
ਨਕਲੀ ਚੰਨ ਅਤੇ ਸੂਰਜ ਬਣਾਉਣ ਤੇ ਯਤਨ ਕੀਤੇ ਜਾਣ ਤੋਂ ਬਾਅਦ ਹੁਣ ਚੀਨ ਨੇ ਕੁਦਰਤ ਨਾਲ ਇਕ ਹੋਰ ਵੱਡਾ ਪੰਗਾ ਲੈ ਲਿਆ ਹੈ।ਜਿਸ ਨੂੰ ਸੁਣ ਕੇ ....
ਨਵੀਂ ਦਿੱਲੀ (ਭਾਸ਼ਾ) : ਨਕਲੀ ਚੰਨ ਅਤੇ ਸੂਰਜ ਬਣਾਉਣ ਤੇ ਯਤਨ ਕੀਤੇ ਜਾਣ ਤੋਂ ਬਾਅਦ ਹੁਣ ਚੀਨ ਨੇ ਕੁਦਰਤ ਨਾਲ ਇਕ ਹੋਰ ਵੱਡਾ ਪੰਗਾ ਲੈ ਲਿਆ ਹੈ।ਜਿਸ ਨੂੰ ਸੁਣ ਕੇ ਤੁਹਾਡੇ ਸਾਰਿਆਂ ਦੇ ਹੋਸ਼ ਉਡ ਜਾਣਗੇ, ਜੀ ਹਾਂ ਚੀਨ ਦੇ ਵਿਗਿਆਨੀਆਂ ਨੇ ਇਕ ਅਜਿਹੀ ਖੋਜ ਕੀਤੀ ਹੈ। ਜਿਸ ਜ਼ਰੀਏ ਜੈਨੇਟਿਕਲੀ ਐਡਿਟਡ ਭਾਵ ਕਿ ਡੀਐਨਏ ਵਿਚ ਛੇੜਛਾੜ ਕਰਕੇ 'ਡਿਜ਼ਾਇਨਰ ਬੇਬੀ' ਭਾਵ ਕਿ ਸੋਹਣਾ-ਸੁਨੱਖਾ ਬੱਚਾ ਪੈਦਾ ਕੀਤਾ ਜਾ ਸਕਦਾ ਹੈ ਅਤੇ ਚੀਨ ਵਲੋਂ ਦੁਨੀਆ ਦਾ ਪਹਿਲਾ ਜੈਨੇਟਿਕਲੀ ਮਾਡੀਫਾਈਡ ਬੱਚਾ ਪੈਦਾ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹੈ।
ਚੀਨ ਦੀ ਇਸ ਖੋਜ ਤੋਂ ਜਿੱਥੇ ਵਿਸ਼ਵ ਭਰ ਦੇ ਵਿਗਿਆਨੀ ਹੈਰਾਨ ਹਨ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵਲੋਂ ਇਸ ਸਿੱਧਾ ਕੁਦਰਤ ਨਾਲ ਪੰਗਾ ਕਰਾਰ ਦਿਤਾ ਜਾ ਰਿਹੈ। ਆਓ ਤੁਹਾਨੂੰ ਦਸਦੇ ਹਾਂ ਕਿ ਕੀ ਹੈ ਡਿਜ਼ਾਇਨਰ ਬੇਬੀ? ਹਰ ਇਕ ਦੀ ਇਹ ਚਾਹਤ ਹੁੰਦੀ ਹੈ ਕਿ ਉਨ੍ਹਾਂ ਦਾ ਬੱਚਾ ਸਿਹਤਮੰਦ ਅਤੇ ਸੁੰਦਰ ਹੋਵੇ, ਉਸ ਦੇ ਵਾਲ ਅਜਿਹੇ ਹੋਣ, ਅੱਖਾਂ ਇੰਝ ਹੋਣ ਵਗੈਰਾ ਵਗੈਰਾ। ਹੁਣ ਵਿਗਿਆਨ ਨੇ ਅਜਿਹਾ ਕਰਨ ਦੀ ਸਮਰੱਥਾ ਵੀ ਹਾਸਲ ਕਰ ਲਈ ਹੈ। ਇਸ ਖੋਜ ਦੇ ਵਿਗਿਆਨੀ ਹੇ ਜਿਆਂਕੁਈ ਅਨੁਸਾਰ ਭਰੂਣ ਨੂੰ ਨਵੀਂ ਤਕਨੀਕ ਜ਼ਰੀਏ ਐਡਿਟ ਕਰਕੇ ਡਿਜ਼ਾਇਨਰ ਬੇਬੀ ਪੈਦਾ ਕੀਤਾ ਜਾ ਸਕਦੈ।
ਜਿਸ ਵਿਚ ਸੋਹਣਾ ਸੁਨੱਖਾ ਹੋਣ ਦੀਆਂ ਖ਼ੂਬੀਆਂ ਦੇ ਨਾਲ-ਨਾਲ ਐਚਆਈਵੀ ਇੰਫੈਕਸ਼ਨ ਦੀ ਸੰਭਾਵਨਾ ਵੀ ਨਾਮਾਤਰ ਹੋਵੇਗੀ। ਆਓ ਹੁਣ ਤੁਹਾਨੂੰ ਇਸ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਉਂਦੇ ਹਾਂ, ਚੀਨੀ ਵਿਗਿਆਨੀ ਹੇ ਜਿਆਂਕੁਈ ਅਨੁਸਾਰ ਅੰਡਾਣੂ ਅਤੇ ਸ਼ਕਰਾਣੂ ਦਾ ਸਰੀਰ ਦੇ ਬਾਹਰ ਇਨ ਵਿਟਰੋ ਫਰਟੀਲਾਈਜੇਸ਼ਨ ਕਰਵਾਇਆ ਗਿਆ, ਜਦੋਂ ਭਰੂਣ ਤਿੰਨ ਤੋਂ ਪੰਜ ਦਿਨ ਦਾ ਹੋਇਆ ਤਾਂ ਉਸ ਦੇ ਜ਼ੀਨ ਵਿਚ ਬਦਲਾਅ ਕੀਤਾ ਗਿਆ। ਖੋਜ ਵਿਚ ਸ਼ਾਮਲ ਜੋੜਿਆਂ ਵਿਚ ਪੁਰਸ਼ ਏਡਜ਼ ਪੀੜਤ ਸਨ ਜਦਕਿ ਔਰਤਾਂ ਇਸ ਤੋਂ ਸੁਰੱਖਿਅਤ ਸਨ।
ਇਨ੍ਹਾਂ ਜੋੜਿਆਂ ਤੋਂ ਪੁਛਿਆ ਗਿਆ ਕਿ ਉਹ ਬਦਲਾਅ ਕੀਤੇ ਗਏ ਜੀਨ ਵਾਲਾ ਭਰੂਣ ਚਾਹੁਣਗੇ ਜਾਂ ਆਮ ਜੀਨ ਵਾਲਾ ਭਰੂਣ 22 ਵਿਚੋਂ 16 ਭਰੂਣ ਦੇ ਜੀਨ ਵਿਚ ਬਦਲਾਅ ਕੀਤਾ ਗਿਆ ਸੀ। ਇਨ੍ਹਾਂ ਵਿਚੋਂ 11 ਭਰੂਣ ਨੂੰ ਛੇ ਵੱਖ-ਵੱਖ ਔਰਤਾਂ ਦੇ ਗਰਭ ਵਿਚ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿਚ ਸਿਰਫ਼ ਜੁੜਵਾਂ ਬੱਚਿਆਂ ਦੇ ਭਰੂਣ ਨੂੰ ਰੱਖਿਆ ਜਾਣਾ ਸਫ਼ਲ ਰਿਹਾ। ਖੋਜ ਕਰਤਾ ਜਿਆਂਕੁਈ ਨੇ ਪਹਿਲਾਂ ਕਈ ਸਾਲ ਤਕ ਲੈਬ ਵਿਚ ਇਸ ਦਾ ਚੂਹੇ, ਬਾਂਦਰ ਅਤੇ ਇਨਸਾਨ ਦੇ ਭਰੂਣ 'ਤੇ ਸਫ਼ਲ ਅਧਿਐਨ ਕੀਤਾ ਸੀ, ਜਿਸ ਦੀ ਸਫ਼ਲਤਾ ਮਗਰੋਂ ਹੁਣ ਉਸ ਨੇ ਇਸ ਤਕਨੀਕ ਦੇ ਪੇਂਟੈਂਟ ਦੀ ਅਰਜ਼ੀ ਦਿਤੀ ਹੈ।
ਇਸ ਅਧਿਐਨ ਵਿਚ ਅਮਰੀਕਾ ਦੇ ਫਿਜਿਕਸ ਅਤੇ ਬਾਇਓ ਇੰਜੀਨਿਅਰ ਪ੍ਰੋਫੈਸਰ ਮਾਈਕਲ ਡੀਮ ਵੀ ਸ਼ਾਮਲ ਸਨ। ਚੀਨ ਅਤੇ ਅਮਰੀਕਾ ਵਿਚ ਕਾਫ਼ੀ ਸਮੇਂ ਤੋਂ ਜੈਨੈਟਿਕਲੀ ਐਡਿਟਡ ਭਰੂਣ 'ਤੇ ਖੋਜ ਕਰ ਰਹੇ ਸਨ। ਹਾਲਾਂਕਿ ਅਮਰੀਕਾ ਵਿਚ ਜੀਨ ਐਡਿਟਿੰਗ ਪਾਬੰਦੀਸ਼ੁਦਾ ਹੈ। ਉਸ ਦਾ ਮੰਨਣੈ ਕਿ ਡੀਐਨਏ ਵਿਚ ਨਕਲੀ ਤਰੀਕੇ ਨਾਲ ਕੀਤਾ ਗਿਆ ਬਦਲਾਅ ਅਗਲੀ ਪੀੜ੍ਹੀ ਤਕ ਪਹੁੰਚ ਸਕਦਾ ਹੈ ਅਤੇ ਹੋਰ ਜੀਨਸ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਚੀਨ ਵਿਚ ਭਾਵੇਂ ਇਨਸਾਨੀ ਕਲੋਨ ਬਣਾਉਣ ਅਤੇ ਉਸ ਦੇ ਅਧਿਐਨ 'ਤੇ ਬੈਨ ਹੈ ਪਰ ਇਸ ਤਰ੍ਹਾਂ ਦੀ ਖੋਜ ਦੀ ਇਜਾਜ਼ਤ ਹੈ।
ਚੀਨ ਦੁਨੀਆ ਵਿਚ ਪਹਿਲੀ ਵਾਰ ਜੈਨੇਟਿਕਲੀ ਐਡਿਟਡ ਭਰੂਣ ਨੂੰ ਇਨਸਾਨੀ ਕੁੱਖ ਵਿਚ ਰੱਖ ਕੇ ਉਸ ਨੂੰ ਪੈਦਾ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ। ਜਿਸ ਦੀ ਵਿਸ਼ਵ ਦੇ ਕਈ ਦੇਸ਼ਾਂ ਵਿਚ ਆਲੋਚਨਾ ਕੀਤੀਜਾ ਰਹੀ ਹੈ ਅਤੇ ਇਸ ਨੂੰ ਸਿੱਧੇ ਤੌਰ 'ਤੇ ਕੁਦਰਤ ਨਾਲ ਛੇੜਛਾੜ ਕਰਾਰ ਦਿਤਾ ਜਾ ਰਿਹੈ।