
ਲੱਖਾਂ ਦੇ ਕਰ ਨੂੰ ਲੁਕਾਉਣ ਲਈ ਅਪਣੇ ਪਿਤਾ ਦੀ ਕੀਤੀ ਸੀ ਮਦਦ........
ਵਾਸ਼ਿੰਗਟਨ : ਅਮਰੀਕਾ ਦੇ ਇਕ ਸਿਖਰਲੇ ਅਖ਼ਬਾਰ ਨੇ ਇਲਜ਼ਾਮ ਲਾਇਆ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਰੀ ਕਰਕੇ ਅਪਣੇ ਪਿਤਾ ਤੇ ਨਿਊਯਾਰਕ ਦੇ ਮੰਨੇ-ਪ੍ਰਮੰਨੇ ਬਿਲਡਰ ਫਰੈੱਡ ਸੀ. ਟਰੰਪ ਦੀ ਅਰਬਾਂ ਰੁਪਏ ਦੀ ਜਾਇਦਾਦ ਹਾਸਲ ਕੀਤੀ। 'ਨਿਊਯਾਰਕ ਟਾਈਮਜ਼' ਅਖ਼ਬਾਰ ਨੇ ਅਪਣੀ ਖ਼ਬਰ ਵਿਚ ਕਿਹਾ ਕਿ ਟਰੰਪ ਨੇ ਰਾਸ਼ਟਰਪਤੀ ਚੋਣਾਂ ਦੌਰਾਨ ਦਾਅਵਾ ਕੀਤਾ ਸੀ ਕਿ ਉਹ ਅਪਣੇ ਬਲਬੂਤੇ 'ਤੇ ਅਰਬਪਤੀ ਬਣੇ ਹਨ ਤੇ ਉਹ ਲੰਮਾ ਸਮਾਂ ਇਹ ਕਹਿੰਦੇ ਰਹੇ ਕਿ ਉਨ੍ਹਾਂ ਅਪਣੇ ਪਿਤਾ ਫਰੈੱਡ ਟਰੰਪ ਤੋਂ ਕੋਈ ਵਿੱਤੀ ਮਦਦ ਨਹੀਂ ਲਈ।
ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਗੁਪਤ ਟੈਕਸ ਰਿਟਰਨ ਦੇ ਬਹੁਤ ਸਾਰੇ ਦਸਤਾਵੇਜ਼ਾਂ ਤੇ ਵਿੱਤੀ ਰੀਕਾਰਡਾਂ ਦੇ ਆਧਾਰ 'ਤੇ ਉਨ੍ਹਾਂ ਦੀ ਜਾਂਚ ਵਿਚ ਪਾਇਆ ਗਿਆ ਹੈ ਕਿ ਟਰੰਪ ਨੂੰ ਅਪਣੇ ਪਿਤਾ ਦੇ ਰੀਅਲ ਅਸਟੇਟ ਦੇ ਸਾਮਰਾਜ ਤੋਂ ਅੱਜ ਦੇ ਹਿਸਾਬ ਨਾਲ ਘੱਟੋ-ਘੱਟ 41.3 ਕਰੋੜ ਡਾਲਰ ਮਿਲੇ ਸਨ। ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਇਸ ਵਿਚੋਂ ਜ਼ਿਆਦਾਤਰ ਪੈਸਾ ਟਰੰਪ ਨੂੰ ਇਸ ਲਈ ਮਿਲਿਆ ਕਿਉਂਕਿ ਉਨ੍ਹਾਂ ਟੈਕਸ ਅਦਾ ਕਰਨ ਤੋਂ ਬਚਣ ਵਿਚ ਮਦਦ ਕੀਤੀ ਸੀ।
ਖ਼ਬਰ ਮੁਤਾਬਕ ਉਨ੍ਹਾਂ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੇ ਅਪਣੇ ਪਿਤਾ ਵਲੋਂ ਤੋਹਫ਼ੇ ਵਿਚ ਮਿਲੀ ਅਰਬਾਂ ਰੁਪਏ ਦੀ ਜਾਇਦਾਦ ਨੂੰ ਲੁਕਾਉਣ ਲਈ ਕਈ ਫਰਜ਼ੀ ਕੰਪਨੀਆਂ ਬਣਾਈਆਂ। ਰੀਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਨੇ ਲੱਖਾਂ ਰੁਪਏ ਦੇ ਕਰ ਨੂੰ ਲੁਕਾਉਣ ਲਈ ਅਪਣੇ ਪਿਤਾ ਦੀ ਮਦਦ ਕੀਤੀ। ਉੱਧਰ, ਵ੍ਹਾਈਟ ਹਾਊਸ ਨੇ ਇਸ ਖ਼ਬਰ 'ਤੇ ਨਾਰਾਜ਼ਗੀ ਜਤਾਈ ਤੇ 'ਨਿਊਯਾਰਕ ਟਾਈਮਜ਼' ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।
ਵ੍ਹਾਈਟ ਹਾਊਸ ਦੀ ਤਰਜ਼ਮਾਨ ਸਾਰਾ ਸੈਂਡਰਸ ਨੇ ਕਿਹਾ ਕਿ ਫਰੈਡ ਟਰੰਪ ਨੂੰ ਗਿਆਂ ਤਕਰੀਬਨ 20 ਸਾਲ ਹੋ ਗਏ ਤੇ ਵਿਹਲੇ 'ਨਿਊਯਾਰਕ ਟਾਈਮਜ਼' ਨੇ ਟਰੰਪ ਪਰਿਵਾਰ ਖ਼ਿਲਾਫ ਅਜਿਹਾ ਭਰਮਾਉਣ ਵਾਲਾ ਹਮਲਾ ਕਰਨਾ ਦੁਖਦਾਈ ਹੈ। ਉਨ੍ਹਾਂ ਦਸਿਆ ਕਿ ਕਈ ਦਹਾਕੇ ਪਹਿਲਾਂ ਇੰਟਰਨੈੱਟ ਮਾਲੀਆ ਸੇਵਾ ਨੇ ਇਸ ਲੈਣ-ਦੇਣ ਦੀ ਸਮੀਖਿਆ ਕੀਤੀ ਸੀ ਤੇ ਇਸ 'ਤੇ ਦਸਤਖ਼ਤ ਵੀ ਕੀਤੇ ਸਨ। (ਏਜੰਸੀਆਂ)