
ਧਮਾਕੇ ਦੌਰਾਨ 7 ਹੋਰ ਲੋਕ ਜ਼ਖ਼ਮੀ ਹੋ ਗਏ
ਇਸਲਾਮਾਬਾਦ : ਉੱਤਰੀ ਅਫ਼ਗ਼ਾਨਿਸਤਾਨ ਵਿਚ ਮੰਗਲਵਾਰ ਨੂੰ ਇਕ ਬੈਂਕ ਨੇੜੇ ਆਤਮਘਾਤੀ ਹਮਲਾਵਰ ਨੇ ਖ਼ੁਦ ਨੂੰ ਉਡਾ ਲਿਆ, ਜਿਸ ਵਿਚ ਘੱਟੋ-ਘੱਟ 5 ਲੋਕ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਬੁਲਾਰੇ ਜੁਮਾਉਦੀਨ ਖਾਕਸਰ ਨੇ ਕਿਹਾ ਕਿ ਇਹ ਹਮਲਾ ਕੁੰਦੁਜ਼ ਸੂਬੇ ਵਿਚ ਕਾਬੁਲ ਬੈਂਕ ਦੀ ਇਕ ਬ੍ਰਾਂਚ ਦੇ ਨੇੜੇ ਹੋਇਆ। ਮ੍ਰਿਤਕਾਂ ਵਿਚ ਬੈਂਕ ਦਾ ਇਕ ਗਾਰਡ ਵੀ ਸ਼ਾਮਲ ਹੈ। ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਖਾਕਸਰ ਨੇ ਕਿਹਾ ਕਿ ਪੁਲਿਸ ਹਮਲੇ ਦੀ ਸਾਜ਼ਸ਼ ਰਚਣ ਵਾਲਿਆਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ। ਖਾਕਸਰ ਨੇ ਕੋਈ ਹੋਰ ਵੇਰਵੇ ਨਹੀਂ ਦਿਤੇ।
ਅਤੀਤ ਵਿਚ ਇਸਲਾਮਿਕ ਸਟੇਟ ਸਮੂਹ ਦੇ ਅਤਿਵਾਦੀਆਂ ਨੇ ਪੂਰੇ ਅਫ਼ਗ਼ਾਨਿਸਤਾਨ ਵਿਚ ਬੰਬ ਧਮਾਕੇ ਕੀਤੇ ਹਨ, ਹਾਲਾਂਕਿ ਅਗੱਸਤ 2021 ਵਿਚ ਤਾਲਿਬਾਨ ਦੇ ਸੱਤੇ ਉਤੇ ਕਾਬਜ਼ ਹੋਣ ਤੋਂ ਬਾਅਦ ਆਤਮਘਾਤੀ ਹਮਲੇ ਬੇਹਦ ਘੱਟ ਗਏ ਹਨ।