
ਸ੍ਰੀ ਲੰਕਾ ਵਿਚ ਬੋਧੀ ਭਾਈਚਾਰੇ ਦੇ ਭਿਖਸ਼ੂਆਂ ਦੇ ਮਰਨ ਵਰਤ ਅਤੇ ਇਲਾਕੇ ਦੇ ਤਣਾਅ ਭਰੇ ਮਾਹੌਲ ਨੂੰ ਦੇਖਦੇ ਹੋਏ ਸੋਮਵਾਰ ਨੂੰ ਦੋ ਮੁਸਲਮਾਨ ਗਵਰਨਰਾਂ ਨੇ ਅਸਤੀਫ਼ਾ ਦੇ ਦਿੱਤਾ।
ਸ੍ਰੀ ਲੰਕਾ: ਸ੍ਰੀ ਲੰਕਾ ਵਿਚ ਬੋਧੀ ਭਾਈਚਾਰੇ ਦੇ ਭਿਖਸ਼ੂਆਂ ਦੇ ਮਰਨ ਵਰਤ ਅਤੇ ਇਲਾਕੇ ਦੇ ਤਣਾਅ ਭਰੇ ਮਾਹੌਲ ਨੂੰ ਦੇਖਦੇ ਹੋਏ ਸੋਮਵਾਰ ਨੂੰ ਦੋ ਮੁਸਲਮਾਨ ਗਵਰਨਰਾਂ ਨੇ ਅਸਤੀਫ਼ਾ ਦੇ ਦਿੱਤਾ। ਇਸ ਤੋਂ ਕੁਝ ਦੇਰ ਬਾਅਦ ਹੀ ਸਾਰੇ ਮੁਸਲਮਾਨ ਮੰਤਰੀਆਂ ਨੇ ਵੀ ਅਸਤੀਫ਼ੇ ਦੇ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਸੂਬੇ ਦੇ ਗਵਰਨਰ ਅਜਥ ਸੱਲੀ ਅਤੇ ਪੁਰਬੀ ਸੂਬੇ ਦੇ ਗਵਰਨਰ ਐਮਏਐਲਐਮ ਹਿਸਬੁੱਲਾ ਨੇ ਅਪਣੇ ਅਸਤੀਫ਼ੇ ਰਾਸ਼ਟਰਪਤੀ ਮੈਤ੍ਰੀਪਾਲਾ ਸਿਰਿਸੈਨਾ ਨੂੰ ਸੌਂਪ ਦਿੱਤੇ। ਰਾਸ਼ਟਰਪਤੀ ਮੈਂਤ੍ਰੀਪਾਲਾ ਸਿਰਿਸੈਨਾ ਨੇ ਗਵਰਨਰਾਂ ਦਾ ਅਸਤੀਫ਼ਾ ਸਵਿਕਾਰ ਕਰ ਲਿਆ ਹੈ।
Sri lanka Protest
ਇਸ ਤੋਂ ਕੁੱਝ ਹੀ ਦੇਰ ਬਾਅਦ ਅਤਿਵਾਦੀਆਂ ਦੇ ਸਮਰਥਨ ਕਰਨ ਦੇ ਇਲਜ਼ਾਮਾਂ ਦਾ ਵਿਰੋਧ ਕਰਦੇ ਹੋਏ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਿਲ ਸਾਰੇ ਅੱਠ ਮੁਸਲਮਾਨ ਮੰਤਰੀਆਂ, ਉਪ ਮੰਤਰੀਆਂ ਅਤੇ ਸੂਬਾ ਮੰਤਰੀਆਂ ਨੇ ਇਕਜੁੱਟ ਹੋ ਕੇ ਅਸਤੀਫ਼ਾ ਦੇ ਦਿੱਤਾ। ਇਹਨਾਂ ਵਿਚ ਸ਼ਾਮਿਲ ਤਿੰਨ ਮੰਤਰੀਆਂ ਅਤੇ ਪੰਜ ਜੂਨੀਅਰ ਮੰਤਰੀਆਂ ਨੇ ਵੀ ਅਪਣੇ ਵਿਭਾਗਾਂ ਤੋਂ ਅਸਤੀਫ਼ਾ ਦਿੱਤਾ। ਹਾਲਾਂਕਿ ਉਹ ਅਪਣੀ ਪਾਰਟੀ ਤੋਂ ਅਲੱਗ ਨਹੀਂ ਹੋਏ। ਇਸ ਨਾਲ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਸੰਸਦੀ ਗਠਜੋੜ ‘ਤੇ ਕੋਈ ਖਤਰਾ ਨਹੀਂ ਹੈ।
Sri lanka Protest
ਗਵਰਨਰ ਹਿਜ਼ਬੁਲਾਹ ਨੇ ਕਿਹਾ ਕਿ ਉਹਨਾਂ ਨੇ ਪੁਰਬੀ ਸੂਬੇ ਦੇ ਗਵਰਨਰ ਦੇ ਰੂਪ ਵਿਚ ਇਮਾਨਦਾਰੀ ਅਤੇ ਸੱਚਾਈ ਨਾਲ ਦੇਸ਼ ਵਿਚ ਰਹਿਣ ਵਾਲੇ ਹਰੇਕ ਭਾਈਚਾਰੇ ਦੇ ਹਿੱਤਾਂ ਲਈ ਕੰਮ ਕੀਤਾ। ਇਸ ਦੇ ਬਾਵਜੂਦ ਕੁਝ ਨਸਲਵਾਦੀ ਤਾਕਤਾਂ ਨੇ ਉਹਨਾਂ ਦੇ ਭਾਈਚਾਰੇ ਨੂੰ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਦੇ ਤਹਿਤ ਬਿਨਾਂ ਕਿਸੇ ਕਾਰਨ ਉਹਨਾਂ ਤੋਂ ਅਸਤੀਫ਼ਾ ਮੰਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਅਸਤੀਫ਼ਾ ਸਰਕਾਰ ਨੂੰ ਮੁਸਲਮਾਨ ਭਾਈਚਾਰੇ ਦੀ ਰੱਖਿਆ ਲਈ ਮਜ਼ਬੂਤੀ ਦੇਵੇਗਾ।
Sri Lanka attacks
ਉਥੇ ਹੀ ਸਮੂਹਿਕ ਅਸਤੀਫ਼ੇ ਤੋਂ ਬਾਅਦ ਮੁਸਲਮਾਨ ਮੰਤਰੀਆਂ ਨੇ ਕਿਹਾ ਕਿ ਅਹੁਦਾ ਛੱਡਣ ਤੋਂ ਬਾਅਦ ਵੀ ਸਾਰੇ ਸਾਂਸਦ ਸਰਕਾਰ ਨਾਲ ਰਹਿ ਕੇ ਕੰਮ ਕਰਨਗੇ। ਜ਼ਿਕਰਯੋਗ ਹੈ ਕਿ 21 ਅਪ੍ਰੈਲ ਨੂੰ ਹੋਏ ਈਸਟਰ ਹਮਲਿਆਂ ਤੋਂ ਬਾਅਦ ਸ੍ਰੀ ਲੰਕਾ ਵਿਚ ਕੁਝ ਮੁਸਲਮਾਨ ਸੰਗਠਨਾਂ ‘ਤੇ ਉਂਗਲੀਆਂ ਉੱਠੀਆਂ ਸਨ। ਪਵਿੱਤਰ ਸ਼ਹਿਰ ਕੈਂਡੀ ਵਿਚ ਚਾਰ ਦਿਨ ਪਹਿਲਾਂ ਬੋਧੀ ਭਿਖਸ਼ੂ ਰਤਨਾ ਥਿਰੋ ਗਵਰਨਰਾਂ ਦੀ ਬਰਖ਼ਾਸਤੀ ਦੀ ਮੰਗ ਨੂੰ ਲੈ ਕੇ ਮਰਨ ਵਰਤ ‘ਤੇ ਬੈਠ ਗਏ ਸਨ। ਬੋਧੀ ਭਿਖਸ਼ੂ ਰਤਨਾ ਥਿਰੋ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਪਾਰਟੀ ਯੂਐਨਪੀ ਦੇ ਸਾਂਸਦ ਹਨ।