਕੰਮ ਕਰਨ ਲਈ ਹੀ ਨਹੀਂ ਹੁੰਦੀਆਂ ਲੜਕੀਆਂ ਵੀ ਅਜਿਹਾ ਕੰਮ ਕਾਰ ਕਰ ਸਕਦੀਆਂ ਨੇ। ਉਸ ਨੇ ਕਿਹਾ ਕਿ ਮੈਂ ਵੀ ਆਪਣੇ ਘਰ ਦੀ ਜ਼ਿੰਮੇਵਾਰੀ ਵਾਲਾ ਕੰਮ ਕਰ ਕੇ ਹੀ ਵੀਡੀਓਜ਼ ਬਣਾਉਂਦੀ ਹਾਂ ਤੇ ਹੋਰ ਲੜਕੀਆਂ ਨੂੰ ਵੀ ਅਜਿਹਾ ਕੋਈ ਕੰਮ ਸ਼ੁਰੂ ਕਰਨਾ ਚਾਹੀਦਾ ਹੈ।