
ਇਰਾਕ ਵਿਚ ਰਾਸ਼ਟਰਵਾਦੀ ਸ਼ੀਆ ਮੌਲਵੀ ਮੁਕਤਦਾ ਸਦਰ ਅਤੇ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਸਮੇਤ 16 ਸਿਆਸੀ ਪਾਰਟੀਆਂ...........
ਬਗਦਾਦ : ਇਰਾਕ ਵਿਚ ਰਾਸ਼ਟਰਵਾਦੀ ਸ਼ੀਆ ਮੌਲਵੀ ਮੁਕਤਦਾ ਸਦਰ ਅਤੇ ਬਾਹਰ ਜਾਣ ਵਾਲੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਸਮੇਤ 16 ਸਿਆਸੀ ਪਾਰਟੀਆਂ ਨੇ ਸੰਸਦ ਵਿਚ ਨਵੀਂ ਸਰਕਾਰ ਬਣਾਉਣ ਲਈ ਗਠਜੋੜ ਕਰਨ 'ਤੇ ਸਹਿਮਤੀ ਬਣਾਈ। ਅਬਾਦੀ ਦੇ ਕਰੀਬੀ ਸਾਥੀ ਨੇ ਦਸਿਆ ਕਿ ਗਠਜੋੜ ਵਿਚ 177 ਸੰਸਦ ਮੈਂਬਰ ਸ਼ਾਮਲ ਹਨ, ਜੋ ਚੋਣਾਂ ਵਿਚ ਚੁਣੇ ਗਏ 329 ਸੰਸਦ ਮੈਂਬਰਾਂ ਦੀ ਅੱਧੀ ਗਿਣਤੀ ਤੋਂ ਜ਼ਿਆਦਾ ਹਨ। ਹੁਣ ਰਾਸ਼ਟਰਪਤੀ ਸਭ ਤੋਂ ਵੱਡੇ ਗਠਜੋੜ ਨੂੰ ਸਰਕਾਰ ਬਣਾਉਣ ਦੀ ਮਨਜ਼ੂਰੀ ਦੇਣਗੇ।
ਇਰਾਕ ਦੀ ਸਿਆਸੀ ਪ੍ਰਣਾਲੀ ਇਸ ਤਰ੍ਹਾਂ ਬਣਾਈ ਗਈ ਹੈ ਕਿ ਸੱਦਾਮ ਹੁਸੈਨ ਦੇ ਜਾਣ ਮਗਰੋਂ ਤਾਨਾਸ਼ਾਹੀ ਦਾ ਦੌਰ ਨਾ ਆਏ ਅਤੇ ਕੋਈ ਵਿਅਕਤੀ ਜਾਂ ਪਾਰਟੀ ਹਾਵੀ ਨਾ ਹੋ ਸਕੇ। ਇਰਾਕੀ ਸੰਸਦ ਦੇ ਪਹਿਲੇ ਸੈਸ਼ਨ ਤੋਂ ਕੁਝ ਘੰਟੇ ਪਹਿਲਾਂ ਇਹ ਗਠਜੋੜ ਹੋਇਆ। ਦੇਸ਼ ਵਿਚ ਮਈ ਵਿਚ ਨਵੀਂ ਸੰਸਦ ਚੁਣੀ ਗਈ ਸੀ। ਸੋਮਵਾਰ ਨੂੰ ਨਵੀਂ ਸੰਸਦ ਦਾ ਪਹਿਲਾ ਸੈਸ਼ਨ ਹੋਵੇਗਾ ਜਿਸ ਦੌਰਾਨ ਉਸ ਨੂੰ ਇਕ ਪ੍ਰਧਾਨ ਦੀ ਚੋਣ ਕਰਨੀ ਹੋਵੇਗੀ।
ਰਵਾਇਤੀ ਤੌਰ 'ਤੇ ਇਰਾਕ ਦੇ ਸੁੰਨੀ ਮੁਸਲਿਮ ਭਾਈਚਾਰੇ ਦਾ ਮੈਂਬਰ ਪ੍ਰਧਾਨ ਬਣਦਾ ਹੈ ਅਤੇ ਨਾਲ ਹੀ ਦੋ ਉਪ ਪ੍ਰਧਾਨ ਚੁਣੇ ਜਾਂਦੇ ਹਨ। ਸੰਸਦ ਮੈਂਬਰਾਂ ਕੋਲ ਦੇਸ਼ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਲਈ 30 ਦਿਨ ਦਾ ਸਮਾਂ ਹੋਵੇਗਾ। ਇਸ ਮਗਰੋਂ ਨਵੇਂ ਰਾਸ਼ਟਰਪਤੀ ਕੋਲ ਸੰਸਦ ਦੇ ਸਭ ਤੋਂ ਵੱਡੇ ਗਠਜੋੜ ਨੂੰ ਨਵੀਂ ਸਰਕਾਰ ਬਣਾਉਣ ਲਈ 15 ਦਿਨ ਦਾ ਸਮਾਂ ਹੋਵੇਗਾ। (ਏਜੰਸੀ)