
ਆਟੇ-ਚੀਨੀ ਦੀਆਂ ਕੀਮਤਾਂ ਨੇ ਤੋੜੇ ਰਿਕਾਰਡ
ਇਸਲਾਮਾਬਾਦ: ‘ਨਵੇਂ ਪਾਕਿਸਤਾਨ’ ਦਾ ਸੁਪਨਾ ਲੈ ਕੇ ਸੱਤਾ ਵਿਚ ਆਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਇਹਨੀਂ ਦਿਨੀਂ ਹੋਸ਼ ਉੱਡ ਗਏ ਹਨ। ਇਮਰਾਨ ਦੇ ਨਵੇਂ ਪਾਕਿਸਤਾਨ ਵਿਚ ਜਨਤਾ ਰੋਟੀ ਨੂੰ ਵੀ ਤਰਸ ਰਹੀ ਹੈ। ਪਾਕਿਸਤਾਨ ਵਿਚ ਮਹਿੰਗਾਈ ਨਾਲ ਹਾਹਾਕਾਰ ਮਚੀ ਹੋਈ ਹੈ। ਆਟੇ ਦੀ ਭਾਰੀ ਕਿੱਲਤ ਵਿਚ ਹੁਣ ਪਾਕਿਸਤਾਨ ਵਿਚ ਚੀਨੀ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ।
ਆਟੇ ਅਤੇ ਚੀਨੀ ਦੀਆਂ ਵਧਦੀਆਂ ਕੀਮਤਾਂ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦਖਲ ਦੇਣੀ ਪੈ ਰਹੀ ਹੈ। ਇਮਰਾਨ ਖ਼ਾਨ ਨੇ ਆਟੇ ਅਤੇ ਚੀਨੀ ਦੀਆਂ ਵਧਦੀਆਂ ਕੀਤਮਾਂ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ। ਇਮਰਾਨ ਨੇ ਟਵੀਟ ਕਰ ਕੇ ਕਿਹਾ ਕਿ ਉਹ ਜਨਤਾ ਦੀਆਂ ਮੁਸ਼ਕਲਾਂ ਨੂੰ ਸਮਝ ਰਹੇ ਹਨ ਅਤੇ ਖਾਦ ਪਦਾਰਥਾਂ ਦੀਆਂ ਕੀਮਤਾਂ ਘੱਟ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਉਹਨਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੇ ਆਟੇ ਅਤੇ ਚੀਨੀ ਦੀਆਂ ਕੀਮਤਾਂ ਦੀ ਜਾਂਚ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਾਕਿਸਤਾਨ ਵਿਚ ਆਟੇ ਦੀ ਗੰਭੀਰ ਕਿੱਲਤ ਤੋਂ ਬਾਅਦ ਹੁਣ ਚੀਨੀ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਹੋਇਆ ਹੈ। ਹਾਲਾਤ ਅਜਿਹੇ ਹਨ ਕਿ ਪਾਕਿਸਤਾਨ ਵਿਚ ਇਕ ਰੋਟੀ ਦੀ ਕੀਮਤ 12 ਤੋਂ 15 ਰੁਪਏ ਪੈ ਰਹੀ ਹੈ।
ਇਮਰਾਨ ਸਰਕਾਰ ਦੇ 15 ਮਹੀਨਿਆਂ ਦੇ ਕਾਰਜਕਾਲ ਵਿਚ ਚੀਨੀ ਦੀ ਥੋਕ ਕੀਮਤ ਹੁਣ 74 ਰੁਪਏ ਕਿਲੋ ਹੋ ਗਈ ਹੈ। ਬਜ਼ਾਰ ਮਾਹਿਰਾਂ ਮੁਤਾਬਕ ਅਗਲੇ ਹਫਤੇ ਤੱਕ ਚੀਨੀ ਦੀ ਥੋਕ ਕੀਮਤ 80 ਰੁਪਏ ਪ੍ਰਤੀ ਕਿਲੋ ਹੋ ਜਾਵੇਗੀ।
ਚੀਨੀ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਇਮਰਾਨ ਸਰਕਾਰ ਨੇ ਇਸ ਦੇ ਬਰਾਮਦ ‘ਤੇ ਪਾਬੰਦੀ ਨਹੀਂ ਲਗਾਈ ਤਾਂ ਇਸ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਸਕਦੀਆਂ ਹਨ। ਇਸ ਤੋਂ ਪਹਿਲਾਂ ਪਰਵੇਜ਼ ਮੁਸ਼ਰਫ ਦੇ ਕਾਰਜਕਾਲ ਦੌਰਾਨ ਵੀ ਪਾਕਿਸਤਾਨ ਵਿਚ ਚੀਨੀ ਦੀਆਂ ਕੀਮਤਾਂ 105 ਪ੍ਰਤੀ ਕਿਲੋ ਪਹੁੰਚ ਗਈਆਂ ਸੀ।