
ਕਨਿਸ਼ਕ ਏਅਰ ਇੰਡੀਆ ਦੇ ਅਤਿਵਾਦੀ ਹਮਲੇ ਦੀ ਜਾਂਚ ਟੀਮ ਦਾ ਹਿੱਸਾ ਸਨ ਸੇਵਾਮੁਕਤ ਕੈਨੇਡੀਅਨ ਸਿੱਖ ਪੁਲੀਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ
ਟੋਰਾਂਟੋ : ਕਨਿਸ਼ਕ ਏਅਰ ਇੰਡੀਆ ਦੇ ਅਤਿਵਾਦੀ ਹਮਲੇ ਦੀ ਜਾਂਚ ਟੀਮ ਦਾ ਹਿੱਸਾ ਰਹੇ ਸੇਵਾਮੁਕਤ ਕੈਨੇਡੀਅਨ ਸਿੱਖ ਪੁਲੀਸ ਅਧਿਕਾਰੀ ਬਲਤੇਜ ਸਿੰਘ ਢਿੱਲੋਂ ਨੂੰ ਉਸ ਏਜੰਸੀ ਦਾ ਪਹਿਲਾ ਦਖਣੀ ਏਸ਼ੀਆਈ ਮੁਖੀ ਨਿਯੁਕਤ ਕੀਤਾ ਗਿਆ ਹੈ ਜੋ ਬਿ੍ਰਟਿਸ਼ ਕੋਲੰਬੀਆ ਵਿਚ ਸੁਰੱਖਿਅਤ ਅਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਉਤਸ਼ਾਹਿਤ ਕਰਦੀ ਹੈ। ਢਿੱਲੋਂ ਵਰਦੀ ਦੇ ਹਿੱਸੇ ਵਜੋਂ ਪੱਗ ਪਹਿਨਣ ਵਾਲੇ ਦੇਸ਼ ਦੇ ਪਹਿਲੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਅਧਿਕਾਰੀ ਹਨ।
ਬਿ੍ਰਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਤਿੰਨ ਸਾਲਾਂ ਦੇ ਕਾਰਜਕਾਲ ਲਈ ਵਰਕਸੇਫ ਬੀ ਸੀ ਬੋਰਡ ਦੇ ਬੋਰਡ ਆਫ ਡਾਇਰੈਕਟਰਜ਼ ਦੀ ਚੇਅਰ ਨਿਯੁਕਤ ਕੀਤਾ ਗਿਆ ਹੈ, ਜੋ 30 ਜੂਨ ਤੋਂ ਪ੍ਰਭਾਵੀ ਹੋਵੇਗਾ। ਵਰਕਸੇਫਬੀਸੀ ਇਕ ਸੂਬਾਈ ਏਜੰਸੀ ਹੈ ਜੋ ਪੂਰੇ ਬਿ੍ਰਟਿਸ਼ ਕੋਲੰਬੀਆ ਵਿਚ ਸੁਰੱਖਿਅਤ ਅਤੇ ਸਿਹਤਮੰਦ ਕਾਰਜ ਸਥਾਨਾਂ ਨੂੰ ਉਤਸ਼ਾਹਿਤ ਕਰਦੀ ਹੈ। ਬਿ੍ਰਟਿਸ਼ ਕੋਲੰਬੀਆ ਕੈਨੇਡਾ ਦਾ ਇਕ ਸੂਬਾ ਹੈ। ਢਿਲੋਂ 2017 ਤੋਂ ਇਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਹਨ।
ਇਕ ਅਧਿਕਾਰਤ ਰੀਲੀਜ਼ ਵਿਚ ਕਿਹਾ ਗਿਆ ਹੈ ਕਿ ਭਾਈਚਾਰਕ ਸੇਵਾ ਲਈ ਮਹਾਰਾਣੀ ਐਲਿਜਾਬੈਥ ਗੋਲਡਨ ਅਤੇ ਡਾਇਮੰਡ ਜੁਬਲੀ ਮੈਡਲ ਨਾਲ ਸਨਮਾਨਤ ਕੀਤੇ ਗਏ ਸੇਵਾਮੁਕਤ ਅਧਿਕਾਰੀ ਨੇ, “ਵਰਦੀ ਦੇ ਹਿੱਸੇ ਵਜੋਂ ਦਸਤਾਰ ਪਹਿਨਣ ਵਾਲੇ ਪਹਿਲੇ ਆਰਸੀਐਮੀ ਵਜੋਂ ਇਤਿਹਾਸ ਰਚਿਆ’’। ਉਹ 1985 ਦੇ ਕਨਿਸ਼ਕ ਏਅਰ ਇੰਡੀਆ ਬੰਬ ਹਮਲੇ ਦੀ ਜਾਂਚ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਸਨ। ਜ਼ਿਕਰਯੋਗ ਹੈ ਕਿ 23 ਜੂਨ 1985 ਨੂੰ ਟੋਰਾਂਟੋ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫ਼ਲਾਈਟ ਵਿਚ ਬੰਬ ਧਮਾਕਾ ਹੋਇਆ ਸੀ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ।