
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਬੀਤੇ ਹਫ਼ਤੇ ਹੈਮਬਰਗ 'ਚ ਜੀ-20 ਸੰਮੇਲਨ 'ਚ ਹੋਈ ਗੱਲਬਾਤ ਨੂੰ ਚੀਨ ਨੇ ਮੰਨਣ ਤੋਂ ਇਨਕਾਰ ਕਰ..
ਬੀਜਿੰਗ, 10 ਜੁਲਾਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਬੀਤੇ ਹਫ਼ਤੇ ਹੈਮਬਰਗ 'ਚ ਜੀ-20 ਸੰਮੇਲਨ 'ਚ ਹੋਈ ਗੱਲਬਾਤ ਨੂੰ ਚੀਨ ਨੇ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਇਸ ਗੱਲ ਉਤੇ ਜ਼ੋਰ ਦਿਤਾ ਕਿ ਦੋਹਾਂ ਆਗੂਆਂ ਵਿਚਕਾਰ ਕੋਈ ਦੁਵੱਲੀ ਬੈਠਕ ਨਹੀਂ ਹੋਈ।
ਭਾਰਤ ਨੇ ਵੀ ਗੱਲਬਾਤ ਨੂੰ ਕੋਈ 'ਦੁਵੱਲੀ ਬੈਠਕ' ਨਹੀਂ ਦਸਿਆ ਹੈ ਜਿਸ 'ਚ ਦੋਹਾਂ ਨੇ ਹੱਥ ਮਿਲਾਇਆ ਸੀ ਪਰ ਕਿਹਾ ਹੈ ਕਿ ਦੋਹਾਂ ਆਗੂਆਂ ਵਿਚਕਾਰ 'ਵੱਖੋ-ਵੱਖ ਮੁੱਦਿਆਂ' ਉਤੇ ਚਰਚਾ ਹੋਈ। ਭਾਰਤ ਨੇ ਕਿਹਾ ਸੀ ਕਿ ਗੱਲਬਾਤ ਪੰਜ ਮਿੰਟਾਂ ਤਕ ਚੱਲੀ ਸੀ।
ਭਾਵੇਂ ਪੱਤਰਕਾਰਾਂ ਨੇ ਚੀਨ ਦੇ ਬੁਲਾਰੇ ਗੇਂਗ ਸ਼ੁਆਂਗ ਕੋਲੋਂ ਭਾਰਤ ਦੇ ਵਿਦੇਸ਼ ਮੰਤਰਾਲਾ ਵਲੋਂ ਟਵੀਟ ਕੀਤੀਆਂ ਉਨ੍ਹਾਂ ਤਸਵੀਰਾਂ ਬਾਰੇ ਪੁਛਿਆ ਗਿਆ ਜਿਸ 'ਚ ਦੋਹਾਂ ਆਗੂਆਂ ਨੂੰ ਦੁਭਾਸ਼ੀਆਂ ਰਾਹੀਂ ਗੱਲਬਾਤ ਕਰਦਿਆਂ ਵਿਖਾਇਆ ਗਿਆ। ਹਾਲਾਂਕਿ ਗੇਂਗ ਅਪਣੇ ਰੁਖ ਤੇ ਅੜੇ ਰਹੇ। ਉਨ੍ਹਾਂ ਕਿਹਾ, ''ਭਾਰਤ ਅਤੇ ਚੀਨ ਦੋਹਾਂ ਦੇਸ਼ਾਂ ਦੇ
ਆਗੂਆਂ ਨੇ ਕੋਈ ਦੁਵੱਲੀ ਬੈਠਕ ਨਹੀਂ ਕੀਤੀ। ਪਰ ਰਾਸ਼ਟਰਪਤੀ ਜਿਨਪਿੰਗ ਨੇ ਬ੍ਰਿਕਸ ਦੇਸ਼ਾਂ ਦੀ ਗ਼ੈਰ-ਰਸਮੀ ਬੈਠਕ ਦੀ ਪ੍ਰਧਾਨਗੀ ਕੀਤੀ ਜਿਸ 'ਚ ਪ੍ਰਧਾਨ ਮੰਤਰੀ ਮੋਦੀ ਵੀ ਮੌਜੂਦ ਸਨ।''
ਚੀਨ ਦਾ ਉਦੇਸ਼ ਅਸਿੱਧੇ ਤੌਰ ਤੇ ਅਪਣੇ ਉਸ ਰੁਖ਼ ਨੂੰ ਦੁਹਰਾਉਣਾ ਹੈ ਜੋ ਉਸ ਨੇ ਹੈਮਬਰਗ ਬੈਠਕ ਤੋਂ ਪਹਿਲਾਂ ਸਪੱਸ਼ਟ ਕੀਤਾ ਸੀ। ਚੀਨ ਨੇ ਸੰਮੇਲਨ ਤੋਂ ਪਹਿਲਾਂ ਕਿਹਾ ਸੀ ਕਿ ਸਿੱਕਿਮ ਸੈਕਟਰ ਦੇ ਡੋਕਲਾਮ ਖੇਤਰ 'ਚ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਕਾਰ ਰੇੜਕਾ ਚਲਣਾ ਦੋਹਾਂ ਆਗੂਆਂ ਵਿਚਕਾਰ ਬੈਠਕ ਲਈ ਮਾਹੌਲ ਸਹੀ ਨਹੀਂ ਹੈ। ਜਿੱਥੇ ਭਾਰਤੀ ਫ਼ੌਜੀਆਂ ਨੇ ਚੀਨੀ ਫ਼ੌਜੀਆਂ ਵਲੋਂ ਕੀਤੀ ਜਾ ਰਹੀ ਸੜਕ ਉਸਾਰੀ ਰੋਕ ਦਿਤੀ ਸੀ। ਚੀਨ ਕਹਿ ਰਿਹਾ ਹੈ ਕਿ ਭਾਰਤ ਇਸ ਇਲਾਕੇ ਤੋਂ ਅਪਣੇ ਫ਼ੌਜੀਆਂ ਨੂੰ ਤੁਰਤ ਪਿੱਛੇ ਹਟਾਵੇ। (ਪੀਟੀਆਈ)