
ਪਿਛਲੇ ਸਾਲ ਤੋਂ ਜੇਲ ’ਚ ਬੰਦ ਹੈ ਨਰਗਿਸ ਮੁਹੰਮਦੀ
ਓਸਲੋ (ਨਾਰਵੇ): ਜੇਲ੍ਹ ’ਚ ਬੰਦ ਕਾਰਕੁਨ ਨਰਗਿਸ ਮੁਹੰਮਦੀ ਨੂੰ ਈਰਾਨ ’ਚ ਔਰਤਾਂ ’ਤੇ ਹੁੰਦੇ ਜ਼ੁਲਮਾਂ ਵਿਰੁਧ ਸੰਘਰਸ਼ ਲਈ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਨਾਰਵੇ ਨੋਬੇਲ ਕਮੇਟੀ ਦੇ ਚੇਅਰ ਬੇਰਿਟ ਰੀਸ-ਐਂਡਰਸਨ ਨੇ ਸ਼ੁਕਰਵਾਰ ਨੂੰ ਓਸਲੋ ’ਚ ਇਨਾਮ ਦਾ ਐਲਾਨ ਕੀਤਾ। ਰੀਸ-ਐਂਡਰਸਨ ਨੇ ਕਿਹਾ, ‘‘ਸਭ ਤੋਂ ਪਹਿਲਾਂ ਇਹ ਪੁਰਸਕਾਰ ਇਰਾਨ ’ਚ ਸਮੁੱਚੇ ਅੰਦੋਲਨ ਬਹੁਤ ਅਹਿਮ ਕੰਮ ਅਤੇ ਇਸ ਦੀ ਨਿਰਵਿਵਾਦ ਨੇਤਾ ਨਰਗਿਸ ਮੁਹੰਮਦੀ ਨੂੰ ਮਾਨਤਾ ਦੇਣ ਲਈ ਹੈ।’’
ਉਨ੍ਹਾਂ ਕਿਹਾ, ‘‘ਪੁਰਸਕਾਰ ਦੇ ਅਸਰ ਬਾਰੇ ਫੈਸਲਾ ਕਰਨਾ ਨੋਬੇਲ ਕਮੇਟੀ ਦਾ ਕੰਮ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਹ ਇਸ ਅੰਦੋਲਨ ਨੂੰ ਭਾਵੇਂ ਕਿਸੇ ਵੀ ਰੂਪ ’ਚ ਹੋਵੇ, ਜਾਰੀ ਰੱਖਣ ਲਈ ਉਤਸ਼ਾਹਿਤ ਕਰੇਗਾ।’’
ਮੁਹੰਮਦੀ ਨੇ 2019 ’ਚ ਹਿੰਸਕ ਪ੍ਰਦਰਸ਼ਨਾਂ ਦੇ ਪੀੜਤਾਂ ਦੀ ਯਾਦ ’ਚ ਇੱਕ ਸਮਾਗਮ ’ਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਪਿਛਲੇ ਸਾਲ ਨਵੰਬਰ ਮਹੀਨੇ ’ਚ ਗ੍ਰਿਫਤਾਰ ਕਰ ਲਿਆ ਸੀ। ਰੀਸ-ਐਂਡਰਸਨ ਨੇ ਕਿਹਾ ਕਿ ਮੁਹੰਮਦੀ ਨੂੰ 13 ਵਾਰ ਜੇਲ ਹੋਈ ਅਤੇ ਪੰਜ ਵਾਰ ਦੋਸ਼ੀ ਠਹਿਰਾਇਆ ਗਿਆ, ਉਸ ਨੂੰ ਕੁਲ 31 ਸਾਲ ਦੀ ਸਜ਼ਾ ਸੁਣਾਈ ਗਈ।
ਮੁਹੰਮਦੀ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ 19ਵੀਂ ਔਰਤ ਹੈ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਦੂਜੀ ਈਰਾਨੀ ਔਰਤ ਹੈ। ਮੁਹੰਮਦੀ ਤੋਂ ਪਹਿਲਾਂ ਸ਼ਿਰੀਨ ਇਬਾਦੀ ਨੂੰ 2003 ’ਚ ਨੋਬੇਲ ਸ਼ਾਂਤੀ ਪੁਰਸਕਾਰ ਦਿਤਾ ਗਿਆ ਸੀ।
ਮੁਹੰਮਦੀ ਨੂੰ ਹਾਲ ਹੀ ’ਚ 22 ਸਾਲਾਂ ਦੀ ਮਾਹਸਾ ਅਮੀਨੀ ਦੀ ਮੌਤ ਨੂੰ ਲੈ ਕੇ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਲਈ ਜੇਲ੍ਹ ’ਚ ਬੰਦ ਕੀਤਾ ਗਿਆ ਸੀ। ਦੇਸ਼ ਦੀ ਨੈਤਿਕਤਾ ਪੁਲਿਸ ਵਲੋਂ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਅਮੀਨੀ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨੇ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਦੇ ਧਰਮ-ਅਧਾਰਤ ਸ਼ਾਸਨ ਲਈ ਸਭ ਤੋਂ ਵੱਡੀਆਂ ਚੁਨੌਤੀਆਂ ’ਚੋਂ ਇਕ ਚੁਨੌਤੀ ਪੇਸ਼ ਕੀਤੀ।
ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ’ਚ ਸ਼ੁਰੂ ਹੋਏ ਅੰਦੋਲਨ ’ਚ ਸੁਰੱਖਿਆ ਬਲਾਂ ਦੀ ਕਾਰਵਾਈ ’ਚ 500 ਤੋਂ ਵੱਧ ਲੋਕ ਮਾਰੇ ਗਏ ਸਨ ਜਦਕਿ 22 ਹਜ਼ਾਰ ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ, ਜੇਲ੍ਹ ’ਚ ਹੋਣ ਦੇ ਬਾਵਜੂਦ, ਮੁਹੰਮਦੀ ਨੇ ‘ਦ ਨਿਊਯਾਰਕ ਟਾਈਮਜ਼’ ਦੇ ਲੇਖ ’ਚ ਯੋਗਦਾਨ ਪਾਇਆ। ਉਨ੍ਹਾਂ ਲਿਖਿਆ, ‘‘ਸਰਕਾਰ ਸ਼ਾਇਦ ਇਹ ਸਮਝਣ ਦੇ ਯੋਗ ਨਹੀਂ ਹੈ ਕਿ ਸਾਡੇ ’ਤੇ ਜਿੰਨੀਆਂ ਜ਼ਿਆਦਾ ਪਾਬੰਦੀਆਂ ਲਗਾਈਆਂ ਜਾਣਗੀਆਂ, ਅਸੀਂ ਓਨੇ ਹੀ ਮਜ਼ਬੂਤ ਹੋਵਾਂਗੇ।’’
ਈਰਾਨ ਦੇ ਸਰਕਾਰੀ ਟੈਲੀਵਿਜ਼ਨ ਅਤੇ ਸਰਕਾਰੀ ਕੰਟਰੋਲ ਵਾਲੇ ਮੀਡੀਆ ਨੇ ਮੁਹੰਮਦੀ ਨੂੰ ਨੋਬੇਲ ਪੁਰਸਕਾਰ ਦਿੱਤੇ ਜਾਣ ਦੇ ਐਲਾਨ ’ਤੇ ਤੁਰਤ ਪ੍ਰਤੀਕਿਰਿਆ ਨਹੀਂ ਦਿਤੀ। ਕੁਝ ਅਰਧ-ਸਰਕਾਰੀ ਸਮਾਚਾਰ ਏਜੰਸੀਆਂ ਨੇ ਆਨਲਾਈਨ ਸੰਦੇਸ਼ਾਂ ਵਿਚ ਵਿਦੇਸ਼ੀ ਮੀਡੀਆ ਰੀਪੋਰਟਾਂ ਦਾ ਹਵਾਲਾ ਦਿੰਦੇ ਹੋਏ ਮੁਹੰਮਦੀ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਦਿਤੇ ਜਾਣ ਦੇ ਐਲਾਨ ਦੀ ਜਾਣਕਾਰੀ ਹੋਣ ਨੂੰ ਮੰਨਿਆ।
ਕੈਦ ਹੋਣ ਤੋਂ ਪਹਿਲਾਂ, ਮੁਹੰਮਦੀ ਈਰਾਨ ’ਚ ਪਾਬੰਦੀਸ਼ੁਦਾ ‘ਡਿਫੈਂਡਰ ਆਫ ਹਿਊਮਨ ਰਾਈਟਸ ਸੈਂਟਰ’ ਦੀ ਉਪ ਪ੍ਰਧਾਨ ਸੀ। ਉਹ ਸੰਗਠਨ ਦੇ ਸੰਸਥਾਪਕ ਇਬਾਦੀ ਦੀ ਕਰੀਬੀ ਹੈ। ਪੇਸ਼ੇ ਤੋਂ ਇਕ ਇੰਜੀਨੀਅਰ ਮੁਹੰਮਦੀ ਨੂੰ 2018 ’ਚ ਆਂਦਰੇਈ ਸਖਾਰੋਵ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਨੋਬੇਲ ਪੁਰਸਕਾਰ ’ਚ 1.1 ਕਰੋੜ ਸਵੀਡਿਸ਼ ਕ੍ਰੋਨਰ (ਲਗਭਗ 10 ਲੱਖ ਅਮਰੀਕੀ ਡਾਲਰ) ਦਾ ਨਕਦ ਇਨਾਮ ਦਿਤਾ ਜਾਂਦਾ ਹੈ। ਜੇਤੂਆਂ ਨੂੰ ਦਸੰਬਰ ’ਚ ਅਵਾਰਡ ਸਮਾਰੋਹ ’ਚ 18-ਕੈਰੇਟ ਦਾ ਸੋਨੇ ਦਾ ਤਮਗਾ ਅਤੇ ਡਿਪਲੋਮਾ ਵੀ ਦਿਤਾ ਜਾਂਦਾ ਹੈ।
ਵੱਕਾਰੀ ਨੋਬੇਲ ਸ਼ਾਂਤੀ ਪੁਰਸਕਾਰ ਦੇ ਜੇਤੂ ਨੂੰ 350 ਨਾਮਜ਼ਦ ਵਿਅਕਤੀਆਂ ’ਚੋਂ ਇਕ ਨਾਰਵੇਈ ਮਾਹਿਰ ਕਮੇਟੀ ਵਲੋਂ ਚੁਣਿਆ ਗਿਆ ਸੀ। ਪਿਛਲੇ ਸਾਲ ਦਾ ਇਨਾਮ ਯੂਕਰੇਨ, ਬੇਲਾਰੂਸ ਅਤੇ ਰੂਸ ਦੇ ਮਨੁੱਖੀ ਅਧਿਕਾਰ ਕਾਰਕੁਨਾਂ ਵਲੋਂ ਜਿੱਤਿਆ ਗਿਆ ਸੀ, ਜਿਸ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਉਸ ਦੇ ਬੇਲਾਰੂਸੀਅਨ ਹਮਰੁਤਬਾ ਅਤੇ ਸਹਿਯੋਗੀਆਂ ਲਈ ਇਕ ਮਜ਼ਬੂਤ ਸੰਦੇਸ਼ ਵਜੋਂ ਵੇਖਿਆ ਗਿਆ ਸੀ।
ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤੇ ਜਾਣ ਵਾਲਿਆਂ ’ਚ ਦਖਣੀ ਅਫ਼ਰੀਕਾ ਦੇ ਰੰਗਭੇਦ ਵਿਰੋਧੀ ਨੇਤਾ ਨੈਲਸਨ ਮੰਡੇਲਾ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਸਾਬਕਾ ਰੂਸੀ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਅਤੇ ਮਿਆਂਮਾਰ ਦੀ ਲੋਕਤੰਤਰ ਪੱਖੀ ਨੇਤਾ ਔਨ ਸੂ ਕੀ ਸ਼ਾਮਲ ਹਨ।
ਹੋਰ ਨੋਬੇਲ ਪੁਰਸਕਾਰਾਂ ਦੇ ਉਲਟ, ਜੋ ਸਟਾਕਹੋਮ ’ਚ ਚੁਣੇ ਅਤੇ ਐਲਾਨ ਕੀਤੇ ਜਾਂਦੇ ਹਨ, ਇਨਾਮ ਦੇ ਸੰਸਥਾਪਕ, ਅਲਫ੍ਰੇਡ ਨੋਬੇਲ ਨੇ ਇੱਛਾ ਪ੍ਰਗਟਾਈ ਕਿ ਸ਼ਾਂਤੀ ਪੁਰਸਕਾਰ ਦਾ ਫੈਸਲਾ ਓਸਲੋ ’ਚ ਪੰਜ ਮੈਂਬਰੀ ਨਾਰਵੇਈ ਨੋਬੇਲ ਕਮੇਟੀ ਵਲੋਂ ਕੀਤਾ ਜਾਵੇਗਾ, ਜੋ ਕਿ ਨਾਰਵੇਈ ਸੰਸਦ ਵਲੋਂ ਬਣਾਈ ਗਈ ਹੈ।