
ਵਿਦੇਸ਼ ਵਿੱਚ ਚੰਗੇ ਜੀਵਨ ਦੀ ਭਾਲ ਵਿੱਚ ਭਾਰੀ ਪੈਸਾ ਲਗਾਉਣ ਤੋਂ ਪਹਿਲਾਂ ਕੈਨੇਡਾ ਦੇ ਆਈਆਰਸੀਸੀ ਦੁਆਰਾ ਆਨਲਾਈਨ ਪ੍ਰਦਾਨ ਕੀਤੀ ਗਈ ਚੈਕਲਿਸਟ ਦੀ ਪਾਲਣਾ ਕਰਨੀ ਚਾਹੀਦੀ
ਕੈਨੇਡਾ- ਚੰਗੇ ਭਵਿੱਖ ਲਈ ਕੈਨੇਡਾ ਦਾ ਰੁੱਖ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਲੈਣ ਤੋਂ ਪਹਿਲਾਂ ਸਹੀ ਜਾਂਚ ਕਰਨ ਲਈ ਸੁਚੇਤ ਕੀਤਾ ਹੈ। ਇਕ ਸਮਾਚਾਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਵਰਮਾ ਨੇ ਕਿਹਾ ਕਿ ਭਾਵੇਂ ਕੈਨੇਡੀਅਨ ਸੰਸਥਾਵਾਂ ਵਿੱਚੋਂ 99 ਪ੍ਰਤੀਸ਼ਤ ਵਾਸਤਵਿਕ ਸਨ ਅਤੇ ਵਿਸ਼ਵ ਪੱਧਰੀ ਸਿੱਖਿਆ ਦੀ ਪੇਸ਼ਕਸ਼ ਕਰਦੀਆਂ ਸਨ, ਫਿਰ ਵੀ ਲਗਭਗ 10 ਨਿੱਜੀ ਸੰਸਥਾਵਾਂ ਨੇ ਝੂਠੇ ਦਾਅਵਿਆਂ ਨਾਲ ਕਈ ਵਿਦਿਆਰਥੀਆਂ ਨੂੰ ਫਸਾਇਆ ਸੀ।
ਇਨ੍ਹਾਂ ਸੰਸਥਾਵਾਂ ਦੇ ਆਧਾਰ 'ਤੇ ਮੰਗੇ ਗਏ ਕਈ ਵੀਜ਼ੇ ਰੱਦ ਕਰ ਦਿੱਤੇ ਗਏ, ਜਿਸ ਨਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਪਰੇਸ਼ਾਨੀ ਹੋਈ।
ਵਰਮਾ ਨੇ ਕਿਹਾ ਕਿ ਮੈਨੂੰ ਭਾਰਤ ਬਾਰੇ ਵਧੇਰੇ ਚਿੰਤਾ ਹੈ, ਜਿੱਥੇ ਭਾਰਤ ਵਿੱਚ ਬੈਠੇ ਧੋਖੇਬਾਜ਼ ਏਜੰਟਾਂ ਅਤੇ ਭਰਤੀ ਕਰਨ ਵਾਲਿਆਂ ਦੁਆਰਾ ਝੂਠੀ ਜਾਣਕਾਰੀ ਫੈਲਾਈ ਜਾ ਰਹੀ ਹੈ।
ਵਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਵਿਦੇਸ਼ ਵਿੱਚ ਚੰਗੇ ਜੀਵਨ ਦੀ ਭਾਲ ਵਿੱਚ ਭਾਰੀ ਪੈਸਾ ਲਗਾਉਣ ਤੋਂ ਪਹਿਲਾਂ ਕੈਨੇਡਾ ਦੇ ਆਈਆਰਸੀਸੀ (ਇਮੀਗ੍ਰੇਸ਼ਨ, ਰਫਿਊਜੀਜ਼ ਸਿਟੀਜ਼ਨਸ਼ਿਪ ਕੈਨੇਡਾ) ਦੁਆਰਾ ਆਨਲਾਈਨ ਪ੍ਰਦਾਨ ਕੀਤੀ ਗਈ ਚੈਕਲਿਸਟ ਦੀ ਪਾਲਣਾ ਕਰਨੀ ਚਾਹੀਦੀ ਹੈ।