
ਦੂਜੇ ਕਾਰਜਕਾਲ ਲਈ ਚੁਣੇ ਜਾਣ ਵਾਲੇ ਪਹਿਲੇ ਪਾਕਿਸਤਾਨੀ ਨਾਗਰਿਕ ਵੀ ਹੋਣਗੇ ਜ਼ਰਦਾਰੀ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਸਨਿਚਰਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਜਿੱਤ ਲਗਭਗ ਤੈਅ ਹੈ। ਜੇ ਜ਼ਰਦਾਰੀ ਚੋਣਾਂ ਜਿੱਤ ਜਾਂਦੇ ਹਨ ਤਾਂ ਉਹ ਪਾਕਿਸਤਾਨ ਦੇ 14ਵੇਂ ਰਾਸ਼ਟਰਪਤੀ ਹੋਣਗੇ। ਪਾਕਿਸਤਾਨ ਦੇ ਨਵੇਂ ਰਾਸ਼ਟਰਪਤੀ ਮੌਜੂਦਾ ਡਾਕਟਰ ਆਰਿਫ ਅਲਵੀ ਦੀ ਥਾਂ ਲੈਣਗੇ, ਜਿਨ੍ਹਾਂ ਦਾ ਪੰਜ ਸਾਲ ਦਾ ਕਾਰਜਕਾਲ ਪਿਛਲੇ ਸਾਲ ਖਤਮ ਹੋ ਗਿਆ ਸੀ। ਹਾਲਾਂਕਿ, ਉਹ ਨਵੇਂ ਚੋਣ ਮੰਡਲ ਦੇ ਗਠਨ ਤਕ ਅਹੁਦੇ ’ਤੇ ਬਣੇ ਰਹਿਣਗੇ।
ਕਾਰੋਬਾਰੀ ਤੋਂ ਸਿਆਸਤਦਾਨ ਬਣੇ ਜ਼ਰਦਾਰੀ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਪਤੀ ਹਨ। ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਸਹਿ-ਚੇਅਰਮੈਨ ਜ਼ਰਦਾਰੀ (68) ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦਾ ਸਮਰਥਨ ਪ੍ਰਾਪਤ ਹੈ, ਜਿਸ ਕੋਲ ਬਹੁਮਤ ਲਈ ਲੋੜੀਂਦੀ ਗਿਣਤੀ ਹੈ।
ਜ਼ਰਦਾਰੀ ਨੂੰ 8 ਫ਼ਰਵਰੀ ਨੂੰ ਹੋਈਆਂ ਚੋਣਾਂ ’ਚ ਟੁੱਟੇ ਹੋਏ ਫਤਵੇ ਤੋਂ ਬਾਅਦ ਹੋਏ ਸਮਝੌਤੇ ਦੇ ਹਿੱਸੇ ਵਜੋਂ ਰਾਸ਼ਟਰਪਤੀ ਦਾ ਅਹੁਦਾ ਮਿਲਣ ਦੀ ਉਮੀਦ ਹੈ। ਸਮਝੌਤੇ ਅਨੁਸਾਰ ਪੀ.ਪੀ.ਪੀ. ਨੇ ਪੀ.ਐਮ.ਐਲ.-ਐਨ. ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਸਮਰਥਨ ਕੀਤਾ ਅਤੇ ਮਰੀਅਮ ਨਵਾਜ਼ ਨੂੰ ਪੰਜਾਬ ਸੂਬੇ ’ਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ। ਪੀ.ਐਮ.ਐਲ.-ਐਨ. ਨੇ ਰਾਸ਼ਟਰਪਤੀ ਅਹੁਦੇ ਲਈ ਜ਼ਰਦਾਰੀ ਦਾ ਸਮਰਥਨ ਕੀਤਾ ਅਤੇ ਸਿੰਧ ਸੂਬਾ ਪੀ.ਪੀ.ਪੀ. ਦੇ ਹਿੱਸੇ ’ਚ ਆਇਆ।
ਜ਼ਰਦਾਰੀ ਇਸ ਤੋਂ ਪਹਿਲਾਂ 2008 ਤੋਂ 2013 ਤਕ ਪਾਕਿਸਤਾਨ ਦੇ ਰਾਸ਼ਟਰਪਤੀ ਰਹਿ ਚੁਕੇ ਹਨ ਅਤੇ ਦੂਜੇ ਕਾਰਜਕਾਲ ਲਈ ਚੁਣੇ ਜਾਣ ਵਾਲੇ ਪਹਿਲੇ ਪਾਕਿਸਤਾਨੀ ਨਾਗਰਿਕ ਵੀ ਹੋਣਗੇ। ਪਸ਼ਤੂਨਖਵਾ ਮਿੱਲੀ ਅਵਾਮੀ ਪਾਰਟੀ (ਪੀ.ਕੇ.ਐਮ.ਏ.ਪੀ.) ਦੇ ਮੁਖੀ ਮਹਿਮੂਦ ਖਾਨ ਅਚਕਜ਼ਈ ਜ਼ਰਦਾਰੀ ਨੂੰ ਚੁਨੌਤੀ ਦੇ ਰਹੇ ਹਨ, ਜੋ ਸੁੰਨੀ ਇਤਹਾਦ ਕੌਂਸਲ ਤੋਂ ਚੋਣ ਲੜ ਰਹੇ ਹਨ। ਇਹ ਕਾਨਫਰੰਸ ਉਸ ਸਮੇਂ ਪ੍ਰਮੁੱਖਤਾ ’ਚ ਆਈ ਜਦੋਂ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਸਮਰਥਿਤ ਆਜ਼ਾਦ ਉਮੀਦਵਾਰ ਸੁੰਨੀ ਇਤਹਾਦ ਕੌਂਸਲ ’ਚ ਸ਼ਾਮਲ ਹੋ ਗਏ।
ਪੀ.ਪੀ.ਪੀ. ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਭਰੋਸਾ ਦਿਤਾ ਕਿ ਉਨ੍ਹਾਂ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਪੰਜਾਬ ਦੇ ਸੰਸਦ ਮੈਂਬਰਾਂ ਦੀ ਉਸੇ ਤਰ੍ਹਾਂ ਦੇਖਭਾਲ ਕਰਨਗੇ ਜਿਵੇਂ ਉਹ ਉਨ੍ਹਾਂ ਨਾਲ ਕਰਦੇ ਹਨ। ਪੀ.ਐਮ.ਐਲ.-ਐਨ. ਦੀ ਬਹੁਮਤ ਵਾਲੀ ਪੰਜਾਬ ਸੂਬਾਈ ਅਸੈਂਬਲੀ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਬਿਲਾਵਲ ਨੇ ਕਿਹਾ ਕਿ ਉਹ 9 ਮਾਰਚ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਸੰਸਦ ਮੈਂਬਰਾਂ ਨੂੰ ਅਪਣੇ ਪਿਤਾ ਨੂੰ ਵੋਟ ਪਾਉਣ ਲਈ ਕਹਿਣ ਆਏ ਸਨ।