
ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਵਿੱਚ ਪੀ.ਐਚ.ਡੀ. ਦਾ ਵਿਦਿਆਰਥੀ ਹੈ ਹਰਸ਼ ਪਟੇਲ
ਨਿਊਯਾਰਕ - ਇੱਕ ਭਾਰਤੀ-ਅਮਰੀਕੀ ਪੀ.ਐਚ.ਡੀ. ਵਿਦਿਆਰਥੀ ਨੇ ਵਿਕਲਪਕ ਪਾਣੀ ਦੀ ਸਪਲਾਈ ਦੇ ਖੇਤਰ ਵਿੱਚ ਅਤਿ-ਆਧੁਨਿਕ ਅਤੇ ਨਵੀਨਤਾਕਾਰੀ ਖੋਜ ਲਈ 'ਅਮੇਰੀਕਨ ਮੇਮਬ੍ਰੇਨ ਟੈਕਨਾਲੋਜੀ ਐਸੋਸੀਏਸ਼ਨ' (ਏ.ਐਮ.ਟੀ.ਏ.) ਅਤੇ 'ਯੂਐਸ ਬਿਊਰੋ ਆਫ਼ ਰੀਕਲੇਮੇਸ਼ਨ' ਵੱਲੋਂ ਇੱਕ ਫ਼ੈਲੋਸ਼ਿਪ ਹਾਸਲ ਹੋਈ ਹੈ।
ਏ.ਐਮ.ਟੀ.ਏ. ਨੇ ਇੱਕ ਬਿਆਨ ਵਿੱਚ ਕਿਹਾ ਕਿ ਰਸਾਇਣਿਕ ਇੰਜੀਨੀਅਰਿੰਗ 'ਚ ਪੀ.ਐਚ.ਡੀ. ਦਾ ਵਿਦਿਆਰਥੀ ਅਤੇ ਮਿਸ਼ੀਗਨ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਖੋਜ ਸਹਾਇਕ ਹਰਸ਼ ਪਟੇਲ, 11,750 ਡਾਲਰ ਦੀ ਫ਼ੈਲੋਸ਼ਿਪ ਪ੍ਰਾਪਤ ਕਰਨ ਵਾਲੇ ਚਾਰ ਵਿਅਕਤੀਆਂ ਵਿੱਚ ਸ਼ਾਮਲ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਮੇਮਬ੍ਰੇਨ ਤਕਨਾਲੋਜੀ ਵਿੱਚ ਨਵੀਨਤਾ ਨਾਲ ਗੰਦੇ ਪਾਣੀ ਅਤੇ ਸਮੁੰਦਰੀ ਪਾਣੀ ਦੀ ਸਫ਼ਾਈ ਦੇ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵ, ਲਾਗਤ ਅਤੇ ਊਰਜਾ ਨੂੰ ਘਟਾਉਣ ਵਿੱਚ ਮਦਦ ਕਰੇਗੀ, ਜੀਅ ਨਾਲ ਖੁਸ਼ਕ ਜ਼ਮੀਨਾਂ ਨੂੰ ਸਾਫ਼, ਸੁਰੱਖਿਅਤ ਅਤੇ ਕਿਫ਼ਾਇਤੀ ਪਾਣੀ ਹਾਸਲ ਹੋ ਸਕੇਗਾ।
ਪਟੇਲ ਨੇ ਕਿਹਾ, "ਮੈਂ ਇਹ ਸਨਮਾਨ ਪ੍ਰਾਪਤ ਕਰਕੇ ਬਹੁਤ ਖੁਸ਼ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਇਸ ਖੇਤਰ ਵਿੱਚ ਸਫ਼ਲ ਕਾਰਜ ਦਾ ਪਾਣੀ ਦੀ ਘਾਟ ਵਰਗੀਆਂ ਵਿਸ਼ਵਵਿਆਪੀ ਸਮੱਸਿਆਵਾਂ 'ਤੇ ਸਿੱਧਾ ਅਸਰ ਪਵੇਗਾ।"
ਪਟੇਲ ਨੇ 2021 ਵਿੱਚ ਜਾਰਜੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਰਸਾਇਣਕ ਅਤੇ ਜੀਵ-ਵਿਗਿਆਨਕ ਇੰਜਨੀਅਰਿੰਗ ਵਿੱਚ ਬੈਚਲਰ ਡਿਗਰੀ ਹਾਸਲ ਕੀਤੀ ਸੀ, ਅਤੇ ਹੁਣ ਉਹ ਮਿਸ਼ੀਗਨ ਵਿੱਚ ਕਾਮਚੇਵ ਲੈਬ ਨਾਲ ਜੁੜਿਆ ਹੈ, ਜਿਸ ਦਾ ਉਦੇਸ਼ ਜਲ ਸ਼ੁੱਧੀਕਰਨ ਅਤੇ ਊਰਜਾ ਉਤਪਾਦਨ ਲਈ ਅਗਲੀ ਪੀੜ੍ਹੀ ਦੀ ਪੌਲੀਮੇਰਿਕ ਸਮੱਗਰੀ ਵਿਕਸਿਤ ਕਰਨਾ ਹੈ।