
ਸੁਰੱਖਿਆ ਬਲਾਂ 'ਤੇ ਹਮਲੇ ਦੇ ਦੋਸ਼ਾਂ ਤਹਿਤ ਸੁਣਾਈ ਗਈ ਸੀ ਸਜ਼ਾ-ਏ-ਮੌਤ
ਸੁਰੱਖਿਆ ਬਲਾਂ 'ਤੇ ਕਥਿਤ ਹਮਲੇ ਦੇ ਦੋਸ਼ਾਂ ਤਹਿਤ ਸੁਣਾਈ ਗਈ ਸੀ ਸਜ਼ਾ-ਏ-ਮੌਤ
ਈਰਾਨ: ਹਿਜਾਬ ਵਿਰੁੱਧ ਚਲ ਰਹੇ ਪ੍ਰਦਰਸ਼ਨਾਂ ਦੌਰਾਨ ਹਿਰਾਸਤ ਵਿੱਚ ਲਏ ਇੱਕ ਹੋਰ ਕੈਦੀ ਨੂੰ ਫਾਂਸੀ ਦੇ ਦਿੱਤੀ ਹੈ। ਫਾਂਸੀ ਦਾ ਇਹ ਦੂਜਾ ਮਾਮਲਾ ਹੈ। ਈਰਾਨ ਦੀ ਨਿਊਜ਼ ਏਜੰਸੀ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰਕਾਰੀ ਟੈਲੀਵਿਜ਼ਨ 'ਤੇ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਇੱਕ ਵਿਅਕਤੀ ਨੂੰ ਚਾਕੂ ਮਾਰਨ ਮਗਰੋਂ ਫਰਾਰ ਹੋ ਗਿਆ ਸੀ। ਖਬਰਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਜਦੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਹ ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸੀ।
ਈਰਾਨ ਦੀ ਨਿਊਜ਼ ਏਜੰਸੀ 'ਮਿਜ਼ਾਨ' ਮੁਤਾਬਕ 'ਮਾਜਿਦਰੇਜ਼ਾ ਰਹਿਨਵਾਰਡ' ਨੂੰ ਫਾਂਸੀ ਦਿੱਤੀ ਗਈ। ਉਸ ਨੂੰ 17 ਨਵੰਬਰ ਨੂੰ ਮਸ਼ਾਦ ਵਿੱਚ ਸੁਰੱਖਿਆ ਬਲ ਦੇ ਦੋ ਮੈਂਬਰਾਂ ਨੂੰ ਚਾਕੂ ਮਾਰ ਕੇ ਮਾਰਨ ਅਤੇ ਚਾਰ ਹੋਰਾਂ ਨੂੰ ਜ਼ਖ਼ਮੀ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਰ ਲੋਕਾਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਈਰਾਨ ਸਰਕਾਰ ਨੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੌਰਾਨ ਇੱਕ ਕੈਦੀ ਨੂੰ ਫਾਂਸੀ ਦੇ ਦਿੱਤੀ ਸੀ। ਈਰਾਨ ਵੱਲੋਂ ਇਸ ਤਰ੍ਹਾਂ ਦੀ ਮੌਤ ਦੀ ਸਜ਼ਾ ਦਾ ਇਹ ਪਹਿਲਾ ਮਾਮਲਾ ਸੀ। ਵਿਰੋਧ ਪ੍ਰਦਰਸ਼ਨਾਂ 'ਤੇ ਨਜ਼ਰ ਰੱਖਣ ਵਾਲੇ ਈਰਾਨੀ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਅਨੁਸਾਰ, ਸਤੰਬਰ ਦੇ ਅੱਧ ਤੋਂ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਘੱਟੋ-ਘੱਟ 488 ਲੋਕ ਮਾਰੇ ਗਏ ਹਨ। ਅਧਿਕਾਰੀਆਂ ਨੇ ਹੋਰ 18,200 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
ਦੱਸ ਦਈਏ ਕਿ ਇਹ ਪ੍ਰਦਰਸ਼ਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਹਿਸਾ ਅਮੀਨੀ ਦੀ ਪੁਲਿਸ ਹਿਰਾਸਤ 'ਚ ਮੌਤ ਹੋ ਗਈ ਸੀ। ਉਸ ਨੂੰ ਹਿਜਾਬ ਨਾ ਪਹਿਨਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ। ਇਰਾਨ ਵਿੱਚ ਹਿਜਾਬ ਪਹਿਨਣਾ ਲਾਜ਼ਮੀ ਹੈ। ਮਹਿਸ ਅਮੀਨੀ ਨੂੰ ਈਰਾਨ ਦੀ ਐਥਿਕਸ ਪੁਲਿਸ ਨੇ ਇਸ ਦੀ ਉਲੰਘਣਾ ਕਰਨ 'ਤੇ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਨਾਲ ਹੀ ਇਹ ਪ੍ਰਦਰਸ਼ਨ ਵੀ ਨੈਤਿਕਤਾ ਦੇ ਆਧਾਰ 'ਤੇ ਕਾਰਵਾਈ ਕਰਨ ਵਾਲੀ ਪੁਲਿਸ ਵਿਰੁੱਧ ਰੋਹ ਵਜੋਂ ਸ਼ੁਰੂ ਹੋਇਆ।