
ਸ੍ਰੀਲੰਕਾ ਨੇ ਨੇਗੋਂਬੋ ਤੇ ਕਰਫ਼ਿਊ ਹਟਾਇਆ
ਕੋਲੰਬੋ : ਸ੍ਰੀਲੰਕਾ ਵਿਚ ਦੋ ਹਫ਼ਤੇ ਪਹਿਲਾਂ ਈਸਟਰ ਦੇ ਦਿਨ ਹੋਏ ਅਤਿਵਾਦੀ ਹਮਲਿਆਂ ਦੇ ਬਾਅਦ ਤੋਂ ਬੰਦ ਸਕੂਲ ਅੱਜ ਸਖ਼ਤ ਸੁਰੱਖਿਆ ਹੇਠ ਮੁੜ ਖੋਲ੍ਹ ਦਿਤੇ ਗਏ। ਇਕ ਨਿਊਜ਼ ਚੈਲਨ ਨੇ ਦਸਿਆ ਕਿ ਭਾਰੀ ਸੁਰੱਖਿਆ ਹੇਠ ਛੇਵੀਂ ਤੋਂ 13ਵੀਂ ਤਕ ਦੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਹੋਈ। ਪਹਿਲੀ ਤੋਂ ਪੰਜਵੀਂ ਤਕ ਕਲਾਸਾਂ ਦੀ ਪੜ੍ਹਾਈ 13 ਮਈ ਤੋਂ ਸ਼ੁਰੂ ਹੋਵੇਗੀ। ਸ੍ਰੀਲੰਕਾ ਦੇ ਅਧਿਕਾਰੀਆਂ ਨੇ ਪਛਮੀ ਸ਼ਹਿਰ ਨੇਗੋਂਬੋ ਵਿਚ ਰਾਤ ਭਰ ਲਈ ਲੱਗੇ ਕਰਫ਼ਿਊ ਨੂੰ ਹਟਾ ਦਿਤਾ ਹੈ।
Schools re-open in Sri Lanka amid tight security
ਸ੍ਰੀਲੰਕਾ ਵਿਚ ਈਸਟਰ ਮੌਕੇ ਹੋਏ ਅਤਿਵਾਦੀ ਹਮਲਿਆਂ ਤੋਂ ਕੁੱਝ ਦਿਨਾਂ ਬਾਅਦ ਨੇਗੋਂਬੋ ਵਿਚ ਕੁੱਝ ਲੋਕਾਂ ਵਿਚਾਲੇ ਹਿੰਸਾ ਹੋ ਗਈ ਸੀ। ਦੇਸ਼ ਵਿਚ ਈਸਟਰ ਮੌਕੇ ਹੋਏ ਧਮਾਕਿਆਂ ਵਿਚ 250 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਸ਼ਹਿਰ ਦੇ ਪੋਰਾਥੋਟਾ ਖੇਤਰ ਵਿਚ ਇਕ ਵਾਹਨ 'ਤੇ ਜਾ ਰਹੇ ਕੁੱਝ ਲੋਕਾਂ 'ਤੇ ਸ਼ਰਾਰਤੀ ਲੋਕਾਂ ਦੇ ਇਕ ਸਮੂਹ ਨੇ ਤਲਵਾਰਾਂ ਨਾਲ ਹਮਲਾ ਕਰ ਦਿਤਾ ਸੀ ਜਿਸ ਤੋਂ ਬਾਅਦ ਐਤਵਾਰ ਨੂੰ ਇਥੇ ਕਰਫ਼ਿਊ ਲਗਾ ਦਿਤਾ ਗਿਆ ਸੀ। ਸ਼ਰਾਰਤੀ ਲੋਕਾਂ ਨੇ ਬਾਅਦ ਵਿਚ ਵਾਹਨ ਨੂੰ ਅੱਗ ਵੀ ਲਗਾ ਦਿਤੀ ਸੀ ਅਤੇ ਸਥਿਤੀ ਨੂੰ ਕਾਬੂ ਕਰਨ ਲਈ ਫ਼ੌਜ ਨੂੰ ਵੀ ਦਖ਼ਲ ਦੇਣਾ ਪਿਆ ਸੀ।
Sri lanka Blast
ਪੁਲਿਸ ਅਧਿਕਾਰੀ ਨੇ ਦਸਿਆ ਕਿ ਨੇਗੋਂਬੋ ਵਿਚ ਹੁਣ ਸ਼ਾਂਤੀ ਹੋ ਗਈ ਹੈ ਜਿਸ ਕਾਰਨ ਅੱਜ ਸਵੇਰੇ ਕਰਫ਼ਿਊ ਨੂੰ ਹਟਾ ਦਿਤਾ ਗਿਆ। ਇਸ ਦੌਰਾਨ ਸ੍ਰੀਲੰਕਾ ਵਿਚ ਜਨਤਾ ਲਈ ਤੇਜ਼ਧਾਰ ਹਥਿਆਰ ਜਿਵੇਂ ਤਲਵਾਰ, ਕਟਾਰ, ਫ਼ੌਜ ਦੀ ਵਰਦੀ ਨਾਲ ਮਿਲਦੇ-ਜੁਲਦੇ ਕਪੜੇ ਜਮ੍ਹਾਂ ਕਰਾਉਣ ਲਈ ਸਮਾਂ ਹੱਦ ਅੱਜ ਸੋਮਵਾਰ ਨੂੰ 48 ਘੰਟੇ ਲਈ ਵਧਾ ਦਿਤੀ ਗਈ।
Sri lanka Blast
ਸਨਿਚਰਵਾਰ ਨੂੰ ਸ੍ਰੀਲੰਕਾ ਦੀ ਪੁਲਿਸ ਨੇ ਮਸਜਿਦਾਂ ਅਤੇ ਘਰਾਂ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿਚ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਾਮਗਰੀ ਮਿਲਣ ਤੋਂ ਬਾਅਦ ਲੋਕਾਂ ਨੂੰ ਤੇਜ਼ਧਾਰ ਹਥਿਆਰ ਨੇੜਲੇ ਪੁਲਿਸ ਥਾਣਿਆਂ ਵਿਚ ਜਮ੍ਹਾਂ ਕਰਾਉਣ ਲਈ ਕਿਹਾ ਸੀ। ਪੁਲਿਸ ਅਨੁਸਾਰ 21 ਅਪ੍ਰੈਲ ਨੂੰ ਧਮਾਕਿਆਂ ਤੋਂ ਬਾਅਦ ਸ਼ੱਕੀ ਅਤੇ ਉਨ੍ਹਾਂ ਦੇ ਨੈਟਵਰਕ ਵਿਰੁਧ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਨੇਤਾਵਾਂ ਸਮੇਤ ਕਈ ਵਿਅਕਤੀਆਂ ਨੂੰ ਤਲਵਾਰ ਵਰਗੇ ਤੇਜ਼ਧਾਰ ਹਥਿਆਰ ਰੱਖਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।