
ਕਿਹਾ, ਜਦੋਂ ਗਾਜ਼ਾ ਵਿਚ ਭੁੱਖਮਰੀ ਹੈ ਤਾਂ ਅਜਿਹੀ ਦਾਵਤ ਵਿਚ ਸ਼ਾਮਲ ਹੋਣਾ ਜਾਇਜ਼ ਨਹੀਂ : ਵਾਇਲ-ਅਲ-ਜ਼ਾਇਤ
ਵਾਸ਼ਿੰਗਟਨ,: ਅਮਰੀਕਾ ’ਚ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨੇ ਗਾਜ਼ਾ ’ਚ ਚੱਲ ਰਹੇ ਜੰਗ ਕਾਰਨ ਰੋਜ਼ਾ ਇਫ਼ਤਾਰ ਦੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਦੇ ਨੂੰ ਠੁਕਰਾ ਦਿਤਾ ਹੈ। ਇਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਮੰਗਲਵਾਰ ਸ਼ਾਮ ਨੂੰ ਇਕ ਛੋਟੀ ਜਿਹੀ ਇਫਤਾਰ ਪਾਰਟੀ ਕਰਨ ਦਾ ਫੈਸਲਾ ਕੀਤਾ ਹੈ, ਜਿਸ ’ਚ ਸਿਰਫ਼ ਪ੍ਰਸ਼ਾਸਨ ’ਚ ਕੰਮ ਕਰਨ ਵਾਲੇ ਲੋਕ ਹੀ ਸ਼ਾਮਲ ਹੋਣਗੇ।
ਮੁਸਲਮਾਨ ਸਮੂਹ ‘ਐਮਗੈਜ’ ਦੀ ਅਗਵਾਈ ਕਰਨ ਵਾਲੇ ਵਾਇਲ ਅਲ ਜ਼ਾਇਤ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਵਿਚ ਇਕ ਇਫਤਾਰ ਵਿਚ ਹਿੱਸਾ ਲਿਆ ਸੀ, ਪਰ ਇਸ ਵਾਰ ਬਾਈਡਨ ਨਾਲ ਰੋਜ਼ਾ ਤੋੜਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਗਾਜ਼ਾ ਵਿਚ ਭੁੱਖਮਰੀ ਹੈ ਤਾਂ ਅਜਿਹੀ ਦਾਵਤ ਵਿਚ ਸ਼ਾਮਲ ਹੋਣਾ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਕਈ ਲੋਕਾਂ ਵਲੋਂ ਸੱਦਾ ਠੁਕਰਾ ਦਿਤੇ ਜਾਣ ਤੋਂ ਬਾਅਦ ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਅਪਣੀ ਯੋਜਨਾ ਬਦਲ ਦਿਤੀ ਅਤੇ ਭਾਈਚਾਰੇ ਦੇ ਨੇਤਾਵਾਂ ਨੂੰ ਕਿਹਾ ਕਿ ਉਹ ਪ੍ਰਸ਼ਾਸਨ ਦੀਆਂ ਨੀਤੀਆਂ ’ਤੇ ਕੇਂਦਰਿਤ ਬੈਠਕ ਕਰਨ ਦਾ ਇਰਾਦਾ ਰਖਦੇ ਹਨ। ਅਲ ਜ਼ਾਇਤ ਨੇ ਵੀ ਇਸ ਤੋਂ ਇਨਕਾਰ ਕੀਤਾ। ਬਹੁਤ ਸਾਰੇ ਅਮਰੀਕੀ-ਮੁਸਲਮਾਨ ਗਾਜ਼ਾ ਦੀ ਘੇਰਾਬੰਦੀ ਨੂੰ ਲੈ ਕੇ ਇਜ਼ਰਾਈਲ ਦਾ ਸਮਰਥਨ ਕਰਨ ਲਈ ਬਾਈਡਨ ਤੋਂ ਨਾਰਾਜ਼ ਹਨ।
‘ਬਾਈਡਨ ਲਈ ਮੁਸਲਮਾਨਾਂ ਦੀ ਘਟ ਰਹੀ ਹਮਾਇਤ ਟਰੰਪ ਦੇ ਅਗਲੇ ਰਾਸ਼ਟਰਪਤੀ ਬਣਨ ਦਾ ਰਾਹ ਪੱਧਰਾ ਕਰ ਸਕਦੀ ਹੈ’
ਰਾਸ਼ਟਰਪਤੀ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਡਰ ਹੈ ਕਿ ਬਾਈਡਨ ਲਈ ਮੁਸਲਮਾਨਾਂ ਦੀ ਘੱਟ ਰਹੀ ਹਮਾਇਤ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਲਈ ਵ੍ਹਾਈਟ ਹਾਊਸ ਵਿਚ ਵਾਪਸੀ ਦਾ ਰਾਹ ਪੱਧਰਾ ਕਰ ਸਕਦੀ ਹੈ। ਬਾਈਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਰਕਾਰੀ ਮੁਸਲਿਮ ਅਧਿਕਾਰੀ, ਕੌਮੀ ਸੁਰੱਖਿਆ ਅਧਿਕਾਰੀ ਅਤੇ ਕਈ ਮੁਸਲਿਮ ਆਗੂ ਮੰਗਲਵਾਰ ਦੀ ਇਫਤਾਰ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਉਨ੍ਹਾਂ ਦਾ ਨਾਂ ਨਹੀਂ ਲਿਆ।
ਪਿਛਲੇ ਸਾਲਾਂ ’ਚ ਕਰਵਾਏ ਸਮਾਗਮਾਂ ’ਚ ਸੱਦੇ ਗਏ ਕੁੱਝ ਲੋਕਾਂ ਨੂੰ ਇਸ ਵਾਰ ਸੱਦਾ ਨਹੀਂ ਦਿਤਾ ਗਿਆ ਹੈ, ਜਿਨ੍ਹਾਂ ’ਚ ਡੀਅਰਬੋਰਨ ਮਿਸ਼ੀਗਨ ਦੇ ਮੇਅਰ ਅਬਦੁੱਲਾ ਹਮਮੂਦ ਵੀ ਸ਼ਾਮਲ ਹਨ। ਪ੍ਰੈਸ ਸਕੱਤਰ ਕਰੀਨ ਜੀਨ-ਪਿਏਰੇ ਨੇ ਕਿਹਾ ਕਿ ਭਾਈਚਾਰੇ ਦੇ ਨੇਤਾਵਾਂ ਨੇ ਵਰਕਿੰਗ ਗਰੁੱਪ ਦੀ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਮੀਟਿੰਗ ਨੂੰ ਉਨ੍ਹਾਂ ਤੋਂ ਹੁੰਗਾਰਾ ਲੈਣ ਦਾ ਮੌਕਾ ਦਸਿਆ। ਨਿੱਜੀ ਇਫਤਾਰਾਂ ਬਾਰੇ ਜੀਨ-ਪਿਅਰੇ ਨੇ ਕਿਹਾ ਕਿ ਰਾਸ਼ਟਰਪਤੀ ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੀ ਮੇਜ਼ਬਾਨੀ ਕਰਨ ਦੀ ਅਪਣੀ ਪਰੰਪਰਾ ਨੂੰ ਜਾਰੀ ਰੱਖਣ ਜਾ ਰਹੇ ਹਨ।