
ਦੁਨੀਆ ਦਾ ਅੰਤ ਬਣੇਗੀ ਕੁਦਰਤ ਦੀ ਨਾਰਾਜ਼ਗੀ
ਕਿੱਥੇ ਸੁੱਤੇ ਰਹੇ ਵਾਤਾਵਰਣ ਬਚਾਉਣ ਦਾ ਰੌਲਾ ਪਾਉਣ ਵਾਲੇ ਦੇਸ਼?
ਆਸਟ੍ਰੇਲੀਆ ਦੇ ਜੰਗਲਾਂ 'ਚ ਛੱਲੀਆਂ ਵਾਂਗ ਭੁਜ ਕੇ ਮਰੇ ਕਰੋੜਾਂ ਜੀਵ
ਜਪਾਨ ਦੇਸ਼ ਜਿੰਨਾ ਹਰਿਆ ਭਰਿਆ ਖੇਤਰ ਸੜ ਕੇ ਹੋਇਆ ਸੁਆਹ
ਦੇਸ਼ਾਂ ਨੇ ਮੌਤ ਦੇ ਸਮਾਨ ਤਾਂ ਬਣਾਏ ਪਰ ਜਾਨ ਬਚਾਉਣ ਦੇ ਕਿਉਂ ਨਹੀਂ?
ਕੀ ਜਾਨਵਰ ਹੋਣ ਕਰਕੇ ਨਹੀਂ ਦਿੱਤਾ ਗਿਆ ਬੇਜ਼ੁਬਾਨ ਜੀਵਾਂ 'ਤੇ ਧਿਆਨ
ਅੱਜ ਅਸੀਂ ਆਸਟ੍ਰੇਲੀਆ ਵਿਚ ਵਾਪਰੀ ਉਸ ਭਿਆਨਕ ਤ੍ਰਾਸਦੀ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਸੈਂਕੜੇ ਜਾਂ ਹਜ਼ਾਰਾਂ ਨਹੀਂ ਬਲਕਿ 50 ਕਰੋੜ ਤੋਂ ਵੀ ਜ਼ਿਆਦਾ ਬੇਜ਼ੁਬਾਨ ਜੰਗਲੀ ਜੀਵਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਦੀ, ਜਿਸ ਨੂੰ ਸ਼ਾਇਦ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਗਈ ਛੇੜਛਾੜ ਦਾ ਨਤੀਜਾ ਕਹਿਣਾ ਕੋਈ ਗ਼ਲਤ ਨਹੀਂ ਹੋਵੇਗਾ ਕਿਉਂਕਿ ਮਨੁੱਖ ਦੀਆਂ ਗ਼ਲਤੀਆਂ ਕਾਰਨ ਗਲੋਬਲ ਵਾਰਮਿੰਗ ਵਿਚ ਲਗਾਤਾਰ ਵਾਧਾ ਹੋ ਰਿਹੈ ਅਤੇ ਇਹ ਭਿਆਨਕ ਤ੍ਰਾਸਦੀ ਗਲੋਬਲ ਵਾਰਮਿੰਗ ਦਾ ਹੀ ਨਤੀਜਾ ਆਖੀ ਜਾ ਸਕਦੀ ਹੈ।
Australia
ਜਿਸ ਕਾਰਨ ਜਪਾਨ ਦੇਸ਼ ਦੇ ਖੇਤਰਫਲ ਜਿੰਨਾ ਜੰਗਲੀ ਇਲਾਕਾ ਆਸਟ੍ਰੇਲੀਆ ਵਿਚ ਸੜ ਕੇ ਸੁਆਹ ਹੋ ਗਿਆ। ਅੱਜ ਦੇ ਸਮੇਂ ਅਮਰੀਕਾ, ਕੈਨੇਡਾ, ਇੰਗਲੈਂਡ, ਚੀਨ, ਰੂਸ, ਭਾਰਤ ਸਮੇਤ ਵਿਸ਼ਵ ਦੇ ਹੋਰ ਕਈ ਵੱਡੇ ਦੇਸ਼ਾਂ ਕੋਲ ਕੁਦਰਤੀ ਆਫ਼ਤਾਂ ਨਾਲ ਨਿਪਟਣ ਦੇ ਵੱਡੇ ਤੋਂ ਵੱਡੇ ਸਾਧਨ ਮੌਜੂਦ ਹਨ ਜੇਕਰ ਇਹ ਸਾਰੇ ਦੇਸ਼ ਚਾਹੁੰਦੇ ਤਾਂ ਆਸਟ੍ਰੇਲੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨੂੰ ਕੁੱਝ ਦਿਨਾਂ ਵਿਚ ਹੀ ਬੁਝਾਇਆ ਜਾ ਸਕਦਾ ਸੀ ਅਤੇ ਕਰੋੜਾਂ ਬੇਜ਼ੁਬਾਨ ਜੀਵਾਂ ਦੀ ਜਾਨ ਬਚਾਈ ਜਾ ਸਕਦੀ ਸੀ ਫਿਰ ਆਖ਼ਰ ਕਿਉਂ ਨਹੀਂ ਅਜਿਹਾ ਕੀਤਾ ਗਿਆ? ਕਿਉਂ?
File Photo
ਭਾਵੇਂ ਕਿ ਕੈਨੇਡਾ, ਅਮਰੀਕਾ ਅਤੇ ਨਿਊਜ਼ੀਲੈਂਡ ਵੱਲੋਂ ਅੱਗ ਬੁਝਾਉਣ ਵਿਚ ਆਸਟ੍ਰੇਲੀਆ ਦੀ ਮਦਦ ਕੀਤੀ ਗਈ ਪਰ ਹੈਰਾਨੀ ਹੁੰਦੀ ਹੈ ਇਹ ਸੋਚ ਕੇ ਇਸ ਦੇ ਬਾਵਜੂਦ ਵੀ ਅੱਗ ਨਹੀਂ ਬੁਝ ਸਕੀ। ਕਿਉਂ? ਕਿਉਂ ਸਾਰੇ ਦੇਸ਼ਾਂ ਦੇ ਸਾਧਨ ਅਪਣੇ ਵੱਲੋਂ ਹੀ ਸਹੇੜੀ ਇਸ ਆਫ਼ਤ ਦੇ ਅੱਗੇ ਫ਼ੇਲ੍ਹ ਹੋ ਗਏ? ਵਿਸ਼ਵ ਦੇ ਇਨ੍ਹਾਂ ਵੱਡੇ ਦੇਸ਼ਾਂ ਨੇ ਅਜਿਹੇ ਪ੍ਰਮਾਣੂ ਹਥਿਆਰ ਤਾਂ ਬਣਾ ਲਏ ਜਿਹੜੇ ਪਲਾਂ ਵਿਚ ਹੀ ਪੂਰੀ ਦੁਨੀਆ ਨੂੰ ਫਨਾਹ ਕਰ ਸਕਦੇ ਹਨ ਪਰ ਕੋਈ ਅਜਿਹਾ ਸਾਧਨ ਨਹੀਂ ਬਣਾਇਆ ਜੋ ਇੰਨੀ ਹੀ ਰਫ਼ਤਾਰ ਨਾਲ ਮੁਸੀਬਤ ਦੇ ਮਾਰਿਆਂ ਦੀ ਜਾਨ ਬਚਾ ਜਾ ਸਕੇ।
File Photo
ਆਖ਼ਰ ਕਿਉਂ ਜਾਨਾਂ ਬਚਾਉਣ ਦੀ ਬਜਾਏ ਜਾਨਾਂ ਲੈਣ ਦਾ ਸਮਾਨ ਤਿਆਰ ਕੀਤਾ ਜਾ ਰਿਹੈ? ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਵਿਚ ਜਿੰਦਾ ਸੜ ਕੇ ਮਰੇ 50 ਕਰੋੜ ਤੋਂ ਵੀ ਜ਼ਿਆਦਾ ਬੇਜ਼ੁਬਾਨਾਂ ਦੀ ਮੌਤ ਲਈ ਹਰ ਉਹ ਦੇਸ਼ ਜ਼ਿੰਮੇਵਾਰ ਹੈ ਜਿਸ ਨੇ ਕੁਦਰਤੀ ਆਫ਼ਤਾਂ ਵਿਚ ਲੋਕਾਂ ਦੀ ਜਾਨ ਬਚਾਉਣ ਲਈ ਵੱਡੇ-ਵੱਡੇ ਸਾਧਨ ਤਿਆਰ ਕੀਤੇ ਹੋਏ ਹਨ ਫਿਰ ਕਿਉਂ ਨਹੀਂ ਇਨ੍ਹਾਂ ਸਾਰੇ ਦੇਸ਼ਾਂ ਨੇ ਮਿਲ ਕੇ 50 ਕਰੋੜ ਜੀਵਾਂ ਅਤੇ ਵੱਡੇ ਜੰਗਲੀ ਖੇਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ? ਕਿਉਂ ਨਹੀਂ ਕਿਸੇ ਦੇਸ਼ ਨੂੰ ਅੱਗ ਵਿਚ ਛੱਲੀਆਂ ਦੀ ਤਰ੍ਹਾਂ ਭੁੰਨੇ ਜਾ ਰਹੇ ਇਨ੍ਹਾਂ ਬੇਜ਼ੁਬਾਨਾਂ 'ਤੇ ਤਰਸ ਆਇਆ?
File Photo
ਕੀ ਉਹ ਬੇਜ਼ੁਬਾਨ ਜਾਨਵਰ ਸਨ ਇਸ ਲਈ? ਇਨ੍ਹਾਂ ਸਾਰੀਆਂ ਮੌਤਾਂ ਲਈ ਹਰ ਉਹ ਸਖ਼ਸ਼ ਜ਼ਿੰਮੇਵਾਰ ਹੈ ਜੋ ਵਾਤਾਵਰਣ ਨੂੰ ਲੈ ਕੇ ਰੱਤੀ ਭਰ ਵੀ ਗੰਭੀਰ ਨਹੀਂ।
ਵੱਡੇ ਦੇਸ਼ਾਂ ਵੱਲੋਂ ਇਸ ਤ੍ਰਾਸਦੀ ਦੀ ਅਣਦੇਖੀ ਕੀਤੇ ਜਾਣ ਨੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਵੱਲੋਂ ਵਾਤਾਵਰਣ ਸੰਭਾਲ ਦੇ ਕੀਤੇ ਜਾ ਰਹੇ ਦਾਅਵੇ ਮਹਿਜ਼ ਇਕ ਦਿਖਾਵਾ ਹਨ ਕਿਉਂਕਿ ਜੇਕਰ ਉਹ ਅਸਲ ਵਿਚ ਵਾਤਾਵਰਣ ਪ੍ਰਤੀ ਗੰਭੀਰ ਹੁੰਦੇ ਤਾਂ ਆਸਟ੍ਰੇਲੀਆ ਵਿਚ ਵਾਤਾਵਰਣ ਦਾ ਇੰਨਾ ਵੱਡਾ ਨੁਕਸਾਨ ਨਾ ਹੁੰਦਾ।
File Photo
ਜਿਸ ਹਿਸਾਬ ਨਾਲ ਮਨੁੱਖ ਵੱਲੋਂ ਲਗਾਤਾਰ ਵਾਤਾਵਰਣ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਸ ਹਿਸਾਬ ਨਾਲ ਆਸਟ੍ਰੇਲੀਆ ਦੇ ਜੰਗਲਾਂ ਦੀ ਅੱਗ ਮਹਿਜ਼ ਇਕ ਟ੍ਰੇਲਰ ਹੈ। ਨਾਰਾਜ਼ ਹੋਈ ਕੁਦਰਤ ਦੀ ਅਗਲੀ ਕ੍ਰੋਪੀ ਇਸ ਤੋਂ ਕਿਤੇ ਜ਼ਿਆਦਾ ਭਿਆਨਕ ਹੋਵੇਗੀ ਫਿਰ ਜਿਸ ਨੂੰ ਪੂਰੀ ਦੁਨੀਆ ਵੀ ਮਿਲ ਕੇ ਨਹੀਂ ਰੋਕ ਸਕੇਗੀ। 50 ਕਰੋੜ ਤੋਂ ਜ਼ਿਆਦਾ ਬੇਜ਼ੁਬਾਨਾਂ ਦੀ ਮੌਤ ਦਾ ਹਿਸਾਬ ਆਖ਼ਰ ਇਨਸਾਨ ਨੂੰ ਕਿਸੇ ਨਾ ਕਿਸੇ ਰੂਪ ਵਿਚ ਦੇਣਾ ਹੀ ਪਵੇਗਾ? ਖ਼ੁਦਾ ਖ਼ੈਰ ਕਰੇ!!!