
ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਇਕ ਤੋਂ ਬਾਅਦ ਇਕ ਇਸ ਵਾਇਰਸ ਦੇ ਵੱਖ-ਵੱਖ ਰੂਪ ਸਾਹਮਣੇ ਆ ਰਹੇ ਹਨ
ਲੰਡਨ: ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਇਕ ਤੋਂ ਬਾਅਦ ਇਕ ਇਸ ਵਾਇਰਸ ਦੇ ਵੱਖ-ਵੱਖ ਰੂਪ ਸਾਹਮਣੇ ਆ ਰਹੇ ਹਨ, ਜੋ ਇਕ ਵੱਡੀ ਸਮੱਸਿਆ ਬਣੀ ਹੋਈ ਹੈ। ਯੂਨਾਈਟਡ ਕਿੰਗਡਮ ਵਿਚ ਕੋਰੋਨਾ ਦਾ ਨਵਾਂ ਵੇਰੀਐਂਟ ‘ਡੇਲਟਾਕ੍ਰੋਨ’ ਸਾਹਮਣੇ ਆਇਆ ਹੈ। ਦੇਸ਼ ਦੀ ਸਿਹਤ ਸੁਰੱਖਿਆ ਏਜੰਸੀ ਨੇ ਪਿਛਲੇ ਹਫ਼ਤੇ ਇਕ ਵਿਅਕਤੀ ਵਿਚ ਕੋਰੋਨਾ ਦਾ ਇਹ ਨਵਾਂ ਰੂਪ ਪਾਇਆ ਸੀ, ਜਿਸ ਤੋਂ ਬਾਅਦ ਡੈਲਟਾ ਅਤੇ ਓਮੀਕਰੋਨ ਦੇ ਇਸ ਹਾਈਬ੍ਰਿਡ ਸਟ੍ਰੇਨ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਗਈ ਹੈ।
ਰਿਪੋਰਟ ਅਨੁਸਾਰ ਮਰੀਜ਼ ਵਿਚ ਡੈਲਟਾ ਅਤੇ ਓਮੀਕਰੋਨ ਦੋਵੇਂ ਰੂਪ ਪਾਏ ਗਏ ਹਨ, ਇਸ ਲਈ ਯੂਕੇ ਵਿਚ ਸਿਹਤ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੀ ਇਹ ਆਪਣੀ ਕਿਸਮ ਦਾ ਪਹਿਲਾ ਕੇਸ ਹੈ। ਇਕ ਮਹੀਨਾ ਪਹਿਲਾਂ ਸਾਈਪ੍ਰਸ ਵਿਚ ਇਕ ਮਾਹਰ ਲਿਓਨਡੀਓਸ ਕੋਸਟ੍ਰਿਕਿਸ ਨੇ ਕਿਹਾ ਕਿ ਉਹਨਾਂ ਨੇ ਡੈਲਟਾਕ੍ਰੋਨ ਦੀ ਪਛਾਣ ਕੀਤੀ ਸੀ ਪਰ ਉਸ ਦੇ ਦਾਅਵੇ ਨੂੰ ਮਾਹਰਾਂ ਵਲੋਂ ਰੱਦ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੇ ਕਿਹਾ ਕਿ ਇਹ ਇਕ ਲੈਬ ਦੀ ਗਲਤੀ ਹੋ ਸਕਦੀ ਹੈ।
ਯੂਕੇ ਦੀ ਸਿਹਤ ਸੁਰੱਖਿਆ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਅਸੀਂ ਇਸ ਸਮੇਂ ਡੈਲਟਾ ਐਕਸ ਓਮੀਕਰੋਨ ਦੀ ਨਿਗਰਾਨੀ ਅਤੇ ਜਾਂਚ ਕਰ ਰਹੇ ਹਾਂ। ਦੱਸ ਦੇਈਏ ਕਿ ਡੈਲਟਾ ਅਤੇ ਓਮੀਕਰੋਨ ਦੋਵੇਂ ਵੇਰੀਐਂਟ ਕਾਫੀ ਇਨਫੈਕਸ਼ਨ ਵਾਲੇ ਹਨ ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵੇਂ ਵੇਰੀਐਂਟ ਇਕੱਠੇ ਮਿਲ ਕੇ ਨਵੇਂ ਵੇਰੀਐਂਟ ਰਾਹੀਂ ਕਿੰਨੀ ਤੇਜ਼ੀ ਨਾਲ ਇਨਫੈਕਸ਼ਨ ਫੈਲਾਅ ਸਕਦੇ ਹਨ। ਸਿਹਤ ਏਜੰਸੀ ਵੱਲੋਂ ਇਹ ਵੀ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਦੇਸ਼ ਵਿਚ ਇਸ ਨਵੇਂ ਵੇਰੀਐਂਟ ਦਾ ਇਕ ਹੀ ਕੇਸ ਹੈ ਜਾਂ ਇਸ ਤੋਂ ਵੱਧ।
ਯੂਕੇ ਦੇ ਸਿਹਤ ਅਧਿਕਾਰੀ ਫਿਲਹਾਲ ਵੇਰੀਐਂਟ ਨੂੰ ਲੈ ਕੇ ਖ਼ਾਸ ਚਿੰਤਤ ਨਹੀਂ ਹੈ ਕਿਉਂਕਿ ਇਸ ਦੇ ਕੇਸ ਬਹੁਤ ਘੱਟ ਹਨ। ਯੂਨੀਵਰਸਿਟੀ ਆਫ ਈਸਟ ਐਂਜੇਲਾ ਦੇ ਮਾਹਿਰ ਪਾਲ ਹੰਟਰ ਨੇ ਕਿਹਾ ਕਿ ਡੈਲਟਾਕ੍ਰੋਨ ਜ਼ਿਆਦਾ ਖਤਰਨਾਕ ਨਹੀਂ ਹੋਣਾ ਚਾਹੀਦਾ ਕਿਉਂਕਿ ਜ਼ਿਆਦਾਤਰ ਆਬਾਦੀ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ, ਇਸ ਸੰਕਰਮਣ ਨਾਲ ਲੜਨ ਲਈ ਉਹਨਾਂ ਦੇ ਅੰਦਰ ਇਮਿਊਨਿਟੀ ਦਾ ਪੱਧਰ ਵੀ ਵਿਕਸਿਤ ਹੋ ਗਿਆ ਹੈ। ਪਾਲ ਹੰਟਰ ਨੇ ਕਿਹਾ ਕਿ ਫਿਲਹਾਲ ਮੈਂ ਇਸ ਵੇਰੀਐਂਟ ਨੂੰ ਲੈ ਕੇ ਜ਼ਿਆਦਾ ਚਿੰਤਤ ਨਹੀਂ ਹਾਂ।