
ਫਰਵਰੀ 2020 ਵਿਚ, ਲੰਡਨ ਹਾਈ ਕੋਰਟ ਵਿਚ ਭਾਰਤ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ।
ਲੰਡਨ - 4 ਸਾਲ ਪਹਿਲਾਂ ਆਪਣੇ 11 ਸਾਲਾ ਗੋਦ ਲਏ ਪੁੱਤਰ ਗੋਪਾਲ ਦੀ ਹੱਤਿਆ ਦੇ ਦੋਸ਼ ਵਿਚ ਭਾਰਤ ਹਵਾਲੇ ਕਰਨ ਤੋਂ ਬਚਣ ਵਾਲੇ ਲੰਡਨ ਵਿਚ ਰਹਿ ਰਿਹਾ ਭਾਰਤੀ ਮੂਲ ਦਾ ਜੋੜਾ ਇਕ ਹੋਰ ਅਪਰਾਧਿਕ ਮਾਮਲੇ ਵਿਚ ਬ੍ਰਿਟਿਸ਼ ਅਦਾਲਤ ਵਿਚ ਪੇਸ਼ ਹੋਇਆ ਹੈ। ਬ੍ਰਿਟੇਨ ਦੀ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਨੇ ਹੁਣ ਆਰਤੀ ਧੀਰ (58) ਅਤੇ ਉਸ ਦੇ ਪਤੀ ਕਵਲਜੀਤ ਸਿੰਘ ਰਾਏਜ਼ਾਦਾ (35) 'ਤੇ ਆਸਟ੍ਰੇਲੀਆ ਨੂੰ ਡਰੱਗ ਕੋਕੀਨ ਬਰਾਮਦ ਕਰਨ ਅਤੇ ਮਨੀ ਲਾਂਡਰਿੰਗ ਦੇ 12 ਮਾਮਲਿਆਂ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਉਸ ਦੇ ਮੁਕੱਦਮੇ ਦੀ ਸੁਣਵਾਈ ਲੰਡਨ ਦੀ ਸਾਊਥਵਾਰਕ ਕਰਾਊਨ ਕੋਰਟ ਵਿਚ 30 ਅਕਤੂਬਰ ਤੋਂ ਸ਼ੁਰੂ ਹੋਣੀ ਹੈ।
ਐਨਸੀਏ ਦੇ ਬੁਲਾਰੇ ਨੇ ਕਿਹਾ, “ਆਰਤੀ ਧੀਰ ਅਤੇ ਕਵਲਜੀਤ ਸਿੰਘ ਰਾਏਜ਼ਾਦਾ ਦੋਵਾਂ 'ਤੇ ਆਸਟ੍ਰੇਲੀਆ ਨੂੰ ਕੋਕੀਨ ਨਿਰਯਾਤ ਕਰਨ ਅਤੇ ਮਨੀ ਲਾਂਡਰਿੰਗ ਦੇ 12 ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ। "ਜਦੋਂ ਇਹ ਕੇਸ ਚੱਲ ਰਿਹਾ ਹੈ ਤਾਂ ਅਸੀਂ ਟਿੱਪਣੀ ਨਹੀਂ ਕਰਾਂਗੇ, ਪਰ ਮੁਕੱਦਮਾ 30 ਅਕਤੂਬਰ ਨੂੰ ਸਾਊਥਵਾਰਕ ਕਰਾਊਨ ਕੋਰਟ ਵਿਚ ਸ਼ੁਰੂ ਹੋਣ ਵਾਲਾ ਹੈ।"
ਮਨੁੱਖੀ ਅਧਿਕਾਰਾਂ ਬਾਰੇ ਯੂਰਪੀਅਨ ਕਨਵੈਨਸ਼ਨ ਦੇ ਆਰਟੀਕਲ 3 ਦੇ ਤਹਿਤ ਮਨੁੱਖੀ ਅਧਿਕਾਰਾਂ ਦੇ ਆਧਾਰ 'ਤੇ ਜੁਲਾਈ 2019 ਵਿਚ ਲੰਡਨ ਸਥਿਤ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਨੇ ਦੋਵਾਂ ਦੀ ਭਾਰਤ ਦੀ ਹਵਾਲਗੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਉਸ ਦੇ ਕੇਸ ਵਿਚ ਮੌਤ ਦੀ ਸਜ਼ਾ ਲਾਗੂ ਨਹੀਂ ਹੋਵੇਗੀ ਅਤੇ ਕੁਝ ਵਾਧੂ ਭਰੋਸੇ ਵੀ ਦਿੱਤੇ ਗਏ ਸਨ, ਜੋ ਅਦਾਲਤ ਦੁਆਰਾ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਆਏ ਸਨ।
ਫਰਵਰੀ 2020 ਵਿਚ, ਲੰਡਨ ਹਾਈ ਕੋਰਟ ਵਿਚ ਭਾਰਤ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ ਸੀ।
ਲਾਰਡ ਜਸਟਿਸ ਜੇਮਸ ਡਿੰਗਮੈਨਜ਼ ਅਤੇ ਜਸਟਿਸ ਰੌਬਿਨ ਸਪੈਂਸਰ ਨੇ ਫ਼ੈਸਲਾ ਸੁਣਾਇਆ ਕਿ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਨਾਲ ਸਬੰਧਤ ਲੋੜੀਂਦਾ ਭਰੋਸਾ ਪ੍ਰਦਾਨ ਕਰਨ ਵਿਚ ਭਾਰਤ ਸਰਕਾਰ ਦੀ ਦੇਰੀ ਅਪੀਲ ਖਾਰਜ ਹੋਣ ਦਾ ਮੂਲ ਕਾਰਨ ਸੀ। ਅਦਾਲਤ ਵਿਚ ਸਾਹਮਣੇ ਆਏ ਕੇਸ ਦੇ ਵੇਰਵਿਆਂ ਅਨੁਸਾਰ, ਦੋਵਾਂ ਵਿਰੁੱਧ ਕਤਲ ਦੇ ਦੋਸ਼ ਫਰਵਰੀ 2017 ਵਿਚ ਭਾਰਤ ਵਿਚ ਉਨ੍ਹਾਂ ਦੇ ਗੋਦ ਲਏ ਪੁੱਤਰ ਗੋਪਾਲ ਸੇਜਾਨੀ ਅਤੇ ਉਸ ਦੇ ਜੀਜਾ ਹਰਸੁਖਭਾਈ ਕਰਦਾਨੀ ਨਾਲ ਸਬੰਧਤ ਹਨ।
ਗੁਜਰਾਤ ਪੁਲਿਸ ਦੀ ਜਾਂਚ ਵਿ ਚ ਦਾਅਵਾ ਕੀਤਾ ਗਿਆ ਹੈ ਕਿ ਦੋਸ਼ੀ ਨੇ ਗੋਪਾਲ ਨੂੰ ਗੋਦ ਲੈਣ ਦੀ ਸਾਜ਼ਿਸ਼ ਰਚੀ ਸੀ ਅਤੇ ਫਿਰ ਜੀਵਨ ਬੀਮਾ ਭੁਗਤਾਨ ਲਈ ਭਾਰਤਵਿੱਚ ਉਸਨੂੰ ਅਗਵਾ ਕਰਨ ਅਤੇ ਕਤਲ ਕਰਨ ਦੀ ਸਾਜ਼ਿਸ਼ ਰਚਣ ਤੋਂ ਪਹਿਲਾਂ ਉਸ ਨੂੰ ਲਗਭਗ 1.3 ਕਰੋੜ ਰੁਪਏ ਦਾ ਬੀਮਾ ਕਰਵਾਇਆ ਸੀ।