ਨਵਾਜ਼ ਸ਼ਰੀਫ਼ ਨਹੀਂ, ਇਸ ਪਾਕਿਸਤਾਨੀ ਆਗੂ ਦਾ ਅਗਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਬਣਨਾ ਤੈਅ
Published : Feb 14, 2024, 10:21 pm IST
Updated : Feb 14, 2024, 10:21 pm IST
SHARE ARTICLE
Shehbaz Sharif
Shehbaz Sharif

ਗੱਠਜੋੜ ਸਰਕਾਰ ਬਣਨ ਦੀ ਸੰਭਾਵਨਾ, ਮਰੀਅਮ ਨਵਾਜ਼ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ

ਇਸਲਾਮਾਬਾਦ: ਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ’ਚ ਅਗਲੀ ਸਰਕਾਰ ਬਣਨਾ ਲਗਭਗ ਤੈਅ ਹੋ ਗਿਆ ਹੈ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਗੱਠਜੋੜ ਦੇ ਅਗਲੀ ਸਰਕਾਰ ਬਣਾਉਣ ਲਈ ਆਸਾਨੀ ਨਾਲ ਬਹੁਮਤ ਦੇ ਅੰਕੜੇ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਸ਼ਾਹਬਾਜ਼ ਸ਼ਰੀਫ ਨੇ ਮੰਗਲਵਾਰ ਰਾਤ ਨੂੰ ਪਾਕਿਸਤਾਨ ਮੁਸਲਿਮ ਲੀਗ-ਕਾਇਦ (ਪੀ.ਐਮ.ਐਲ.-ਕਿਊ.) ਦੇ ਸ਼ੁਜਾਤ ਹੁਸੈਨ ਦੀ ਰਿਹਾਇਸ਼ ’ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਆਸਿਫ ਅਲੀ ਜ਼ਰਦਾਰੀ ਅਤੇ ਮੁਤਾਹਿਦਾ ਕੌਮੀ ਮੂਵਮੈਂਟ ਪਾਕਿਸਤਾਨ (ਐਮ.ਕਿਊ.ਐਮ.-ਪੀ.) ਦੇ ਖਾਲਿਦ ਮਕਬੂਲ ਸਿੱਦੀਕੀ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਲਈ ਸਹਿਮਤ ਹੋਏ। 

ਸ਼ਰੀਫ ਨੇ ਬੈਠਕ ’ਚ ਮੌਜੂਦ ਹੋਰ ਨੇਤਾਵਾਂ ਦਾ ਧੰਨਵਾਦ ਕਰਦੇ ਹੋਏ ਕਿਹਾ, ‘‘ਅੱਜ ਅਸੀਂ ਦੇਸ਼ ਨੂੰ ਇਹ ਦੱਸਣ ਲਈ ਇਕਜੁੱਟ ਹੋਏ ਹਾਂ ਕਿ ਅਸੀਂ ਟੁੱਟੇ ਹੋਏ ਫਤਵੇ ਨੂੰ ਮਨਜ਼ੂਰ ਕਰ ਲਿਆ ਹੈ। ਮੈਂ ਜ਼ਰਦਾਰੀ ਅਤੇ ਬਿਲਾਵਲ (ਭੁੱਟੋ) ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ।’’ ਪੀ.ਐਮ.ਐਲ.-ਐਨ. ਦੀ ਸੂਚਨਾ ਸਕੱਤਰ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪੀ.ਐਮ.ਐਲ.-ਐਨ. ਦੇ ਮੁਖੀ ਨਵਾਜ਼ ਸ਼ਰੀਫ ਨੇ ਪਾਰਟੀ ਪ੍ਰਧਾਨ ਅਤੇ ਉਨ੍ਹਾਂ ਦੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ (72) ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ ਹੈ। 

ਉਨ੍ਹਾਂ ਕਿਹਾ ਕਿ ਪੀ.ਐਮ.ਐਲ.-ਐਨ. ਦੀ ਸੀਨੀਅਰ ਮੀਤ ਪ੍ਰਧਾਨ ਮਰੀਅਮ ਨਵਾਜ਼ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਹੈ। 
ਉਨ੍ਹਾਂ ਕਿਹਾ ਕਿ ਨਵਾਜ਼ ਸ਼ਰੀਫ ਨੇ ਉਨ੍ਹਾਂ ਸਿਆਸੀ ਪਾਰਟੀਆਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਆਉਣ ਵਾਲੀ ਸਰਕਾਰ ਬਣਾਉਣ ਲਈ ਪੀ.ਐਮ.ਐਲ.-ਐਨ. ਦਾ ਸਮਰਥਨ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਅਜਿਹੇ ਫੈਸਲਿਆਂ ਰਾਹੀਂ ਪਾਕਿਸਤਾਨ ਸੰਕਟ ਤੋਂ ਬਾਹਰ ਆ ਜਾਵੇਗਾ।

ਅਪ੍ਰੈਲ 2022 ਵਿਚ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਹਟਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ ਸ਼ਾਹਬਾਜ਼ ਨੇ ਕਿਹਾ ਕਿ ਹੋਰ ਪਾਰਟੀਆਂ ਨੇ ਪੀ.ਐਮ.ਐਲ.-ਐਨ. ਨਾਲ ਹੱਥ ਮਿਲਾਇਆ ਹੈ, ਜਿਸ ਕੋਲ ਚੋਣਾਂ ਤੋਂ ਬਾਅਦ ਸੰਸਦ ਵਿਚ ਲਗਭਗ ਦੋ ਤਿਹਾਈ ਬਹੁਮਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਵੀਂ ਸਰਕਾਰ ਦੇਸ਼ ਨੂੰ ਮੁਸੀਬਤ ਤੋਂ ਬਾਹਰ ਕੱਢੇਗੀ। 

ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਦੇ ਅਨੁਸਾਰ, ਛੇ ਪਾਰਟੀਆਂ - ਪੀ.ਐਮ.ਐਲ.-ਐਨ., ਪੀ.ਪੀ.ਪੀ., ਐਮ.ਕਿਊ.ਐਮ.-ਪੀ., ਪੀ.ਐਮ.ਐਲ.-ਕਿਊ., ਆਈ.ਪੀ.ਪੀ. (ਇਸਤੇਕਮ-ਏ-ਪਾਕਿਸਤਾਨ ਪਾਰਟੀ) ਅਤੇ ਬਲੋਚਿਸਤਾਨ ਅਵਾਮੀ ਪਾਰਟੀ (ਬੀ.ਏ.ਪੀ.) ਨੇ ਕੁਲ 152 ਸੀਟਾਂ ਜਿੱਤੀਆਂ ਹਨ। ਇਨ੍ਹਾਂ ਸਾਰਿਆਂ ਨੇ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ’ਚ ਗੱਠਜੋੜ ਸਰਕਾਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। 

ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਇਹ ਪਾਰਟੀਆਂ 60 ਔਰਤਾਂ ਅਤੇ 10 ਘੱਟ ਗਿਣਤੀ ਸੀਟਾਂ ਜੋੜਨ ਤੋਂ ਬਾਅਦ ਕੇਂਦਰ ’ਚ ਸਰਕਾਰ ਬਣਾਉਣ ਲਈ ਲੋੜੀਂਦੇ 169 ਦੇ ਅੰਕੜੇ ਨੂੰ ਆਸਾਨੀ ਨਾਲ ਪ੍ਰਾਪਤ ਕਰ ਲੈਣਗੀਆਂ। ਹਾਲਾਂਕਿ, ਇਹ ਵੇਖਣਾ ਬਾਕੀ ਹੈ ਕਿ ਕੀ ਪਾਰਟੀਆਂ 224 ਦੇ ਜਾਦੂਈ ਅੰਕੜੇ ਨੂੰ ਪ੍ਰਾਪਤ ਕਰਨ ’ਚ ਸਫਲ ਹੋ ਸਕੀਆਂ ਹਨ, ਜੋ ਕਿ 336 ਮੈਂਬਰੀ ਨੈਸ਼ਨਲ ਅਸੈਂਬਲੀ ’ਚ ਦੋ ਤਿਹਾਈ ਬਹੁਮਤ ਲਈ ਲੋੜੀਂਦੀ ਗਿਣਤੀ ਹੈ।

ਲੋਕਾਂ ਵਲੋਂ ਸਾਨੂੰ ਦਿਤਾ ਫਤਵਾ ਰਾਤ ਦੇ ਹਨੇਰੇ ਚੋਰੀ ਕਰ ਲਿਆ ਗਿਆ : ਇਮਰਾਨ ਦੀ ਪਾਰਟੀ ਦਾ ਦੋਸ਼ 

ਲਾਹੌਰ/ਇਸਲਾਮਾਬਾਦ: ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਦੇਸ਼ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਪੀ.ਐੱਮ.ਐੱਲ.-ਐੱਨ. ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ’ਚ ਗੱਠਜੋੜ ਸਰਕਾਰ ਬਣਾਉਣ ਦਾ ਫੈਸਲਾ ਕਰ ਕੇ ਰਾਤ ਦੇ ਹਨੇਰੇ ’ਚ ਲੋਕਾਂ ਦਾ ਫਤਵਾ ਚੋਰੀ ਕੀਤਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਨੇ ਮੰਗਲਵਾਰ ਰਾਤ ਨੂੰ ਇਕ ਹੈਰਾਨੀਜਨਕ ਫੈਸਲੇ ਵਿਚ ਪਾਰਟੀ ਪ੍ਰਧਾਨ ਨਵਾਜ਼ ਸ਼ਰੀਫ ਦੀ ਬਜਾਏ ਅਪਣੇ ਛੋਟੇ ਭਰਾ ਸ਼ਾਹਬਾਜ਼ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕੀਤਾ। 

ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਕੇਂਦਰੀ ਸੂਚਨਾ ਸਕੱਤਰ ਰਊਫ ਹਸਨ ਨੇ ਕਿਹਾ ਕਿ ਰਾਤ ਦੇ ਹਨੇਰੇ ਵਿਚ ਇਮਰਾਨ ਦਾ ਫਤਵਾ ਚੋਰੀ ਹੋ ਗਿਆ ਹੈ। ਉਨ੍ਹਾਂ ਨੇ ਐਕਸ ’ਤੇ ਲਿਖਿਆ, ‘‘ਪਾਕਿਸਤਾਨ ਨੂੰ ਹੋਰ ਅਸਥਿਰਤਾ ਦੇ ਰਾਹ ’ਤੇ ਖਿੱਚਿਆ ਜਾ ਰਿਹਾ ਹੈ।’’ ਪੀ.ਐਮ.ਐਲ.-ਐਨ. ਦੀ ਅਗਵਾਈ ਹੇਠ ਬਣਨ ਵਾਲੇ ਸੰਭਾਵਤ ਗੱਠਜੋੜ ਦਾ ਜ਼ਿਕਰ ਕਰਦਿਆਂ ਹਸਨ ਨੇ ਕਿਹਾ, ‘‘ਕੁੱਝ ਅਪਰਾਧੀਆਂ, ਜਿਨ੍ਹਾਂ ਨੂੰ ਲੋਕਾਂ ਨੇ ਰੱਦ ਕਰ ਦਿਤਾ ਹੈ, ਨੂੰ ਸਰਕਾਰ ਬਣਾਉਣ ਲਈ ਸ਼ਾਮਲ ਕਰਨ ਦਾ ਫੈਸਲਾ ਦੇਸ਼ ਦੇ ਸਾਹਮਣੇ ਗੰਭੀਰ ਚੁਨੌਤੀਆਂ ਨੂੰ ਦਰਸਾਉਂਦਾ ਹੈ।’’ 

ਖਾਨ ਦੀ ਪਾਰਟੀ ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰਾਂ ਨੇ ਸੰਸਦ ਵਿਚ ਸੱਭ ਤੋਂ ਵੱਧ ਸੀਟਾਂ ਜਿੱਤੀਆਂ ਹਨ। 266 ਮੈਂਬਰੀ ਨੈਸ਼ਨਲ ਅਸੈਂਬਲੀ ’ਚ ਉਨ੍ਹਾਂ ਕੋਲ 92 ਸੀਟਾਂ ਹਨ। ਸਰਕਾਰ ਬਣਾਉਣ ਲਈ 133 ਸੀਟਾਂ ਦੀ ਲੋੜ ਹੁੰਦੀ ਹੈ। ਖਾਨ (71) ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜੇਲ੍ਹ ’ਚ ਹਨ, ਜਦਕਿ ਪੀ.ਟੀ.ਆਈ. ਸਮਰਥਿਤ ਉਮੀਦਵਾਰਾਂ ਨੇ ਵਿਵਾਦ ਕਾਰਨ ਪਾਰਟੀ ਦਾ ਸੰਗਠਨਾਤਮਕ ਚੋਣ ਨਿਸ਼ਾਨ ਗੁੰਮ ਹੋਣ ਤੋਂ ਬਾਅਦ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। 

ਪੀ.ਟੀ.ਆਈ. ਦੇ ਬੁਲਾਰੇ ਨੇ ਕਿਹਾ ਕਿ ਮੌਜੂਦਾ ਸਥਿਤੀ ਲੋਕਤੰਤਰੀ ਸਿਧਾਂਤਾਂ ਅਤੇ ਨਿਯਮਾਂ ਦੇ ਬੁਨਿਆਦੀ ਤੱਤ ਦੇ ਨਾਲ-ਨਾਲ ਕੌਮੀ ਹਿੱਤਾਂ ਅਤੇ ਲੋਕਾਂ ਦੀ ਭਲਾਈ ਪ੍ਰਤੀ ਨਫ਼ਰਤ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਸਿਰਫ ਪੀ.ਟੀ.ਆਈ. ਦੇ ਸੰਸਥਾਪਕ ਇਮਰਾਨ ਖਾਨ ਤੋਂ ਹੀ ਦੇਸ਼ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਉਮੀਦ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement