ਇਜ਼ਰਾਈਲ ਗਾਜ਼ਾ ’ਚ ਨਸਲਕੁਸ਼ੀ ਕਰ ਰਿਹੈ, ਈਰਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ : ਸਾਊਦੀ ਅਰਬ ਦੇ ਪ੍ਰਿੰਸ ਸਲਮਾਨ
ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਵਾਰ ਸਾਊਦੀ ਅਰਬ ਨੇ ਇਜ਼ਰਾਈਲ ਦੀ ਇੰਨੀ ਸਖਤ ਆਲੋਚਨਾ ਕੀਤੀ
ਰਿਆਦ : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਕਿਹਾ ਕਿ ਇਜ਼ਰਾਈਲ ਗਾਜ਼ਾ ਅਤੇ ਲੇਬਨਾਨ ’ਚ ‘ਨਸਲਕੁਸ਼ੀ’ ਕਰ ਰਿਹਾ ਹੈ। ਬੀ.ਬੀ.ਸੀ. ਦੀ ਰੀਪੋਰਟ ਮੁਤਾਬਕ ਪ੍ਰਿੰਸ ਸਲਮਾਨ ਸੋਮਵਾਰ ਨੂੰ ਰਿਆਦ ’ਚ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।
ਪ੍ਰਿੰਸ ਸਲਮਾਨ ਨੇ ਕਿਹਾ ਕਿ ਫਿਲਸਤੀਨ ਇਕ ਸੁਤੰਤਰ ਦੇਸ਼ ਹੈ ਅਤੇ ਇਸ ਨੂੰ ਵੱਖਰੇ ਦੇਸ਼ ਦਾ ਦਰਜਾ ਦਿਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਈਰਾਨ ਨਾਲ ਸਬੰਧ ਸੁਧਾਰਨ ਦਾ ਵੀ ਸੰਕੇਤ ਦਿਤਾ। ਸਲਮਾਨ ਨੇ ਇਜ਼ਰਾਈਲ ਨੂੰ ਈਰਾਨ ’ਤੇ ਹਮਲਾ ਨਾ ਕਰਨ ਦੀ ਚੇਤਾਵਨੀ ਦਿਤੀ ਅਤੇ ਵੈਸਟ ਬੈਂਕ ਅਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਨੂੰ ਵਾਪਸ ਬੁਲਾਉਣ ਦੀ ਵੀ ਮੰਗ ਕੀਤੀ।
ਗਾਜ਼ਾ ਵਿਚ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸਾਊਦੀ ਅਰਬ ਨੇ ਇਜ਼ਰਾਈਲ ਦੀ ਇੰਨੀ ਸਖਤ ਆਲੋਚਨਾ ਕੀਤੀ ਹੈ। ਸਾਊਦੀ ਅਰਬ ਦੀ ਪਹਿਲ ’ਤੇ ਰਿਆਦ ’ਚ ਮੁਸਲਿਮ ਅਤੇ ਅਰਬ ਨੇਤਾਵਾਂ ਨੇ ਮੱਧ ਪੂਰਬ ’ਚ ਇਜ਼ਰਾਈਲ ਦੀ ਕਾਰਵਾਈ ’ਤੇ ਚਰਚਾ ਕਰਨ ਲਈ ਇਕ ਐਮਰਜੈਂਸੀ ਬੈਠਕ ਬੁਲਾਈ। ਇਸ ’ਚ ਦੁਨੀਆਂ ਦੇ 50 ਤੋਂ ਵੱਧ ਮੁਸਲਿਮ ਦੇਸ਼ਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਇਹ ਸਿਖਰ ਸੰਮੇਲਨ ਅਜਿਹੇ ਸਮੇਂ ਬੁਲਾਇਆ ਗਿਆ ਸੀ ਜਦੋਂ ਡੋਨਾਲਡ ਟਰੰਪ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਜਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਸਲਾਮਿਕ ਦੇਸ਼ ਟਰੰਪ ’ਤੇ ਨੈਤਿਕ ਦਬਾਅ ਬਣਾਉਣਾ ਚਾਹੁੰਦੇ ਹਨ ਤਾਂ ਜੋ ਉਹ ਇਜ਼ਰਾਈਲ ਦੀ ਕਾਰਵਾਈ ਨੂੰ ਰੋਕ ਸਕਣ।
ਅਲ ਜਜ਼ੀਰਾ ਦੀ ਰੀਪੋਰਟ ਮੁਤਾਬਕ ਈਰਾਨ ਦੇ ਰਾਸ਼ਟਰਪਤੀ ਮਸੂਦ ਪਜਾਸ਼ਕਿਆਨ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਨੂੰ ਫੋਨ ਕੀਤਾ ਸੀ। ਉਨ੍ਹਾਂ ਨੇ ਇਸ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਸਾਊਦੀ ਅਰਬ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਲਮਾਨ ਨੂੰ ਕਿਹਾ ਕਿ ਉਹ ਨਿੱਜੀ ਤੌਰ ’ਤੇ ਸੰਮੇਲਨ ’ਚ ਸ਼ਾਮਲ ਨਹੀਂ ਹੋ ਸਕਣਗੇ ਪਰ ਉਹ ਈਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਨੂੰ ਅਪਣੇ ਪ੍ਰਤੀਨਿਧੀ ਦੇ ਤੌਰ ’ਤੇ ਭੇਜ ਰਹੇ ਹਨ।
ਬੈਠਕ ’ਚ ਈਰਾਨ ਦੇ ਉਪ ਰਾਸ਼ਟਰਪਤੀ ਮੁਹੰਮਦ ਰੇਜ਼ ਅਰੇਫ ਨੇ ਗਾਜ਼ਾ ’ਚ ਵਾਪਰੀਆਂ ਘਟਨਾਵਾਂ ਨੂੰ ਸ਼ਰਮਨਾਕ ਤਬਾਹੀ ਦਸਿਆ ਅਤੇ ਸਾਰੇ ਮੁਸਲਿਮ ਦੇਸ਼ਾਂ ਨੂੰ ਇਕਜੁੱਟ ਹੋ ਕੇ ਇਜ਼ਰਾਈਲ ਨੂੰ ਜਵਾਬ ਦੇਣ ਲਈ ਕਾਰਵਾਈ ਕਰਨ ਦੀ ਅਪੀਲ ਕੀਤੀ।
ਪਿਛਲੇ ਸਾਲ ਵੀ ਇਹ ਸਿਖਰ ਸੰਮੇਲਨ 11 ਨਵੰਬਰ ਨੂੰ ਰਿਆਦ ’ਚ ਹੋਇਆ ਸੀ। ਇਸ ਬੈਠਕ ’ਚ ਕਈ ਮੁਸਲਿਮ ਦੇਸ਼ਾਂ ਦੇ ਨੇਤਾ ਵੀ ਸ਼ਾਮਲ ਹੋਏ। ਉਦੋਂ ਵੀ ਮੁਸਲਿਮ ਦੇਸ਼ਾਂ ਨੇ ਇਕਜੁੱਟ ਹੋ ਕੇ ਇਜ਼ਰਾਈਲ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਇਜ਼ਰਾਈਲ ਨੇ 7 ਅਕਤੂਬਰ ਤੋਂ ਲੈ ਕੇ ਹੁਣ ਤਕ ਇਕੱਲੇ ਗਾਜ਼ਾ ’ਚ 43,000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਇਜ਼ਰਾਈਲ ਨੇ ਹਮਾਸ ਦੇ 18,000 ਤੋਂ ਵੱਧ ਲੜਾਕਿਆਂ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ।