
ਤਣਾਅ ਘੱਟ ਕਰਨ ਅਤੇ ਮਜ਼ਾ ਲੈਣ ਲਈ ਕਰਦਾ ਸੀ ਸੀਟਾਂ ਚੋਰੀ
ਓਸਾਕਾ : ਇਸ ਰੰਗ-ਰੰਗੀਲੀ ਦੁਨੀਆਂ ਅੰਦਰ ਵੱਖ ਵੱਖ ਰੰਗ, ਨਸਲ ਅਤੇ ਆਦਤਾਂ ਵਾਲੇ ਜੀਵ ਮੌਜੂਦ ਹਨ ਜੋ ਅਪਣੀਆਂ ਵਿਲੱਖਣ ਹਰਕਤਾਂ ਕਰ ਕੇ ਜਾਣੇ ਜਾਂਦੇ ਹਨ। ਇਨ੍ਹਾਂ ਵਿਚੋਂ ਇਨਸਾਨ ਹੀ ਇਕ ਅਜਿਹਾ ਜੀਵ ਹੈ ਜਿਸ ੂਨੂੰ ਸਭ ਤੋਂ ਸ੍ਰੇਸ਼ਠ ਹੋਣ ਦਾ ਖਿਤਾਬ ਹਾਸਲ ਹੈ। ਪਰ ਜਦੋਂ ਇਨਸਾਨ ਅੰਦਰ ਵੀ ਜਨੂਨ ਅਤੇ ਸਨਕ ਰੂਪੀ ਖ਼ੂਬੀਆਂ ਪੈਦਾ ਹੋ ਜਾਂਦੀਆਂ ਹਨ ਤਾਂ ਇਹ ਜਾਨਵਰਾਂ ਦੀਆਂ ਹਰਕਤਾਂ ਨੂੰ ਵੀ ਮਾਤ ਪਾ ਦਿੰਦਾ ਹੈ।
Photo
ਇਹ ਅਜਿਹੀਆਂ ਅਜੀਬੋ-ਗ਼ਰੀਬ ਹਰਕਤਾਂ ਅਤੇ ਆਦਤਾਂ ਦਾ ਮਾਲਕ ਵੀ ਹੋ ਸਕਦਾ ਹੈ ਜਿਸ ਬਾਰੇ ਕੋਈ ਸਮਝਦਾਰ ਇਨਸਾਨ ਸੋਚ ਵੀ ਨਹੀਂ ਸਕਦਾ। ਭਾਵੇਂ ਦੂਜੇ ਲੋਕ ਇਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਤੋਂ ਹੈਰਾਨ ਪ੍ਰੇਸ਼ਾਨ ਹੁੰਦੇ ਹਨ ਪਰ ਇਹ ਅਪਣੀਆਂ ਇਨ੍ਹਾਂ ਹਰਕਤਾਂ ਕਾਰਨ ਖੂਬ ਅਨੰਦਤ ਹੁੰਦੇ ਹਨ। ਅਜਿਹਾ ਹੀ ਇਕ ਮਾਮਲਾ ਜਪਾਨ ਵਿਚ ਸਾਹਮਣੇ ਆਇਆ ਹੈ ਜਿੱਥੇ ਇਕ ਟਰੱਕ ਡਰਾਈਵਰ ਲਗਭਗ 25 ਸਾਲਾਂ ਤਕ ਸਾਈਕਲਾਂ ਦੀਆਂ ਸੀਟਾਂ ਨੂੰ ਚੋਰੀ ਕਰਨ ਦਾ ਸ਼ੌਕ ਪਾਲਦਾ ਆ ਰਿਹਾ ਸੀ।
Photo
ਜਪਾਨ ਦੇ ਸ਼ਹਿਰ ਓਸਾਕਾ ਦੀ ਪੁਲਿਸ ਨੇ ਇਕ ਅਜਿਹੇ ਹੀ ਸ਼ਖਸ਼ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਅਸਲ ਵਿਚ ਹਿਰੋਆਕੀ ਸੂਡਾ ਨਾਮ ਦਾ ਇਹ 57 ਸਾਲਾ ਵਿਅਕਤੀ ਹਿੰਗਾ ਸ਼ਿਓਸਾਕਾ ਵਿਚ ਸਾਈਕਲ ਪਾਰਕਿੰਗ ਵਿਚੋਂ ਸਾਈਕਲ ਦੀ ਗੱਦੀ ਚੋਰੀ ਕਰਦਾ ਹੋਇਆ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਸੀ। ਇਸ ਵੀਡੀਓ ਕਲਿਪ ਦੇ ਅਧਾਰ 'ਤੇ ਪੁਲਿਸ ਨੇ ਹਿਰੋਆਕੀ ਸੂਡਾ ਨੂੰ ਗ੍ਰਿਫ਼ਤਾਰ ਕੀਤਾ ਸੀ।
Photo
ਜਦੋਂ ਪੁਲਿਸ ਨੇ ਇਸ ਤੋਂ ਚੋਰੀ ਸਬੰਧੀ ਪੁਛਗਿੱਛ ਕੀਤੀ ਤਾਂ ਇਸ ਨੇ ਅਜਿਹੇ ਖੁਲਾਸੇ ਕੀਤੇ ਜਿਸ ਨੂੰ ਸੁਣ ਕੇ ਪੁਲਿਸ ਅਧਿਕਾਰੀ ਵੀ ਦੰਗ ਰਹਿ ਗਏ। ਸੂਡਾ ਨੇ ਦਸਿਆ ਕਿ ਉਹ ਸਾਈਕਲਾਂ ਦੀਆਂ ਸੀਟਾਂ ਚੋਰੀ ਕਰਨ ਦਾ ਕੰਮ ਕਾਫੀ ਲੰਮੇ ਅਰਸੇ ਤੋਂ ਕਰਦਾ ਆ ਰਿਹਾ ਹੈ। ਸੂਡਾ ਅਨੁਸਾਰ ਉਸ ਨੂੰ ਇਹ ਕੰਮ ਕਰਨ 'ਚ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੈ। ਉਸ ਨੇ ਦਸਿਆ ਕਿ ਉਹ ਇਹ ਕੰਮ ਪਿਛਲੇ 25 ਸਾਲਾਂ ਤੋਂ ਕਰਦਾ ਆ ਰਿਹਾ ਹੈ ਅਤੇ ਉਹ ਹੁਣ ਤਕ 5800 ਤੋਂ ਵਧੇਰੇ ਸੀਟਾਂ ਚੋਰੀ ਕਰ ਚੁੱਕਾ ਹੈ।
Photo
ਪਹਿਲਾਂ ਤਾਂ ਪੁਲਿਸ ਨੂੰ ਉਸ ਦੇ ਦਾਅਵਿਆਂ 'ਤੇ ਯਕੀਨ ਹੀ ਨਹੀਂ ਆਇਆ ਪਰ ਜਦੋਂ ਉਸ ਦੇ ਦੱਸੇ ਟਿਕਾਣੇ 'ਤੇ ਪੁਲਿਸ ਪਹੁੰਚੀ ਤਾਂ ਵੱਡੀ ਗਿਣਤੀ 'ਚ ਸੀਟਾਂ ਵੇਖ ਕੇ ਹੈਰਾਨ ਰਹਿ ਗਈ। ਪੁਲਿਸ ਨੇ ਸੂਡਾ ਦੀ ਨਿਸ਼ਾਨਦੇਹੀ 'ਤੇ ਇਕ ਕਿਰਾਏ 'ਤੇ ਲਏ ਗਏ ਸਟੋਰੇਜ ਫੈਸੀਲਿਟੀ ਵਿਚੋਂ ਇਹ ਸੀਟਾਂ ਬਰਾਮਦ ਕਰ ਲਈਆਂ ਹਨ। ਕਿੱਤੇ ਵਜੋਂ ਟਰੱਕ ਡਰਾਈਵਰੀ ਕਰਦੇ ਸੂਡਾ ਨੂੰ ਪੁਲਿਸ ਨੇ ਚੋਰੀ ਦੇ ਇਲਜ਼ਾਮ ਅਧੀਨ ਗ੍ਰਿਫ਼ਤਾਰ ਕਰ ਲਿਆ ਹੈ।
Photo
ਸੂਡਾ ਅਨੁਸਾਰ ਉਸ ਨੇ ਸੀਟਾਂ ਚੋਰੀ ਕਰਨ ਦਾ ਕੰਮ ਟੋਕੀਓ ਅਤੇ ਓਸਾਕਾ ਤੋਂ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿਚ ਉਹ ਇਹ ਕੰਮ ਤਣਾਅ ਘੱਟ ਕਰਨ ਲਈ ਕਰਦਾ ਸੀ, ਪਰ ਬਾਅਦ ਵਿਚ ਉਸ ਨੂੰ ਇਹ ਕੰਮ ਕਰਨ ਵਿਚ ਮਜ਼ਾ ਆਉਣ ਲੱਗ ਪਿਆ। ਉਸ ਨੂੰ ਸਾਈਕਲ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਸੀਟਾਂ ਇਕੱਠੀਆਂ ਕਰਨ ਦਾ ਸ਼ੌਕ ਸੀ। ਸੂਤਰਾਂ ਮੁਤਾਬਕ ਉਹ ਟਰੱਕ ਰਾਹੀਂ ਦੂਜੇ ਸ਼ਹਿਰਾਂ ਵਿਚ ਵੀ ਜਾਂਦਾ ਰਹਿਦਾ ਸੀ ਜਿੱਥੇ ਸੁੰਨਸਾਨ ਥਾਂਵਾਂ 'ਤੇ ਖੜ੍ਹੀਆਂ ਸਾਈਕਲਾਂ 'ਤੇ ਉਹ ਅਪਣਾ ਸ਼ੌਕ ਪਾਲਦਾ ਆ ਰਿਹਾ ਸੀ।