
ਇਕ ਭਾਰਤੀ ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਫਰਜ਼ੀ ਪਛਾਣ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਵਿਅਕਤੀ ਨੂੰ ਪਹਿਲਾਂ ਦੇਸ਼ ਨਿਕਾਲੇ ਦਾ ਹੁਕਮ ਦਿਤਾ ਗਿਆ ਸੀ।
ਵਾਸ਼ਿੰਗਟਨ, 22 ਜੁਲਾਈ : ਇਕ ਭਾਰਤੀ ਨੂੰ ਅਮਰੀਕੀ ਨਾਗਰਿਕਤਾ ਹਾਸਲ ਕਰਨ ਲਈ ਫਰਜ਼ੀ ਪਛਾਣ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਵਿਅਕਤੀ ਨੂੰ ਪਹਿਲਾਂ ਦੇਸ਼ ਨਿਕਾਲੇ ਦਾ ਹੁਕਮ ਦਿਤਾ ਗਿਆ ਸੀ। ਬਲਬੀਰ ਸਿੰਘ ਉਰਫ ਰਣਜੀਤ ਸਿੰਘ (50) ਨੂੰ 10 ਸਾਲ ਤਕ ਦੀ ਸਜ਼ਾ, 2,50,000 ਡਾਲਰ ਜੁਰਮਾਨਾ ਹੋ ਸਕਦਾ ਹੈ ਅਤੇ ਇਸ ਦੇ ਨਾਲ ਹੀ ਉਸ ਦੀ ਨਾਗਰਿਕਤਾ ਰੱਦ ਕਰਨ ਅਤੇ ਉਸ ਦੇ ਦੇਸ਼ ਨਿਕਾਲੇ ਨਾਲ ਸਬੰਧਤ ਪੈਂਡਿੰਗ ਹੁਕਮ ਲਾਗੂ ਹੋ ਸਕਦਾ ਹੈ।
ਅਮਰੀਕਾ ਦੇ ਕਾਰਜਕਾਰੀ ਅਟਾਰਨੀ ਅਬੇ ਮਾਰਟਨਿਜੇ ਨੇ ਦਸਿਆ ਕਿ ਬਲਬੀਰ ਸਿੰਘ ਨੇ ਝੂਠੇ ਬਹਾਨੇ ਬਣਾ ਕੇ ਸ਼ਰਣ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਇਹ ਕੋਸ਼ਿਸ਼ ਜਦੋਂ ਨਾਕਾਮ ਹੋ ਗਈ ਤਾਂ ਇਕ ਇਮੀਗ੍ਰੇਸ਼ਨ ਜੱਜ ਨੇ ਉਸ ਨੂੰ ਅਮਰੀਕਾ 'ਚੋਂ ਕੱਢਣ ਦਾ ਹੁਕਮ ਦਿਤਾ। ਇਸ ਕਾਰਨ ਬਲਬੀਰ ਸਿੰਘ ਅਮਰੀਕੀ ਨਾਗਰਿਕ ਬਣਨ ਦੇ ਅਯੋਗ ਹੋ ਗਿਆ ਸੀ।
ਦੱਸਣਯੋਗ ਹੈ ਕਿ ਹਿਊਸਟਨ ਦੇ ਵਾਸੀ ਬਲਬੀਰ ਸਿੰਘ ਨੇ ਦੇਸ਼ ਛੱਡ ਕੇ ਜਾਣ ਦੀ ਬਜਾਏ ਅਪਣਾ ਨਾਂ, ਜਨਮ ਤਰੀਖ ਅਤੇ ਅਮਰੀਕਾ ਵਿਚ ਐਂਟਰੀ ਕਰਨ ਦਾ ਤਰੀਕਾ ਅਤੇ ਅਪਣੇ ਪਰਵਾਰ ਦਾ ਪਿਛੋਕੜ ਬਦਲ ਕੇ ਫਰਜ਼ੀ ਪਛਾਣ ਪੱਤਰ ਬਣਵਾਏ ਤਾਂ ਕਿ ਉਹ ਕਾਨੂੰਨੀ ਪ੍ਰਵਾਸੀ ਦਾ ਦਰਜਾ ਪ੍ਰਾਪਤ ਕਰ ਸਕੇ ਅਤੇ ਬਾਅਦ ਵਿਚ ਕਿਸੇ ਅਮਰੀਕੀ ਨਾਗਰਿਕ ਨਾਲ ਵਿਆਹ ਕਰਨ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰ ਸਕੇ।
ਨਾਗਰਿਕਤਾ ਹਾਸਲ ਕਰਨ ਦੀ ਪ੍ਰਕਿਰਿਆ ਵਿਚ ਉਸ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਸ ਨੂੰ ਦੇਸ਼ ਨਿਕਾਲਾ ਦਾ ਕਦੇ ਹੁਕਮ ਦਿਤਾ ਗਿਆ ਸੀ, ਉਸ ਨੇ ਕਦੇ ਸ਼ਰਣ ਮੰਗੀ ਸੀ ਜਾਂ ਉਸ ਨੇ ਵਖਰੀ ਪਛਾਣ ਦੀ ਵਰਤੋਂ ਕੀਤੀ। ਬਲਬੀਰ ਸਿੰਘ ਨੇ ਅਮਰੀਕਾ ਵਿਚ ਨਾਗਰਿਕਤਾ ਹਾਸਲ ਕਰਨ ਲਈ ਅਮਰੀਕਾ ਨੂੰ ਹੀ ਚੱਕਰਾਂ ਵਿਚ ਪਾਈ ਰੱਖਿਆ।
ਨਿਆਂ ਵਿਭਾਗ ਨੇ ਕਿਹਾ ਕਿ ਬਲਬੀਰ ਸਿੰਘ ਨੇ ਗ੍ਰਹਿ ਸੁਰੱਖਿਆ ਵਿਭਾਗ ਨੂੰ ਸਾਲ 2013 ਵਿਚ ਇਕ ਚਿੱਠੀ ਭੇਜ ਕੇ ਸ਼ਿਕਾਇਤ ਕੀਤੀ ਸੀ ਕਿ ਉਹ ਜਦੋਂ ਵੀ ਕਿਸੇ ਕੌਮਾਂਤਰੀ ਯਾਤਰਾ ਤੋਂ ਆਉਂਦਾ ਹੈ ਤਾਂ ਉਸ ਦੀ ਬਾਇਉਮੈਟ੍ਰਿਕ ਸੂਚਨਾ ਵਿਚ ਗੜਬੜੀ ਹੋਣ ਕਾਰਨ ਹਵਾਈ ਅੱਡੇ 'ਤੇ ਹਰ ਵਾਰ ਉਸ ਨੂੰ ਲੰਮੇ ਸਮੇਂ ਉਡੀਕ ਕਰਨੀ ਪੈਂਦੀ ਹੈ, ਜਿਸ ਕਾਰਨ ਉਸ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਸ ਨੇ ਵਿਭਾਗ ਤੋਂ ਇਨ੍ਹਾਂ ਗੜਬੜੀਆਂ ਨੂੰ ਦੂਰ ਕਰਨ ਦੀ ਬੇਨਤੀ ਕੀਤੀ ਸੀ। ਅਮਰੀਕਾ ਦੇ ਜ਼ਿਲ੍ਹਾ ਜੱਜ ਈਵਿੰਗ ਵਲੀਨ ਨੇ ਸਜ਼ਾ ਸੁਣਾਉਣ ਲਈ 13 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ। (ਪੀਟੀਆਈ)