
ਪਾਕਿ ਨੇਵੀ ਦੇ ਬੁਲਾਰੇ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਮੁੰਦਰੀ ਜ਼ੋਨ ਵਿਚ ਭਾਰਤੀ ਪਣਡੁੱਬੀ ਦੇ ਸ਼ਾਮਿਲ ਹੋਣ ਦਾ ਸੁਰਾਖ਼ ਮਿਲਿਆ ਹੈ
ਇਸਲਾਮਾਬਾਦ : ਪਾਕਿ ਨੇਵੀ ਦੇ ਬੁਲਾਰੇ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਸਮੁੰਦਰੀ ਜ਼ੋਨ ਵਿਚ ਭਾਰਤੀ ਪਣਡੁੱਬੀ ਦੇ ਸ਼ਾਮਿਲ ਹੋਣ ਦਾ ਸੁਰਾਖ਼ ਮਿਲਿਆ ਹੈ ਅਤੇ ਉਸ ਨੂੰ ਪਾਕਿਸਤਾਨੀ ਪਾਣੀ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਨੇ ਜਾਣਬੁੱਝ ਕੇ ਭਾਰਤੀ ਪਣਡੁੱਬੀ ਤੇ ਹਮਲਾ ਨਹੀਂ ਕੀਤਾ ਕਿਉਂਕਿ ਉਹ ਇਲਾਕੇ ਵਿਚ ਸ਼ਾਂਤੀ ਚਾਹੁੰਦਾ ਹੈ।
ਪਾਕਿਸਤਾਨ ਦੇ ਇਸ ਦਾਵੇ ਨੂੰ ਭਾਰਤੀ ਨੇਵੀ ਨੇ ਪ੍ਰਾਪੇਗੰਡਾ ਕਰਾਰ ਦਿੱਤਾ ਹੈ ਅਤੇ ਖਾਰਿਜ ਕਰ ਦਿੱਤਾ ਹੈ। ਭਾਰਤੀ ਨੇਵੀ ਦਾ ਕਹਿਣਾ ਹੈ ਕਿ “ ਸਾਡੀ ਤੈਨਾਤੀ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਹੁੰਦੀ ਹੈ, ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ ਝੂਠੀਆਂ ਖ਼ਬਰਾਂ ਫੈਲਾਉਣ ਵਿਚ ਲੱਗਿਆ ਹੈ। ਅਸੀਂ ਇਸ ਤਰ੍ਹਾਂ ਦੇ ਕਿਸੇ ਪ੍ਰਾਪੇਗੰਡਾ ਦੀ ਸਮਝ ਨਹੀਂ ਲੈਂਦੇ, ਸਾਡੀ ਸੈਨਾ ਦੀ ਤੈਨਾਤੀ ਬਣੀ ਰਹੇਗੀ”।
ਪਰ ਇਸ ਪੂਰੀ ਘਟਨਾ ਨੇ ਇਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਆਖ਼ਿਰ ਕਿਸੇ ਦੇਸ਼ ਦੀ ਸਮੁੰਦਰੀ ਸਰਹੱਦ ਕੀ ਹੁੰਦੀ ਹੈ, ਅਤੇ ਪਾਕਿਸਤਾਨ ਦੀ ਸਮੁੰਦਰੀ ਸਰਹੱਦ ਕੀ ਹੈ?
ਅੰਤਰਰਾਸ਼ਟਰੀ ਸਮੁੰਦਰੀ ਸਰਹੱਦ ਕੀ ਹੈ ?
ਇਸ ਬਾਰੇ ਪਾਕਿਸਤਾਨ ਨੇਵੀ ਦੇ ਸਾਬਕਾ ਐਡਮਿਰਲ ਈਫਤੇਖਾਰ ਰਾਓ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਕਿਸੇ ਵੀ ਦੇਸ਼ ਦੀਆਂ ਸਮੁੰਦਰੀ ਸੀਮਾਵਾਂ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡਿਆ ਜਾਂਦਾ ਹੈ। ਦੇਸ਼ ਦੇ ਸਮੁੰਦਰੀ ਤੱਟ ਪਰ ਇਕ ਬੇਸਲਾਈਨ ਬਣਾਈ ਜਾਂਦੀ ਹੈ। ਉਸ ਬੇਸਲਾਈਨ ਤੋਂ 12 ਨੌਟੀਕਲ ਮੀਲ ਸਮੁੰਦਰ ਤੱਕ ਦੇ ਪਾਣੀ ਨੂੰ ਟੈਰੀਟੋਰੀਅਲ ਵਾਟਰ ਕਿਹਾ ਜਾਂਦਾ ਹੈ। ਇਹ ਹੀ ਦੇਸ਼ ਦੀ ਰੱਖਿਆਤਮਕ ਸਮੁੰਦਰੀ ਹੱਦ ਹੁੰਦੀ ਹੈ।
ਇਹ ਬਿਲਕੁਲ ਜ਼ਮੀਨੀ ਸਰਹੱਦ ਦੀ ਤਰ੍ਹਾਂ ਹੀ ਹੁੰਦਾ ਹੈ ਫ਼ਰਕ ਕੇਵਲ ਪਾਣੀ ਦਾ ਹੁੰਦਾ ਹੈ, ਇਸ ਦੀ ਸਰਹੱਦ ਸਮੁੰਦਰੀ ਹੱਦ ਵਿਚ ਹੁੰਦੀ ਹੈ। 12 ਨੌਟੀਕਲ ਮੀਲ ਤੋਂ ਬਾਅਦ ਅਗਲੇ 12 ਨੌਟੀਕਲ ਮੀਲ ਨੂੰ ‘ਕਟਿੰਗੁਅਸ ਜ਼ੋਨ’ ਯਾਨੀ ‘ਨਾਲ ਲੱਗਦੇ ਇਲਾਕੇ’ ਦਾ ਪਾਣੀ ਕਿਹਾ ਜਾਂਦਾ ਹੈ, ਜੋ ਪਾਰੰਪਰਿਕ ਰੂਪ ਤੋਂ 24 ਨੌਟੀਕਲ ਮੀਲ ਬਣਦਾ ਹੈ।
ਇਸ ਵਿਚ ਕਿਸੇ ਦੇਸ਼ ਦੇ ਕਸਟਮ ਅਤੇ ਵਪਾਰ ਨਾਲ ਜੁੜੇ ਕਾਨੂੰਨ ਲਾਗੂ ਹੁੰਦੇ ਹਨ। ਸਾਬਕਾ ਐਡਮਿਰਲ ਈਫਤੇਖਾਰ ਮੁਤਾਬਿਕ ਇਕ ਤੀਜਾ ਜ਼ੋਨ ਵੀ ਹੁੰਦਾ ਹੈ ਜੋ ਵਿਸ਼ੇਸ਼ ਆਰਥਿਕ ਜ਼ੋਨ ਕਹਿਲਾਂਉਦਾ ਹੈ। ਇਸਦੀ ਹੱਦ ਉਸ ਦੇਸ਼ ਦੀ ਬੇਸਲਾਈਨ ਤੋਂ 200 ਨੌਟੀਕਲ ਮੀਲ ਅੱਗੇ ਤੱਕ ਹੁੰਦੀ ਹੈ।ਇਸ ਖੇਤਰ ਵਿਚ ਕੋਈ ਵੀ ਦੇਸ਼ ਸਿਰਫ਼ ਆਰਥਿਕ ਗਤੀਵਿਧੀਆਂ ਕਰ ਸਕਦਾ ਹੈ। ਜਿਵੇਂ ਕਿ ਤੇਲ ਦੀ ਖੋਜ ਜਾਂ ਮੱਛੀ ਫੜਨਾ ਆਦਿ।
ਇਸ ਤੋ ਵੀ ਅੱਗੇ ਫਿਰ ਐਕਸਟੈਂਸ਼ਨ ਆੱਫ ਕਾਂਟੀਨੈਂਟਲ ਸ਼ੈਲਫ (Extension of Continental Shelf) ਦੀ ਹੱਦ ਸ਼ੁਰੂ ਹੋ ਜਾਂਦੀ ਹੈ। ਇਸ ਵਿਚ ਵੀ ਸੰਯੁਕਤ ਰਾਸ਼ਟਰ ਦੇ ਤਹਿਤ ਉਸ ਦੇਸ਼ ਨੂੰ ਸਮੁੰਦਰ ਪਰ ਕੁਝ ਅਧਿਕਾਰ ਹਾਸਿਲ਼ ਹੁੰਦੇ ਹਨ।
ਪਾਕਿਸਤਾਨ ਦੇ ਸਮੁੰਦਰ ਦੀ ਹੱਦ ਕਿੱਥੇ ਤੱਕ ਹੈ?
Pakistan report
ਈਫਤੇਖਾਰ ਰਾਓ ਦੱਸਦੇ ਹਨ ਕਿ ਹੋਰ ਦੇਸ਼ਾਂ ਦੀ ਤਰ੍ਹਾਂ ਪਾਕਿਸਤਾਨ ਦੀਆਂ ਸਮੁੰਦਰੀ ਸੀਮਾਵਾਂ ਵੀ ਇਸੇ ਅਧਾਰ ‘ਤੇ ਤੈਅ ਕੀਤੀਆਂ ਗਈਆਂ ਹਨ, ਯਾਨੀ ਐਕਸਟੈਂਸ਼ਨ ਆੱਫ ਕਾਂਟੀਨੈਂਟਲ ਸ਼ੈਲਫ ਤੱਕ ਪਾਕਿਸਤਾਨ ਦੀਆਂ ਸਮੁੰਦਰੀ ਸੀਮਾਵਾਂ ਹਨ।ਪਾਕਿਸਤਾਨ ਨੇ ਐਕਸਟੈਂਸ਼ਨ ਆੱਫ ਕਾਂਟੀਨੈਂਟਲ ਸ਼ੈਲਫ ਲਈ ਸੰਯੁਕਤ ਰਾਸ਼ਟਰ ਵਿਚ ਪਟੀਸ਼ਨ ਦਰਜ ਕੀਤੀ ਸੀ ਜੋ ਮਨਜ਼ੂਰ ਹੋ ਗਈ ਹੈ।
ਅੰਤਰਰਾਸ਼ਟਰੀ ਸਾਂਝਾ ਪਾਣੀ ਜਾਂ ਸੀਮਾਵਾਂ ਕੀ ਹਨ ?
ਕਿਸੇ ਵੀ ਦੇਸ਼ ਦੇ ਟੈਰੀਟੋਰੀਅਲ ਵਾਟਰ ਯਾਨੀ ਸੁਰੱਖਿਆਤਮਕ ਸਮੁੰਦਰੀ ਸੀਮਾ ਅਤੇ ਕਟਿੰਗੁਅਸ ਜ਼ੋਨ ਵਿਚ ਕਿਸੇ ਹੋਰ ਦੇਸ਼ ਦੇ ਜੰਗੀ ਜਹਾਜ਼ਾਂ ਅਤੇ ਪਣਡੁੱਬੀਆਂ ਨੂੰ ਦਾਖ਼ਲ ਹੋਣ ਦੀ ਆਗਿਆ ਨਹੀਂ ਹੁੰਦੀ, ਹਾਲਾਂਕਿ ਹੋਰ ਦੇਸ਼ਾਂ ਦੇ ਮਾਲਵਾਹਕ ਜਹਾਜ਼ਾਂ ਨੂੰ ਇਸ ਪਾਣੀ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਐਡਮਿਰਲ ਰਾਓ ਦਾ ਕਹਿਣਾ ਹੈ ਕਿ ਸਮੁੰਦਰ ਤਾਂ ਬਹੁਤ ਵੱਡਾ ਹੈ ਇਸ ਲਈ ਵਿਸ਼ੇਸ਼ ਆਰਥਿਕ ਜ਼ੋਨ ਯਾਨੀ 200 ਨੌਟੀਕਲ ਮੀਲ ਤੋਂ ਅੱਗੇ ਦੇ ਸਮੁੰਦਰ ਨੂੰ ‘ਕੋਮਨ ਹੈਰੀਟੇਜ਼ ਆੱਫ ਮੈਨਕਾਈਂਡ’ ਯਾਨੀ ਮਾਨਵਤਾ ਦੀ ਸਾਂਝੀ ਵਿਰਾਸਤ ਕਿਹਾ ਜਾਂਦਾ ਹੈ। ਇਹ ਸਮੁੰਦਰ ਸਾਰੇ ਦੇਸ਼ਾਂ ਲਈ ਸਾਂਝਾ ਹੈ ਅਤੇ ਇਸ ਪਾਣੀ ਵਿਚ ਕਿਸੇ ਵੀ ਦੇਸ਼ ਦੇ ਕੋਈ ਵੀ ਜਹਾਜ਼ ਜਾ ਸਕਦੇ ਹਨ।
ਰਾਓ ਦਾ ਕਹਿਣਾ ਹੈ ਕਿ ਵਿਸ਼ੇਸ਼ ਆਰਥਿਕ ਜ਼ੋਨ ਇਕ ਅਜਿਹਾ ਇਲਾਕਾ ਹੈ ਜਿੱਥੇ ਕੋਈ ਦੂਜਾ ਦੇਸ਼ ਆਰਥਿਕ ਗਤੀਵਿਧੀਆਂ ਨਹੀਂ ਕਰ ਸਕਦਾ, ਇਸ ਪਾਣੀ ਵਿਚੋਂ ਦੂਜੇ ਦੇਸ਼ਾਂ ਦੇ ਮਾਲਵਾਹਕ ਅਤੇ ਜੰਗੀ ਜਹਾਜ਼ ਗੁਜ਼ਰ ਸਕਦੇ ਹਨ, ਪਰ ਇਥੇ ਕਿਸੇ ਵੀ ਪਣਡੁੱਬੀ ਨੂੰ ਪਾਣੀ ਦੇ ਹੇਠਿਓਂ ਲੰਘਣ ਦੀ ਇਜਾਜ਼ਤ ਨਹੀਂ ਹੁੰਦੀ, ਜੇਕਰ ਉਸ ਨੇ ਗੁਜ਼ਰਨਾ ਹੈ ਤਾਂ ਪਾਣੀ ਦੇ ਉੱਪਰ ਤੋ ਹੀ ਗੁਜ਼ਰਨਾ ਹੁੰਦਾ ਹੈ। ਇਸ ਨੂੰ ‘ਇਨਸਟੈਂਟ ਪੈਸੇਜ’ ਕਿਹਾ ਜਾਂਦਾ ਹੈ, ਇਹ ਵੀ ਸੰਯੁਕਤ ਰਾਸ਼ਟਰ ਕਾਨੂੰਨ ਦੇ ਮੁਤਾਬਿਕ ਹੀ ਹੈ।
ਸ਼ਾਂਤੀ ਜਾਂ ਤਨਾਅ : ਦੁਸ਼ਮਣ ਦੇ ਜੰਗੀ ਜਹਾਜ਼ ਰੋਕਣ ਦਾ ਤਰੀਕਾ ਕੀ ਹੈ ?
Submarine
ਐਡਮਿਰਲ ਰਾਓ ਕਹਿੰਦੇ ਹਨ ਕਿ ਜੇਕਰ ਅਸੀਂ ਭਾਰਤੀ ਪਣਡੁੱਬੀ ਦੇ ਪਾਕਿਸਤਾਨੀ ਪਾਣੀ ਵਿਚ ਜਾਣ ਦੀ ਕਥਿਤ ਘਟਨਾ ਦੀ ਗੱਲ ਕਰੀਏ ਤਾਂ ਇਹ ਪਣਡੁੱਬੀ ਪਾਕਿ ਦੀ ਸੁਰੱਖਿਆਤਮਕ ਸਰਹੱਦ ਵਿਚ ਨਹੀਂ ਸੀ। ਪਰ ਇਹ ਪਾਕਿਸਤਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਸੀ, ਜਿਵੇਂ ਕਿ ਅੱਜਕੱਲ੍ਹ ਤਨਾਅ ਦਾ ਮਾਹੌਲ ਹੈ ਤਾਂ ਪਾਕਿ ਜੇਕਰ ਉਸ ਪਣਡੁੱਬੀ ਦਾ ਪਤਾ ਲਗਾਉਣ ਤੋਂ ਬਾਅਦ ਉਸ ਨੂੰ ਨਿਸ਼ਾਨਾ ਬਣਾਉਂਦਾ ਤਾਂ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ ਕਿਉਂਕਿ ਕਿਸੇ ਪਣਡੁੱਬੀ ਦਾ ਸੁਰਾਖ਼ ਲਗਾਉਣਾ ਅਤੇ ਉਸ ‘ਤੇ ਨਜ਼ਰ ਰੱਖਣਾ ਬਹੁਤ ਹੀ ਮੁਸ਼ਕਿਲ ਕੰਮ ਹੈ।
ਇਸ ਬਾਰੇ ਪਾਕਿ ਨੇਵੀ ਦੇ ਸਾਬਕਾ ਐਡਮਿਰਲ ਅਹਿਮਦ ਤਸਨੀਮ ਦਾ ਕਹਿਣਾ ਹੈ ਕਿ ਇਸਦੀ ਪ੍ਰਕਿਰਿਆ ਘਰੇਲੂ ਹਾਲਾਤ ਅਤੇ ਸਰਕਾਰ ਦੀ ਨੀਤੀ ‘ਤੇ ਅਧਾਰਿਤ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਜੰਗੀ ਜਹਾਜ਼ ਅਤੇ ਪਣਡੁੱਬੀ ਵਿਚ ਫ਼ਰਕ ਹੈ ਕਿਉਂਕਿ ਜੰਗੀ ਜਹਾਜ਼ ਸਮੁੰਦਰ ਦੀ ਸਤਹ ‘ਤੇ ਦਿਖਾਈ ਦਿੰਦਾ ਹੈ ਅਤੇ ਸ਼ਾਂਤੀ ਦੇ ਦਿਨਾਂ ‘ਚ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਪਰ ਪਣਡੁੱਬੀ ਦਾ ਮਕਸਦ ਹੀ ਜਾਸੂਸੀ ਕਰਨਾ ਹੈ ਅਤੇ ਇਸ ਕਾਰਨ ਇਸਦੇ ਲਈ ਪ੍ਰਕਿਰਿਆ ਅਲੱਗ ਹੁੰਦੀ ਹੈ। ਕਦੀ ਉਸਦਾ ਪਿੱਛਾ ਕੀਤਾ ਜਾਂਦਾ ਹੈ ਕਦੀ ਉਸ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ।
ਉੱਥੇ ਹੀ ਐਡਮਿਰਲ ਰਾਓ ਕਹਿੰਦੇ ਹਨ ਕਿ ਪਾਕਿਸਤਾਨ ਨੇ ਨਾ ਸਿਰਫ਼ ਭਾਰਤ ਦੀ ਪਣਡੁੱਬੀ ਦਾ ਸੁਰਾਖ਼ ਲਗਾਇਆ ਬਲਕਿ ਉਸ ਪਰ ਨਜ਼ਰ ਵੀ ਰੱਖੀ ਅਤੇ ਉਸ ਨੂੰ ਸਤਹ ਤੇ ਆਉਣ ਲਈ ਮਜਬੂਰ ਕਰਕੇ ਇਹ ਸੰਦੇਸ਼ ਦੇ ਦਿੱਤਾ ਕਿ ਉਹ ਜੰਗੀ ਜਨੂੰਨ ਦੇ ਮਾਹੌਲ ਵਿਚ ਸ਼ਾਂਤੀ ਚਾਹੁੰਦਾ ਹੈ. ਉਹ ਕਹਿਦੇ ਹਨ ਕਿ ਇਸ ਲਈ ਪਾਕਿ ਨੇਵੀ ਨੇ ਭਾਰਤੀ ਪਣਡੁੱਬੀ ਨੂੰ ਵਾਪਿਸ ਭਾਰਤ ਦੇ ਪਾਣੀ ਵਿਚ ਧੱਕ ਦਿੱਤਾ।
ਪਾਕਿਸਤਾਨ ਨੇ ਆਪਣੀ ਸਮੁੰਦਰੀ ਸੀਮਾਂ ਵਿਚ ਭਾਰਤੀ ਪਣਡੁੱਬੀ ਦਾ ਸੁਰਾਖ਼ ਕਿੱਥੇ ਲਗਾਇਆ, ਇਸ ਬਾਰੇ ਪਾਕਿ ਨੇਵੀ ਦੇ ਬਿਆਨ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰ ਐਡਮਿਰਲ ਰਾਓ ਅਤੇ ਐਡਮਿਗਲ ਅਹਿਮਦ ਤਸਨੀਮ ਇਸ ਗੱਲ ਤੇ ਸਹਿਮਤ ਹਨ ਕਿ ਪਣਡੁੱਬੀ ਨੂੰ ਪਾਕਿਸਤਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਵਿਚ ਤਕਰੀਬਨ 100 ਨੌਟੀਕਲ ਮੀਲ ‘ਤੇ ਦੇਖਿਆ ਗਿਆ ਸੀ।
ਭਾਰਤੀ ਪਣਡੁੱਬੀ ਦੇ ਪਾਕਿ ਸਮੁੰਦਰੀ ਹੱਦ ਵਿਚ ਵੜਨ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਦੋਨਾਂ ਦੇਸ਼ਾਂ ਵਿਚ ਤਨਾਅ ਚੱਲ ਰਹੇ ਸੀ। ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਕੱਟੜਵਾਦੀ ਹਮਲੇ ਅਤੇ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਬਾਲਾਕੋਟ ਵਿਚ ਭਾਰਤੀ ਹਵਾਈ ਫੌਜ ਦੇ ਹਮਲੇ ਤੋਂ ਬਾਅਦ ਦੋਨਾਂ ਦੇਸ਼ਾਂ ਵਿਚ ਯੁੱਧ ਦੇ ਹਾਲਾਤ ਹੋ ਗਏ ਸੀ। ਬੀਤੇ ਦੋ-ਤਿੰਨ ਦਿਨਾਂ ਵਿਚ ਤਨਾਅ ਕੁਝ ਘੱਟ ਗਿਆ ਹੈ।