
ਹੁਣ ਪਾਕਿਸਤਾਨ ਲਹਿਰਾਏਗਾ 500 ਫ਼ੁਟ ਉਚਾ ਝੰਡਾ
ਇਸਲਾਮਾਬਾਦ: ਕੌਮਾਂਤਰੀ ਮੁਦਰਾ ਫ਼ੰਡ (ਆਈ.ਐਮ.ਐਫ਼.) ਤੋਂ ਕਰਜ਼ਾ ਮਨਜ਼ੂਰ ਹੁੰਦੇ ਹੀ ਪਾਕਿਸਤਾਨ ਨੇ ਸੱਭ ਤੋਂ ਉਚਾ ਝੰਡਾ ਲਹਿਰਾਉਣ ਦਾ ਮੁਕਾਬਲਾ ਸ਼ੁਰੂ ਕਰ ਦਿਤਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ 76ਵੇਂ ਸੁਤੰਤਰਤਾ ਦਿਵਸ ਯਾਨੀ 14 ਅਗੱਸਤ ਨੂੰ 500 ਫ਼ੁਟ ਉਚਾ ਪਾਕਿਸਤਾਨੀ ਝੰਡਾ ਲਹਿਰਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਕੀਮਤ ਕਰੀਬ 40 ਕਰੋੜ ਪਾਕਿਸਤਾਨੀ ਰੁਪਏ ਹੋਵੇਗੀ।
ਪਾਕਿਸਤਾਨ ਨੇ ਦੇਸ਼ ਦੇ ਸੱਭ ਤੋਂ ਉਚੇ ਝੰਡੇ ਦੇ ਖ਼ਿਤਾਬ ਦਾ ਦਾਅਵਾ ਕਰਨ ਦੇ ਉਦੇਸ਼ ਨਾਲ ਲਾਹੌਰ ਵਿਚ 500 ਫ਼ੁਟ ਉਚਾ ਝੰਡਾ ਲਹਿਰਾਉਣ ਦੀ ਇਕ ਵੱਡੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ 40 ਕਰੋੜ ਰੁਪਏ ਦੀ ਮਹੱਤਵਪੂਰਨ ਲਾਗਤ ਨਾਲ ਬਣਿਆ ਇਹ ਪ੍ਰਾਜੈਕਟ 14 ਅਗੱਸਤ, 2023 ਨੂੰ ਪਾਕਿਸਤਾਨ ਦੇ ਸੁਤੰਤਰਤਾ ਦਿਵਸ ’ਤੇ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਕੋਸ਼ਿਸ਼ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੱਭ ਤੋਂ ਉੱਚੇ ਝੰਡੇ ਨੂੰ ਲਹਿਰਾਉਣ ਦੇ ਮੁਕਾਬਲੇ ਦਾ ਹਿੱਸਾ ਹੈ।
ਇਹ ਮੁਕਾਬਲਾ 2017 ਵਿਚ ਸ਼ੁਰੂ ਹੋਇਆ ਸੀ ਜਦੋਂ ਭਾਰਤ ਨੇ ਇਸੇ ਸਾਲ ਮਾਰਚ ਵਿਚ ਅਟਾਰੀ-ਵਾਹਗਾ ਸਰਹੱਦ ’ਤੇ ਮਾਣ ਨਾਲ 360 ਫ਼ੁਟ ਦਾ ਝੰਡਾ ਲਹਿਰਾਇਆ ਸੀ। ਇਸ ਦੇ ਜਵਾਬ ਵਿਚ ਪਾਕਿਸਤਾਨ ਨੇ ਅਗੱਸਤ 2017 ਵਿਚ ਅਪਣੇ ਸੁਤੰਤਰਤਾ ਦਿਵਸ ’ਤੇ ਉਸੇ ਸਰਹੱਦ ’ਤੇ 400 ਫ਼ੁਟ ਦਾ ਝੰਡਾ ਲਹਿਰਾਇਆ ਸੀ। ਭਾਰਤ ਨੇ ਫਿਰ ਅਕਤੂਬਰ ਵਿਚ ਅੰਮ੍ਰਿਤਸਰ ਵਿਚ ਭਾਰਤ-ਪਾਕਿ ਸਰਹੱਦ ’ਤੇ 418 ਫ਼ੁਟ ਉਚਾ ਝੰਡਾ ਲਹਿਰਾ ਕੇ ਇਸ ਉਚਾਈ ਨੂੰ ਪਾਰ ਕਰ ਲਿਆ ਸੀ। ਹੁਣ ਪਾਕਿਸਤਾਨ ਲਾਹੌਰ ਵਿਚ 500 ਫ਼ੁਟ ਉਚਾ ਝੰਡਾ ਲਗਾ ਕੇ ਮੁਕਾਬਲਾ ਕਰਨਾ ਚਾਹੁੰਦਾ ਹੈ।