
ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਬਰਖਾਸਤ, ਕਲੀਵਰਲੇ ਬਣੇ ਨਵੇਂ ਗ੍ਰਹਿ ਮੰਤਰੀ
UK cabinet reshuffle : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਇਕ ਬੇਮਿਸਾਲ ਕਦਮ ਚੁੱਕਦੇ ਹੋਏ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੂੰ ਨਵਾਂ ਵਿਦੇਸ਼ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਵੀ ਬਰਖਾਸਤ ਕਰ ਦਿਤਾ। ਉਨ੍ਹਾਂ ਦੀ ਥਾਂ ਜੇਮਸ ਕਲੇਵਰਲੀ ਨੂੰ ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਦਿਤੀ ਗਈ ਹੈ।
ਪ੍ਰਧਾਨ ਮੰਤਰੀ ਦਫ਼ਤਰ, ਡਾਊਨਿੰਗ ਸਟ੍ਰੀਟ ਅਨੁਸਾਰ, ਸੁਨਕ ਨੇ ਅੱਜ ਸਵੇਰੇ ਮੰਤਰੀ ਮੰਡਲ ’ਚ ਫੇਰਬਦਲ ਸ਼ੁਰੂ ਕੀਤਾ। ਬ੍ਰੇਵਮੈਨ ਨੂੰ ਬਰਖਾਸਤ ਕਰਨ ਦਾ ਕਦਮ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਗ਼ੈਰ ਮੈਟਰੋਪੋਲੀਟਨ ਪੁਲਿਸ ਨੂੰ ਨਿਸ਼ਾਨਾ ਬਣਾਉਣ ਵਾਲਾ ਇਕ ਵਿਵਾਦਪੂਰਨ ਲੇਖ ਇਕ ਅਖਬਾਰ ’ਚ ਪ੍ਰਕਾਸ਼ਤ ਹੋਣ ਤੋਂ ਕੁਝ ਦਿਨ ਬਾਅਦ ਆਇਆ ਹੈ। ਅਖਬਾਰ ਵਿਚ ਵਿਵਾਦਿਤ ਲੇਖ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ, ਬ੍ਰੇਵਰਮੈਨ ਦੇ ਭਵਿੱਖ ਨੂੰ ਲੈ ਕੇ ਕਾਫੀ ਕਿਆਸੇ ਪ੍ਰਗਟਾਏ ਜਾ ਰਹੇ ਸਨ।
ਬ੍ਰੇਵਰਮੈਨ ਦੀ ਥਾਂ 54 ਸਾਲਾਂ ਦੇ ਵਿਦੇਸ਼ ਮੰਤਰੀ ਜੇਮਸ ਕਲੀਵਰਲੇ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਕਲੀਵਰਲੇ ਨੂੰ ਉਸੇ ਦਿਨ ਵਿਦੇਸ਼ ਮੰਤਰੀ ਦੇ ਅਹੁਦੇ ਤੋਂ ਹਟਣਾ ਪਿਆ, ਜਿਸ ਦਿਨ ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਗੱਲਬਾਤ ਕਰਨੀ ਸੀ, ਜੋ ਕਿ ਬਰਤਾਨੀਆਂ ਦੇ ਪੰਜ ਦਿਨਾਂ ਦੌਰੇ ’ਤੇ ਹਨ।
ਹੁਣ ਇਹ ਵੇਖਣਾ ਬਾਕੀ ਹੈ ਕਿ ਕਲੀਵਰਲੇ ਦੀ ਥਾਂ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੂੰ ਨਵਾਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ ਤਾਂ ਹੁਣ ਸਬੰਧਤ ਦੋ-ਪੱਖੀ ਮੀਟਿੰਗਾਂ ਦਾ ਕੀ ਰੂਪ ਹੋਵੇਗਾ।
ਕੈਮਰਨ ‘ਹਾਊਸ ਆਫ ਕਾਮਨਜ਼’ ਦੇ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਨੂੰ ਸੰਸਦੀ ਪ੍ਰੋਟੋਕੋਲ ਅਨੁਸਾਰ ਹਾਊਸ ਆਫ ਲਾਰਡਜ਼ ਦਾ ਮੈਂਬਰ ਬਣਨਾ ਹੋਵੇਗਾ। ਉਹ 2010 ਤੋਂ 2016 ਤਕ ਪ੍ਰਧਾਨ ਮੰਤਰੀ ਅਤੇ 2005 ਤੋਂ 2016 ਤਕ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਰਹੇ। ਬ੍ਰੇਵਰਮੈਨ ਦੀ ਬਰਖਾਸਤਗੀ ਤੋਂ ਬਾਅਦ ਸੁਨਕ ਦੇ ਮੰਤਰੀ ਮੰਡਲ ਦੇ ਫੇਰਬਦਲ ਤੋਂ ਕਈ ਹੈਰਾਨੀਜਨਕ ਚੀਜ਼ਾਂ ਸਾਹਮਣੇ ਆਉਣ ਦੀ ਉਮੀਦ ਹੈ। ਅਖਬਾਰ ‘ਦਿ ਟਾਈਮਜ਼’ ’ਚ ਛਪੇ ਇਕ ਲੇਖ ’ਚ ਬ੍ਰੇਵਰਮੈਨ ਨੇ ਮੈਟਰੋਪੋਲੀਟਨ ਪੁਲਿਸ ’ਤੇ ਇਜ਼ਰਾਈਲ-ਹਮਾਸ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਲੰਡਨ ’ਚ ਹੋਏ ਪ੍ਰਦਰਸ਼ਨਾਂ ਨਾਲ ਸਖ਼ਤੀ ਨਾਲ ਪੇਸ਼ ਨਾ ਆਉਣ ਦਾ ਦੋਸ਼ ਲਾਇਆ ਸੀ।
ਗੋਆ ਮੂਲ ਦੇ 43 ਵਰ੍ਹਿਆਂ ਦੀ ਮੰਤਰੀ ਦੀਆਂ ਟਿਪਣੀਆਂ ਅਕਸਰ ਵਿਵਾਦਾਂ ’ਚ ਘਿਰਦੀਆਂ ਰਹੀਆਂ ਹਨ। ਭਾਰਤੀ ਮੂਲ ਦੇ ਪਹਿਲੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸੁਨਕ ’ਤੇ ਬ੍ਰੇਵਰਮੈਨ ਦੀਆਂ ਟਿਪਣੀਆਂ ਨੂੰ ਲੈ ਕੇ ਅਪਣੀ ਕੰਜ਼ਰਵੇਟਿਵ ਪਾਰਟੀ ਦੇ ਕਈ ਮੈਂਬਰਾਂ ਦਾ ਦਬਾਅ ਸੀ ਅਤੇ ਉਹ ਵਿਰੋਧੀ ਧਿਰ ਦੇ ਹਮਲਿਆਂ ਦਾ ਵੀ ਸਾਹਮਣਾ ਕਰ ਰਹੇ ਸਨ।
ਬ੍ਰੇਵਰਮੈਨ ਨੇ ਐਤਵਾਰ ਸ਼ਾਮ ਨੂੰ ਇਕ ਬਿਆਨ ’ਚ ਕਿਹਾ, ‘‘ਸਾਡੇ ਬਹਾਦਰ ਪੁਲਿਸ ਅਧਿਕਾਰੀ ਕੱਲ ਲੰਡਨ ’ਚ ਪ੍ਰਦਰਸ਼ਨਕਾਰੀਆਂ ਦੀ ਹਿੰਸਾ ਅਤੇ ਹਮਲਾਵਰਤਾ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਰੋਧ ’ਚ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਨਿਜੱਠਣ ’ਚ ਅਪਣੀ ਪੇਸ਼ੇਵਰ ਸਮਰਥਾ ਲਹੀ ਹਰ ਸਭਿਅਕ ਨਾਗਰਿਕ ਵੱਲੋਂ ਧੰਨਵਾਦ ਦੇ ਹੱਕਦਾਰ ਹਨ। ਡਿਊਟੀ ਨਿਭਾਉਣ ਦੌਰਾਨ ਕਈ ਅਧਿਕਾਰੀਆਂ ਦੇ ਜ਼ਖਮੀ ਹੋਣ ਕਾਰਨ ਗੁੱਸਾ ਫੈਲਿਆ ਹੋਇਆ ਹੈ।’’
ਹਾਲਾਂਕਿ, ਪੁਲਿਸ ਦੇ ਸਮਰਥਨ ’ਚ ਉਨ੍ਹਾਂ ਦਾ ਬਿਆਨ ਉਨ੍ਹਾਂ ਵਲੋਂ ਅਪਣਾ ਅਹੁਦਾ ਬਚਾਉਣ ਦੀ ਕੋਸ਼ਿਸ਼ ਜਾਪਿਆ ਹੈ।
ਜੈਸ਼ੰਕਰ ਬਲੇਅਰ ਨੂੰ ਮਿਲੇ, ਦੁਵੱਲੇ ਮੁੱਦਿਆਂ, ਪਛਮੀ ਏਸ਼ੀਆ ਦੀ ਸਥਿਤੀ ’ਤੇ ਚਰਚਾ ਕੀਤੀ
ਲੰਡਨ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੋਮਵਾਰ ਨੂੰ ਇੱਥੇ ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਮੁਲਾਕਾਤ ਕੀਤੀ ਅਤੇ ਪਛਮੀ ਏਸ਼ੀਆ ਅਤੇ ਅਫਰੀਕਾ ਦੀ ਸਥਿਤੀ ਸਮੇਤ ਵੱਖ-ਵੱਖ ਦੁਵੱਲੇ ਸਬੰਧਾਂ ’ਤੇ ਚਰਚਾ ਕੀਤੀ। ਜੈਸ਼ੰਕਰ ਦੁਵੱਲੇ ਸਬੰਧਾਂ ਦੇ ਕਈ ਪਹਿਲੂਆਂ ਦੀ ਸਮੀਖਿਆ ਕਰਨ ਅਤੇ ‘ਦੋਸਤਾਨਾ ਸਬੰਧਾਂ ’ਤੇ ਤਾਜ਼ਾ ਜ਼ੋਰ’ ਦੇਣ ਦੇ ਉਦੇਸ਼ ਨਾਲ ਬਰਤਨੀਆਂ ਦੇ ਪੰਜ ਦਿਨਾਂ ਅਧਿਕਾਰਤ ਦੌਰੇ ’ਤੇ ਹਨ। ਜੈਸ਼ੰਕਰ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਨੂੰ ਮਿਲ ਕੇ ਚੰਗਾ ਲੱਗਾ। ਅਸੀਂ ਦੁਵੱਲੇ ਸਬੰਧਾਂ, ਪਛਮੀ ਏਸ਼ੀਆ ਅਤੇ ਅਫਰੀਕਾ ਦੀ ਸਥਿਤੀ ’ਤੇ ਚਰਚਾ ਕੀਤੀ।’’
ਬਲੇਅਰ 1997 ਤੋਂ 2007 ਤਕ ਤਬਰਵਾਨੀਆਂ ਦੇ ਪ੍ਰਧਾਨ ਮੰਤਰੀ ਰਹੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ, ਸੰਯੁਕਤ ਰਾਜ, ਯੂਰਪੀਅਨ ਯੂਨੀਅਨ ਅਤੇ ਰੂਸ ਦੇ ਇਕ ਸਮੂਹ ’ਚ ‘ਮਿਡਲ ਈਸਟ ਕੁਆਰਟਰੇਟ’ ’ਚ ਇਕ ਦੂਤ ਵਜੋਂ ਵੀ ਕੰਮ ਕੀਤਾ। ਇਹ ਸਮੂਹ ਇਜ਼ਰਾਈਲ-ਫਲਸਤੀਨ ਸ਼ਾਂਤੀ ਸਮਝੌਤੇ ’ਚ ਵਿਚੋਲਗੀ ਕਰਨ ਲਈ ਬਣਾਇਆ ਗਿਆ ਸੀ, ਪਰ ਇਹ ਹਾਲ ਹੀ ਦੇ ਸਾਲਾਂ ’ਚ ਜ਼ਿਆਦਾਤਰ ਬੇਅਸਰ ਰਿਹਾ ਹੈ। ਇਜ਼ਰਾਈਲੀ ਮੀਡੀਆ ਦੀਆਂ ਰੀਪੋਰਟਾਂ ਅਨੁਸਾਰ, ਤੇਲ ਅਵੀਵ ਬਲੇਅਰ ਨੂੰ ਯੁੱਧ ਪ੍ਰਭਾਵਤ ਗਾਜ਼ਾ ਪੱਟੀ ਲਈ ਮਾਨਵਤਾਵਾਦੀ ਕੋਆਰਡੀਨੇਟਰ ਵਜੋਂ ਨਿਯੁਕਤ ਕਰਨਾ ਚਾਹੁੰਦਾ ਹੈ। ਐਤਵਾਰ ਨੂੰ, ਯੂ.ਕੇ. ਦੇ ਪ੍ਰਧਾਨ ਮੰਤਰ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੇ ਜੈਸ਼ੰਕਰ ਅਤੇ ਉਨ੍ਹਾਂ ਦੀ ਪਤਨੀ ਕਿਓਕੋ ਜੈਸ਼ੰਕਰ ਦੀ ਦੀਵਾਲੀ ਦੀ ਚਾਹ ਲਈ ਮੇਜ਼ਬਾਨੀ ਕੀਤੀ।