
ਕਿਹਾ, ਉਮੀਦ ਹੈ ਕਿ ਅਮਰੀਕਾ ਅਜਿਹੇ ਕਿਸੇ ਵੀ ਤਣਾਅ ਨੂੰ ਪੈਦਾ ਕਰਨ ਤੋਂ ਬਚੇਗਾ, ਜਿਸ ਨਾਲ ਪ੍ਰਮਾਣੂ ਜੰਗ ਸ਼ੁਰੂ ਹੋਵੇ
ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਜੇਕਰ ਰੂਸ ਦੀ ਪ੍ਰਭੂਸੱਤਾ ਜਾਂ ਆਜ਼ਾਦੀ ਨੂੰ ਖਤਰਾ ਹੁੰਦਾ ਹੈ ਤਾਂ ਉਹ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਲਈ ਤਿਆਰ ਹੈ। ਰੂਸ ਦੇ ਸਰਕਾਰੀ ਟੈਲੀਵਿਜ਼ਨ ਨੂੰ ਦਿਤੇ ਇੰਟਰਵਿਊ ’ਚ ਪੁਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਮਰੀਕਾ ਅਜਿਹੇ ਕਿਸੇ ਵੀ ਤਣਾਅ ਨੂੰ ਪੈਦਾ ਕਰਨ ਤੋਂ ਬਚੇਗਾ, ਜਿਸ ਨਾਲ ਪ੍ਰਮਾਣੂ ਜੰਗ ਸ਼ੁਰੂ ਹੋ ਸਕਦੀ ਹੈ।
ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੇ ਕਦੇ ਯੂਕਰੇਨ ’ਚ ਜੰਗ ਦੇ ਮੈਦਾਨ ’ਚ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ’ਤੇ ਵਿਚਾਰ ਕੀਤਾ ਹੈ, ਪੁਤਿਨ ਨੇ ਜਵਾਬ ਦਿਤਾ ਕਿ ਇਸ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਮਾਸਕੋ ਯੂਕਰੇਨ ਵਿਚ ਅਪਣੇ ਟੀਚਿਆਂ ਨੂੰ ਪ੍ਰਾਪਤ ਕਰੇਗਾ ਅਤੇ ਕਿਹਾ ਕਿ ਗੱਲਬਾਤ ਲਈ ਦਰਵਾਜ਼ੇ ਖੁੱਲ੍ਹੇ ਹਨ, ਇਸ ਗੱਲ ’ਤੇ ਜ਼ੋਰ ਦਿਤਾ ਕਿ ਕਿਸੇ ਵੀ ਸਮਝੌਤੇ ਲਈ ਪੱਛਮ ਤੋਂ ਪੱਕੀ ਗਰੰਟੀ ਦੀ ਜ਼ਰੂਰਤ ਹੋਵੇਗੀ।
ਰੂਸ ਨੇ ਯੂਕਰੇਨ ਦੇ ਹਮਲੇ ਨੂੰ ਨਾਕਾਮ ਕੀਤਾ, 234 ਲੜਾਕੇ ਮਾਰੇ ਗਏ: ਰੂਸ
ਮਾਸਕੋ: ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਰਾਤ ਕਿਹਾ ਕਿ ਉਸ ਦੀ ਫੌਜ ਅਤੇ ਸੁਰੱਖਿਆ ਬਲਾਂ ਨੇ ਰੂਸ ਦੇ ਸਰਹੱਦੀ ਖੇਤਰ ’ਚ ਇਕ ਹਮਲੇ ’ਚ 234 ਲੜਾਕਿਆਂ ਨੂੰ ਮਾਰ ਦਿਤਾ। ਮੰਤਰਾਲੇ ਨੇ ਇਕ ਬਿਆਨ ਵਿਚ ਹਮਲੇ ਲਈ ‘ਕੀਵ ਸ਼ਾਸਨ’ ਅਤੇ ‘ਯੂਕਰੇਨ ਵਿਚ ਅਤਿਵਾਦੀ ਸਮੂਹਾਂ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਵਿਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਰੂਸੀ ਬਲ ਅਤੇ ਸਰਹੱਦੀ ਬਲ ਹਮਲਾਵਰਾਂ ਨੂੰ ਰੋਕਣ ਅਤੇ ਸਰਹੱਦ ਪਾਰ ਹਮਲਿਆਂ ਨੂੰ ਨਾਕਾਮ ਕਰਨ ਦੇ ਸਮਰੱਥ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਹਮਲਾਵਰਾਂ ਦੇ ਸੱਤ ਟੈਂਕ ਅਤੇ ਪੰਜ ਬਖਤਰਬੰਦ ਗੱਡੀਆਂ ਤਬਾਹ ਕਰ ਦਿਤੀਆਂ ਗਈਆਂ। ਮੰਗਲਵਾਰ ਸਵੇਰੇ ਸਰਹੱਦ ’ਤੇ ਲੜਾਈ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਸੀ।
ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਖੇਤਰ ਵਿਚ ਸਰਹੱਦ ਪਾਰ ਤੋਂ ਹਮਲੇ ਹੁੰਦੇ ਰਹੇ ਹਨ, ਪਰ ਦੋਹਾਂ ਧਿਰਾਂ ਦੇ ਵੱਖ-ਵੱਖ ਦਾਅਵਿਆਂ ਕਾਰਨ ਸਥਿਤੀ ਹਮੇਸ਼ਾ ਉਲਝਣ ਵਾਲੀ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਨੂੰ ਯੂਕਰੇਨ ਦੇ ਡਰੋਨ ਨੇ ਰੂਸ ਦੇ ਅੰਦਰ ਦੋ ਤੇਲ ਟਿਕਾਣਿਆਂ ’ਤੇ ਹਮਲਾ ਕੀਤਾ, ਜਦਕਿ ਯੂਕਰੇਨ ਦੇ ਰੂਸੀ ਵਿਰੋਧੀਆਂ ਨੇ ਦਾਅਵਾ ਕੀਤਾ ਕਿ ਹਥਿਆਰਬੰਦ ਬਲਾਂ ਨੇ ਰੂਸ ਦੇ ਸਰਹੱਦੀ ਖੇਤਰ ’ਚ ਘੁਸਪੈਠ ਕੀਤੀ।
ਕੀਵ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸੈਨਿਕ ਯੂਕਰੇਨ ਲਈ ਲੜ ਰਹੇ ਰੂਸੀ ਵਲੰਟੀਅਰ ਹਨ ਅਤੇ ਉਨ੍ਹਾਂ ਨੇ ਸਰਹੱਦ ਪਾਰ ਕਰਨ ਦਾ ਦਾਅਵਾ ਕੀਤਾ ਹੈ। ਫਰੀਡਮ ਆਫ ਰੂਸ ਲੀਜਨ, ਰੂਸੀ ਵਲੰਟੀਅਰ ਕੋਰ ਅਤੇ ਸਾਈਬੇਰੀਅਨ ਬਟਾਲੀਅਨ ਨੇ ਸੋਸ਼ਲ ਮੀਡੀਆ ’ਤੇ ਬਿਆਨ ਅਤੇ ਵੀਡੀਉ ਜਾਰੀ ਕਰ ਕੇ ਰੂਸੀ ਖੇਤਰ ’ਚ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਰੂਸ ਨੂੰ ਪੁਤਿਨ ਦੀ ਤਾਨਾਸ਼ਾਹੀ ਤੋਂ ਮੁਕਤ ਕਰਵਾਉਣਾ ਚਾਹੁੰਦੇ ਹਨ।