
ਉਤਰ ਪੱਛਮੀ ਸੂਬੇ ਦੇ ਪੁਟਲਮ ਜ਼ਿਲ੍ਹੇ ਵਿਚ ਲੱਕੜੀ ਦੇ ਕਾਰਖਾਨੇ ਵਿਚ ਇਕ 45 ਸਾਲਾਂ ਦੇ ਵਿਅਕਤੀ ‘ਤੇ ਭੀੜ ਨੇ ਹਮਲਾ ਕਰ ਦਿੱਤਾ ਸੀ।
ਕੋਲੰਬੋ: ਸ੍ਰੀ ਲੰਕਾ ਵਿਚ ਈਸਟਰ ਮੌਕੇ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਭੜਕੀ ਫਿਰਕੂ ਹਿੰਸਾ ਵਿਚ ਕਥਿਤ ਤੌਰ ‘ਤੇ ਬਹੁਗਿਣਤੀ ਭਾਈਚਾਰੇ ਦੇ ਲੋਕਾਂ ਨੇ ਉਤਰ ਪੱਛਮੀ ਸੂਬੇ ਵਿਚ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਿਸ ਵਿਚ ਇਕ ਮੁਸਲਿਮ ਵਿਅਕਤੀ ਦੀ ਮੌਤ ਹੋ ਗਈ। ਇਹ ਜਾਣਕਾਰੀ ਕੈਬਨਿਟ ਮੰਤਰੀ ਅਤੇ ਸ੍ਰੀ ਲੰਕਾ ਮੁਸਲਿਮ ਕਾਂਗਰਸ ਦੇ ਨੇਤਾ ਰੌਫ ਹਕੀਮ ਨੇ ਮੰਗਲਵਾਰ ਨੂੰ ਦਿੱਤੀ। ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਰਾਤ ਭਰ ਲੱਗੇ ਕਰਫਿਊ ਵਿਚ ਉਤਰ ਪੱਛਮੀ ਸੂਬੇ ਨੂੰ ਛੱਡ ਕੇ ਦੇਸ਼ ਭਰ ਵਿਚ ਮੰਗਲਵਾਰ ਨੂੰ ਢਿੱਲ ਦੇ ਦਿੱਤੀ।
Sri lanka curfew
ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਉਤਰ ਪੱਛਮੀ ਸੂਬੇ ਦੇ ਪੁਟਲਮ ਜ਼ਿਲ੍ਹੇ ਵਿਚ ਲੱਕੜੀ ਦੇ ਕਾਰਖਾਨੇ ਵਿਚ ਇਕ 45 ਸਾਲਾਂ ਦੇ ਵਿਅਕਤੀ ‘ਤੇ ਭੀੜ ਨੇ ਹਮਲਾ ਕਰ ਦਿੱਤਾ ਸੀ ਅਤੇ ਉਸ ਵਿਅਕਤੀ ਦੀ ਮੌਤ ਹੋ ਗਈ ਸੀ। ਸ੍ਰੀਲੰਕਾ ਪੁਲਿਸ ਨੇ ਮੁਸਲਿਮ ਵਿਰੋਧੀ ਹਿੰਸਾ ਭੜਕਾਉਣ ‘ਤੇ ਸੋਮਵਾਰ ਨੂੰ ਦੇਸ਼ ਵਿਚ ਕਰਫਿਊ ਲਗਾ ਦਿੱਤਾ ਸੀ। ਭੀੜ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਅਤੇ ਲੋਕਾਂ ਨੇ ਮਕਾਨਾਂ ਅਤੇ ਮਸਜਿਦਾਂ ਵਿਚ ਤੋੜ ਭੰਨ ਵੀ ਕੀਤੀ।
Sri lanka curfew
ਇਸ ਤੋਂ ਪਹਿਲਾਂ ਦਿਨ ਵਿਚ ਪ੍ਰਸ਼ਾਸਨ ਨੇ ਫਿਰਕੂ ਹਿੰਸਾ ਤੋਂ ਬਾਅਦ ਉਤਰ ਪੱਛਮੀ ਖੇਤਰ ਦੇ ਚਾਰ ਸ਼ਹਿਰਾਂ ਵਿਚ ਕਰਫਿਊ ਹਟਾਉਣ ਤੋਂ ਕੁਝ ਘੰਟਿਆਂ ਬਾਅਦ ਫਿਰ 12 ਮਈ ਨੂੰ ਸਵੇਰੇ ਚਾਰ ਵਜੇ ਤੱਕ ਲਗਾ ਦਿੱਤਾ। ਪ੍ਰਧਾਨ ਮੰਤਰੀ ਰਾਨਿਲ ਨੇ ਵੀ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਸ੍ਰੀਲੰਕਾ ਵਿਚ ਵਧ ਰਹੀ ਫਿਰਕੂ ਹਿੰਸਾ ਨੂੰ ਲੈ ਕੇ ਚਿੰਤਾ ਜਤਾਈ ਹੈ।
bomb blast in Sri Lanka
ਦੱਸ ਦਈਏ ਕਿ ਸ੍ਰੀਲੰਕਾ ਵਿਚ ਬੀਤੀ 21 ਅਪ੍ਰੈਲ ਨੂੰ ਈਸਟਰ ਮੌਕੇ ‘ਤੇ ਤਿੰਨ ਗਿਰਜਾਘਰਾਂ ਅਤੇ ਤਿੰਨ ਹੋਟਲਾਂ ਸਮੇਤ ਕੁਲ ਅੱਠ ਬੰਬ ਧਮਾਕਿਆਂ ਵਿਚ ਕਰੀਬ 300 ਲੋਕਾਂ ਦੀ ਮੌਤ ਹੋ ਗਈ ਸੀ ਅਤੇ 500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸੀ। ਇਹਨਾਂ ਹਮਲਿਆਂ ਤੋਂ ਬਾਅਦ ਦੇਸ਼ ਵਿਚ ਹਿੰਸਾ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ।