
ਲੂਈ ਸਿੰਘ ਖ਼ਾਲਸਾ ਦੀ ਪਾਸਿੰਗ ਪਰੇਡ 'ਚ ਵਖਰੀ ਪਹਿਚਾਣ
ਔਕਲੈਂਡ: ਨਿਊਜ਼ੀਲੈਂਡ ਫ਼ੌਜ ਇਸ ਵੇਲੇ 175ਵੇਂ ਸਾਲ ਵਿਚ ਹੈ। ਇਹ ਦੇਸ਼ ਭਾਵੇਂ ਧਰਤੀ ਦੇ ਨਾਲ ਧਰਤੀ ਜੋੜਨ ਵਾਲੀ ਸਰਹੱਦ ਨਹੀਂ ਰਖਦਾ ਪਰ ਸਮੁੰਦਰੀ ਸਰਹੱਦਾਂ ਦੀ ਰਾਖੀ ਬਾਖ਼ੂਬੀ ਕਰਦਾ ਹੈ। ਬੀਤੇ ਦਿਨ ਫ਼ੌਜ ਵਿਚ ਨਵੇਂ ਭਰਤੀ ਹੋਏ 63 ਮੁੰਡਿਆਂ ਦੀ ਪਾਸਿੰਗ ਪਰੇਡ ਹੋਈ।
ਇਸ ਪਾਸਿੰਗ ਪਰੇਡ ਵਿਚ 23 ਸਾਲਾ ਇਕ ਗੋਰੇ ਨੌਜਵਾਨ ਜਿਸ ਨੇ ਫ਼ੌਜ ਦੀ ਵਰਦੀ ਵਾਲੀ ਹਰੀ ਰੰਗੀ ਪੱਗ ਬੰਨ੍ਹੀ ਹੋਈ ਸੀ, ਪੱਗੇ ਉਤੇ ਫ਼ੌਜ ਦਾ ਲੋਗੋ, ਭੂਰੀ-ਭੂਰੀ ਦਾੜ੍ਹੀ ਪ੍ਰਕਾਸ਼ ਰੂਪ ਵਿਚ ਅਤੇ ਕੱਛ 'ਚ ਮਿਲਟਰੀ ਸਲੀਕੇ ਨਾਲ ਬੰਦੂਕ ਫੜੀ ਹੋਈ ਸੀ ਤੇ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਿਆ ਹੋਇਆ ਸੀ। ਇਸ ਗੋਰੇ ਨੌਜਵਾਨ ਦਾ ਨਾਂਅ ਹੈ ਲੂਈ ਸਿੰਘ ਖ਼ਾਲਸਾ। ਉਂਜ ਇਸ ਦਾ ਅੰਗਰੇਜ਼ੀ ਨਾਂਅ ਲੂਈਸ ਟਾਲਬੋਟ ਹੈ।
ਇਹ ਨੌਜਵਾਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਅੰਮ੍ਰਿਤ ਛਕਦਾ ਹੈ ਅਤੇ ਫਿਰ ਨਿਊਜ਼ੀਲੈਂਡ ਦੀ ਫ਼ੌਜ ਵਿਚ ਕਿਵੇਂ ਆ ਕੇ ਡਟਦਾ ਹੈ, ਬੜੀ ਕਮਾਲ ਦੀ ਕਹਾਣੀ ਹੈ ਇਸ ਨੌਜਵਾਨ ਦੀ। ਅੱਜ ਇਸ ਪੱਤਰਕਾਰ ਨਾਲ ਦੇਰ ਰਾਤ ਹੋਣ ਦੇ ਬਾਵਜੂਦ ਵੀ ਲੂਈ ਸਿੰਘ ਖ਼ਾਲਸਾ ਨੇ ਪੰਜਾਬੀ ਵਿਚ ਗੱਲ ਕੀਤੀ। ਉਹ ਜਦੋਂ ਹੈਲੋ ਕਹਿਣ 'ਤੇ ਬਾਬਾ ਜੀ ਕਰ ਕੇ ਸੰਬੋਧਨ ਹੋਇਆ ਤਾਂ ਬੜੀ ਕਮਾਲ ਦੀ ਗੱਲ ਲੱਗੀ।
ਸਿੱਖੀ ਜੀਵਨ ਵਿਚ ਕਿਵੇਂ ਆਏ? ਬਾਰੇ ਗੱਲਬਾਤ ਕੀਤੀ ਤਾਂ ਇੰਝ ਲੱਗਿਆ ਜਿਵੇਂ ਉਸ ਨੂੰ ਸਿੱਖੀ ਅਤੇ ਸਿੱਖੀ ਜੀਵਨ 5 ਸਾਲਾਂ ਵਿਚ ਹੀ ਸਮਝ ਆ ਗਿਆ ਹੋਵੇ ਅਤੇ ਬਹੁਤੇ ਸਿੱਖਾਂ ਨੂੰ ਸਿੱਖਾਂ ਦੇ ਘਰ ਪੈਦਾ ਹੋਣ ਦੇ ਦਹਾਕਿਆਂ ਬਾਅਦ ਵੀ ਓਨਾ ਸਮਝ ਨਾ ਆਇਆ ਹੋਵੇ।
photo
ਇਹ ਨੌਜਵਾਨ ਕੈਂਟਰਬਰੀ ਦੇ ਇਕ ਸ਼ਹਿਰ ਟੀਮਾਰੂ ਦਾ ਰਹਿਣਾ ਵਾਲਾ ਹੈ ਅਤੇ ਇਸ ਨੇ ਕਾਲਜ ਦੀ ਅਪਣੀ ਪੜ੍ਹਾਈ ਕ੍ਰਾਈਸਟ ਕਾਲਜ ਕ੍ਰਾਈਸਟਚਰਚ ਤੋਂ ਪੂਰੀ ਕੀਤੀ। ਸਿੱਖੀ ਜੀਵਨ ਬਾਰੇ ਉਸ ਨੇ ਦਸਿਆ ਕਿ 2015 ਵਿਚ ਸਕੂਲ ਤੋਂ ਬਾਅਦ ਉਹ ਅਪਣੇ ਇਕ ਦੋਸਤ ਦੇ ਘਰ ਇਕ ਸਿੱਖ ਨੌਜਵਾਨ ਸ. ਤੇਜਿੰਦਰ ਸਿੰਘ (ਹੁਣ ਕੈਨੇਡਾ) ਨੂੰ ਮਿਲਿਆ।
Study
ਉਸ ਨੇ ਗੁਰੂ ਘਰ ਬਾਰੇ ਜਾਣਕਾਰੀ ਮੰਗੀ। ਇਸ ਨੂੰ ਕ੍ਰਾਈਸਟਚਰਚ ਦੇ ਗੁਰਦਵਾਰਾ ਜਗਤ ਗੁਰੂ ਨਾਨਕ ਸਾਹਿਬ ਵਿਖੇ ਆਉਣ ਲਈ ਕਿਹਾ ਗਿਆ। ਜਿਥੇ ਉਸ ਨੂੰ ਇਕ ਅਲੱਗ ਤਰ੍ਹਾਂ ਸਕੂਨ ਦਿੰਦਾ ਅਹਿਸਾਸ ਹੋਇਆ। ਗੁਰਬਾਣੀ ਦੇ ਇੰਗਲਿਸ਼ ਅਰਥ ਹਿਰਦੇ ਵਸ ਗਏ। ਫਿਰ ਇਹ ਹਰ ਹਫ਼ਤੇ ਗੁਰਦਵਾਰਾ ਸਾਹਿਬ ਜਾਣ ਲੱਗਾ ਜਿਥੇ ਉਸ ਨੂੰ ਸਿੱਖ ਨੌਜਵਾਨ ਭਾਈ ਸੁਖਪ੍ਰੀਤ ਸਿੰਘ, ਕਮਲ ਸਿੰਘ, ਦਿਲਰਾਜ ਸਿੰਘ, ਕੰਵਲਜੀਤ ਸਿੰਘ ਅਤੇ ਰਾਜਵਿੰਦਰ ਸਿੰਘ ਹੋਰੀਂ ਮਿਲਦੇ ਰਹਿੰਦੇ ਅਤੇ ਸਿੱਖੀ ਜੀਵਨ ਵੱਲ ਇਹ ਵੀ ਪ੍ਰੇਰਿਤ ਹੋਣ ਲੱਗਾ।
Sikh
ਜੂਨ 2018 ਵਿਚ ਇਹ ਨੌਜਵਾਨ ਪੰਜਾਬ ਜਾਂਦਾ ਹੈ ਅਤੇ ਇਕ ਸਿੱਖ ਪ੍ਰਵਾਰ ਨਾਲ ਰਹਿੰਦਾ ਹੈ, ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਅੰਮ੍ਰਿਤਪਾਨ ਕਰਦਾ ਹੈ, ਚੋਲਾ ਪਹਿਨਦਾ ਹੈ, ਗੁਰਮੁਖੀ ਸਿੱਖਣੀ ਸ਼ੁਰੂ ਕਰਦਾ ਹੈ, ਬਾਣੀ ਪੜ੍ਹਨੀ ਸ਼ੁਰੂ ਕਰਦਾ ਹੈ।
Takhat Sri Kesgarh Sahib
ਸ੍ਰੀ ਦਰਬਾਰ ਸਾਹਿਬ ਜਾਂਦਾ ਹੈ, ਸੜਕਾਂ ਉਤੇ ਲਿਖੇ ਪੰਜਾਬੀ ਬੋਰਡ ਪੜ੍ਹ ਕੇ ਪ੍ਰੈਕਟਿਸ ਕਰਦਾ ਹੈ ਅਤੇ ਵਾਪਸ ਨਿਊਜ਼ੀਲੈਂਡ ਆ ਕੇ ਤਬਲਾ ਅਤੇ ਕੀਰਤਨ ਸਿੱਖਣ ਲਗਦਾ ਹੈ। ਇਸ ਇੰਟਰਵਿਊ ਦੌਰਾਨ ਉਸ ਨੇ 80 ਫ਼ੀ ਸਦੀ ਗੱਲਬਾਤ ਪੰਜਾਬੀ ਵਿਚ ਹੀ ਕੀਤੀ, ਬਾਅਦ ਵਿਚ ਮੈਂ ਟਾਈਪ ਕੀਤੀ ਸਟੋਰੀ ਵੀ ਭੇਜੀ ਤਾਂ ਪਰੂਫ਼ ਰੀਡਿੰਗ ਵੀ ਕਰ ਦਿਤੀ। ਸਾਰਾ ਕੁੱਝ ਬਾ ਕਮਾਲ ਲੱਗਿਆ। ਇਸ ਨੌਜਵਾਨ ਦੀ ਮਾਤਾ ਇੰਗਲੈਂਡ ਤੋਂ ਹੈ ਅਤੇ ਪਿਤਾ ਨਿਊਜ਼ੀਲੈਂਡ ਤੋਂ ਹੈ।
ਇਸ ਦਾ ਇਕ ਵੱਡਾ ਭਰਾ ਹੈ ਅਤੇ ਛੋਟੀ ਭੈਣ ਹੈ। ਇਹ ਨੌਜਵਾਨ ਸਿੱਖੀ ਸਰੂਪ ਵਿਚ ਨਿਊਜ਼ੀਲੈਂਡ ਫ਼ੌਜ ਵਿਚ ਰਹਿੰਦਿਆ ਪੂਰੇ ਸਿੱਖ ਜਗਤ ਦੇ ਮਾਣ ਕਰਨ ਵਾਲੀ ਗੱਲ ਇਸੀ ਤਰ੍ਹਾਂ ਬਣਾਈ ਰੱਖੇ। ਦਸਤਾਰ ਸਜਾ ਕੇ ਅੱਗੇ ਵਧਣ ਲਈ ਇਹ ਸਿੱਖ ਬੱਚਿਆਂ ਲਈ ਵਿਸ਼ਵ ਵਿਆਪੀ ਇਕ ਵਧੀਆ ਉਦਾਹਰਣ ਹੈ ਤਾਕਿ ਕੇਸਾਂ ਕਰ ਕੇ ਉਨ੍ਹਾਂ ਵਿਚ ਕੋਈ ਹੀਣ ਭਾਵਨਾ ਨਾ ਪੈਦਾ ਹੋਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ