
ਸੰਯੁਕਤ ਰਾਸ਼ਟਰ ਤੇ ਯੂਰਪੀ ਸੰਘ ਦੀ ਰਿਪੋਰਟ ਵਿਚ ਹੋਇਆ ਪ੍ਰਗਟਾਵਾ
ਸੰਯੁਕਤ ਰਾਸ਼ਟਰ : ਯੁੱਧ ਤੇ ਆਰਥਕ ਅਸ਼ਾਂਤੀ ਵਰਗੇ ਕਾਰਨਾਂ ਕਾਰਨ ਪੈਦਾ ਹੋਏ ਖ਼ੁਰਾਕੀ ਸੰਕਟ ਕਾਰਨ ਦੁਨੀਆਂ ਦੇ 53 ਦੇਸ਼ਾਂ ਦੇ ਲਗਭਗ 11 ਕਰੋੜ 13 ਲੱਖ ਲੋਕਾਂ ਨੇ ਪਿਛਲੇ ਸਾਲ ਘੋਰ ਭੁਖਮਰੀ ਵਰਗੀ ਸਥਿਤੀ ਦਾ ਸਾਹਮਣਾ ਕੀਤਾ ਹੈ। ਇਹ ਪ੍ਰਗਟਾਵਾ ਸੰਯੁਕਤ ਰਾਸ਼ਟਰ ਤੇ ਯੂਰਪੀ ਸੰਘ ਦੀ ਨਵੀਂ ਰਿਪੋਰਟ ਵਿਚ ਕੀਤਾ ਗਿਆ ਹੈ।
Hunger-2
ਖ਼ੁਰਾਕ ਅਤੇ ਖੇਤੀ ਸੰਗਠਨ, ਵਿਸ਼ਵ ਖ਼ੁਰਾਕ ਪ੍ਰੋਗਰਾਮ ਤੇ ਯੂਰਪੀ ਸੰਘ ਦੀ 'ਆਲਮੀ ਰਿਪੋਰਟ ਆਨ ਫ਼ੂਡਜ਼ ਕ੍ਰਾਈਸਿਸ 2019' ਰਿਪੋਰਟ ਵਿਚ ਦਸਿਆ ਗਿਆ ਹੈ ਕਿ ਇਕ ਕਰੋੜ ਤੋਂ ਜ਼ਿਆਦਾ ਲੋਕ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਭੁਖਮਰੀ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਮੁਤਾਬਕ ਲਗਭਗ 11 ਕਰੋੜ 13 ਲੱਖ ਤੋਂ ਜ਼ਿਆਦਾ ਲੋਕ 53 ਦੇਸ਼ਾਂ ਵਿਚ ਘੋਰ ਭੁਖਮਰੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਤੁਰਤ ਖ਼ੁਰਾਕੀ ਪਦਾਰਥ, ਪੋਸ਼ਕ ਆਹਾਰ ਤੇ ਰੁਜ਼ਗਾਰ ਦੀ ਲੋੜ ਹੈ।
ਇਸ ਵੱਡੀ ਸੰਕਟ ਦਾ ਸਾਹਮਣਾ ਯਮਨ, ਡੈਮੋਕ੍ਰੇਟਿਕ ਰਿਪਬਲਿਕ ਆਫ਼ ਕਾਂਗੋ, ਅਫ਼ਗ਼ਾਨਿਸਤਾਨ, ਇਥੋਪੀਆ, ਸੀਰੀਆ, ਸੁਡਾਨ, ਦਖਣੀ ਸੁਡਾਨ ਅਤੇ ਉਤਰੀ ਨਾਈਜੀਰੀਆ ਵਰਗੇ ਦੇਸ਼ ਕਰ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਕੁਲ ਸੱਤ ਕਰੋੜ 20 ਲੱਖ ਲੋਕ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ।