
ਸੁਰੱਖਿਆ ਅਤੇ ਜਾਂਚ ਦੇ ਖ਼ਤਰਿਆਂ ਕਾਰਨ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ
ਵਾਸ਼ਿੰਗਟਨ : ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਅਮਰੀਕਾ ਵਿਚ ਦਾਖ਼ਲ ਹੋਣਾ ਹੁਣ ਆਸਾਨ ਨਹੀਂ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਥਿਤ ਤੌਰ ’ਤੇ ਸੁਰੱਖਿਆ ਅਤੇ ਜਾਂਚ ਦੇ ਖ਼ਤਰਿਆਂ ਕਾਰਨ ਦੋਵਾਂ ਦੇਸ਼ਾਂ ’ਤੇ ਯਾਤਰਾ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੇ ਹਨ।
ਰਾਸ਼ਟਰਪਤੀ ਟਰੰਪ ਉਸ ਆਦੇਸ਼ ’ਤੇ ਦਸਤਖ਼ਤ ਕਰ ਸਕਦੇ ਹਨ, ਜਿਸ ਨਾਲ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਲੋਕਾਂ ਦੇ ਅਮਰੀਕਾ ’ਚ ਦਾਖ਼ਲ ਹੋਣ ’ਤੇ ਪਾਬੰਦੀ ਹੋਵੇਗੀ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਇਹ ਪਾਬੰਦੀ ਅਗਲੇ ਹਫ਼ਤੇ ਤੋਂ ਲਾਗੂ ਹੋ ਸਕਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਰਾਸ਼ਟਰਪਤੀ ਟਰੰਪ ਨੇ ਇਕ ਅਤਿਵਾਦੀ ਨੂੰ ਗ੍ਰਿਫ਼ਤਾਰ ਕਰਨ ’ਤੇ ਪਾਕਿਸਤਾਨ ਅਤੇ ਸ਼ਾਹਬਾਜ਼ ਸਰਕਾਰ ਦੀ ਤਾਰੀਫ਼ ਕੀਤੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਨੇ ਦੇਸ਼ਾਂ ਦੀ ਸੁਰੱਖਿਆ ਅਤੇ ਖ਼ਤਰਿਆਂ ਦੀ ਜਾਂਚ ਲਈ ਸਰਕਾਰ ਦੀ ਸਮੀਖਿਆ ਦੇ ਆਧਾਰ ’ਤੇ ਯਾਤਰਾ ਪਾਬੰਦੀ ਦੀ ਸੂਚੀ ਤਿਆਰ ਕੀਤੀ ਹੈ।
ਸੂਤਰਾਂ ਨੇ ਰਾਇਟਰਜ਼ ਨੂੰ ਦਸਿਆ ਕਿ ਇਸ ਸੂਚੀ ਵਿਚ ਹੋਰ ਦੇਸ਼ ਵੀ ਹੋ ਸਕਦੇ ਹਨ ਪਰ ਉਨ੍ਹਾਂ ਨੇ ਕਿਸੇ ਹੋਰ ਦੇਸ਼ ਦਾ ਨਾਂ ਨਹੀਂ ਲਿਆ। ਅਫ਼ਗ਼ਾਨਿਸਤਾਨ ਦੇ ਲੋਕਾਂ ਲਈ ਅਮਰੀਕਾ ਵਿਚ ਦਾਖ਼ਲ ਹੋਣਾ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ। ਸੰਯੁਕਤ ਰਾਜ ਅਮਰੀਕਾ ਸ਼ਰਨਾਰਥੀ ਵਜੋਂ ਜਾਂ ਵਿਸ਼ੇਸ਼ ਵੀਜ਼ਾ ਪ੍ਰਾਪਤ ਕਰਨ ਲਈ ਅਫ਼ਗ਼ਾਨਿਸਤਾਨ ਆਉਣ ਵਾਲੇ ਲੋਕਾਂ ਦੀ ਵਿਸ਼ੇਸ਼ ਜਾਂਚ ਕਰਦਾ ਹੈ। (ਏਜੰਸੀ)