
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਗੋਰੇ-ਕਾਲੇ ਜਾਂ ਨਸਲਵਾਦ ਆਦਿ ਦੀ ਵਿਚਾਰਧਾਰਾ ਦੀ ਸਖ਼ਤ ਨਿਖੇਧੀ ਕੀਤੀ..............
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਗੋਰੇ-ਕਾਲੇ ਜਾਂ ਨਸਲਵਾਦ ਆਦਿ ਦੀ ਵਿਚਾਰਧਾਰਾ ਦੀ ਸਖ਼ਤ ਨਿਖੇਧੀ ਕੀਤੀ ਹੈ। ਪਿਛਲੇ ਸਾਲ ਵਰਜੀਨੀਆ 'ਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧ ਪ੍ਰਦਰਸ਼ਨਕਾਰੀਆਂ 'ਤੇ ਹਮਲਾ ਹੋਇਆ ਸੀ, ਜਿਸ 'ਚ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੇ ਨਾਲ-ਨਾਲ ਇਕ ਔਰਤ ਦੀ ਮੌਤ ਵੀ ਹੋ ਗਈ ਸੀ। ਇਸ ਘਟਨਾ ਨੂੰ ਵਾਪਰਿਆ ਇਕ ਸਾਲ ਹੋ ਗਿਆ ਹੈ ਅਤੇ ਇਸ ਮੌਕੇ ਇਵਾਂਕਾ ਨੇ ਇਹ ਬਿਆਨ ਦਿਤਾ। ਐਤਵਾਰ ਨੂੰ ਵ੍ਹਾਈਟ ਹਾਊਸ ਦੇ ਬਾਹਰ ਉਸੇ ਤਰ੍ਹਾਂ ਦੀ ਇਕ ਰੈਲੀ ਆਯੋਜਿਤ ਕੀਤੀ ਗਈ।
ਵ੍ਹਾਈਟ ਹਾਊਸ ਦੀ ਸਲਾਹਕਾਰ ਇਵਾਂਕਾ ਨੇ ਟਵਿਟਰ 'ਤੇ ਲਿਖਿਆ, ''ਇਕ ਸਾਲ ਪਹਿਲਾਂ ਚਾਰਲੋਟਸਵਿਲੇ 'ਚ ਅਸੀਂ ਨਫ਼ਰਤ, ਨਸਲਵਾਦ, ਕੱਟੜਤਾ ਅਤੇ ਹਿੰਸਾ ਦਾ ਬਦਸੂਰਤ ਰੂਪ ਵੇਖਿਆ ਸੀ। ਅਸੀਂ ਅਜਿਹੇ ਦੇਸ਼ 'ਚ ਰਹਿੰਦੇ ਹਾਂ ਜਿਥੇ ਸਾਨੂੰ ਬੋਲਣ ਤੇ ਕੰਮ ਕਰਨ ਦੀ ਸੁਤੰਤਰਤਾ ਹੈ ਅਤੇ ਵਿਚਾਰ ਪੇਸ਼ ਕਰਨ ਵਰਗੇ ਅਧਿਕਾਰ ਵੀ ਮਿਲੇ ਹੋਏ ਹਨ। ਸਾਡੇ ਮਹਾਨ ਦੇਸ਼ 'ਚ ਨਸਲਵਾਦ ਆਦਿ ਵਰਗੇ ਵਿਚਾਰਾਂ ਲਈ ਥਾਂ ਨਹੀਂ ਹੈ। ਤੁਸੀਂ ਅਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰ ਸਕਦੇ ਹੋ।''
ਜ਼ਿਕਰਯੋਗ ਹੈ ਕਿ ਇਕ ਸਾਲ ਪਹਿਲਾਂ ਅਮਰੀਕਾ ਦੇ ਵਰਜੀਨੀਆ 'ਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ ਅਤੇ ਵਿਰੋਧ ਪ੍ਰਦਰਸ਼ਨਕਾਰੀਆਂ ਵਿਚਕਾਰ ਇਕ ਵਿਅਕਤੀ ਨੇ ਤੇਜ਼ ਰਫ਼ਤਾਰ 'ਚ ਅਪਣੀ ਕਾਰ ਦਾਖ਼ਲ ਕਰ ਦਿਤੀ ਸੀ। ਇਸ ਨਾਲ ਮੌਕੇ 'ਤੇ 32 ਸਾਲਾ ਮਹਿਲਾ ਨੇ ਦਮ ਤੋੜ ਦਿਤਾ ਸੀ, ਜਦਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਡਰਾਈਵਰ ਨੇ ਕਾਰ ਨੂੰ ਫੁਟਪਾਥ 'ਤੇ ਚੜ੍ਹਾ ਦਿਤਾ ਸੀ। (ਪੀਟੀਆਈ)