
ਉਹਨਾਂ ਕਿਹਾ ਛੋਟੇ ਕਿਸਾਨਾਂ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਕੋਰੋਨਾ ਮਹਾਮਾਰੀ ਦੌਰਾਨ ਵੀ ਕਿਸਾਨਾਂ ਨੂੰ ਪਰੇਸ਼ਾਨੀ ਨਹੀਂ ਹੋਣ ਦਿੱਤੀ। ਪੀਐਮ ਨੇ ਕਿਹਾ ਕਿ ਕੋਰੋਨਾ ਕਾਲ ਦੀਆਂ ਚੁਣੌਤੀਆਂ ਤੋਂ ਬਾਅਦ ਦੁਨੀਆ ਵਿਚ ਇਕ ਨਵੀਂ ਪ੍ਰਣਾਲੀ ਬਣ ਰਹੀ ਹੈ।
ਉਹਨਾਂ ਕਿਹਾ ਮਹਾਂਮਾਰੀ ਦੌਰਾਨ ਦੇਸ਼ ਨੇ ਛੋਟੇ ਕਿਸਾਨਾਂ ਨੂੰ ਮੁਸ਼ਕਲਾਂ ਤੋਂ ਬਚਾਉਣ ਲਈ ਵੱਡੇ ਫੈਸਲੇ ਲਏ। ਛੋਟੇ ਕਿਸਾਨਾਂ ਨੂੰ ਨਫ਼ਰਤ ਕਰਨ ਵਾਲਿਆਂ ਨੂੰ ਕਿਸਾਨਾਂ ਦੇ ਨਾਂ 'ਤੇ ਰਾਜਨੀਤੀ ਕਰਨ ਦਾ ਕੋਈ ਹੱਕ ਨਹੀਂ ਹੈ। ਕੁਝ ਲੋਕ ਆਜ਼ਾਦੀ ਦੇ ਸਾਲਾਂ ਬਾਅਦ ਵੀ ਗੁਲਾਮੀ ਦੀ ਇਸ ਮਾਨਸਿਕਤਾ ਨੂੰ ਨਹੀਂ ਬਦਲ ਸਕੇ ਹਨ। ਸਾਰੀ ਉਮਰ ਮਹਿਲਾਂ ਵਿਚ ਰਹਿਣ ਵਾਲੇ ਛੋਟੇ ਕਿਸਾਨਾਂ ਦੀ ਪਰਵਾਹ ਨਹੀਂ ਕਰਦੇ।
ਉਹਨਾਂ ਕਿਹਾ ਕਿ ਭਾਰਤ ਦੀ ਤਰੱਕੀ ਲਈ ਛੋਟੇ ਕਿਸਾਨ ਨੂੰ ਸਸ਼ਕਤ ਬਣਾਉਣਾ ਜ਼ਰੂਰੀ ਹੈ। ਛੋਟਾ ਕਿਸਾਨ ਭਾਰਤ ਦੀ ਤਰੱਕੀ ਨੂੰ ਮਜ਼ਬੂਤ ਕਰੇਗਾ। ਜੇਕਰ ਅਸੀਂ ਗਰੀਬੀ ਤੋਂ ਮੁਕਤੀ ਚਾਹੁੰਦੇ ਹਾਂ ਤਾਂ ਸਾਨੂੰ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣਾ ਹੋਵੇਗਾ। ਜੇਕਰ ਛੋਟਾ ਕਿਸਾਨ ਮਜ਼ਬੂਤ ਹੈ ਤਾਂ ਉਹ ਛੋਟੀ ਜ਼ਮੀਨ ਨੂੰ ਵੀ ਆਧੁਨਿਕ ਬਣਾਉਣ ਦੀ ਕੋਸ਼ਿਸ਼ ਕਰੇਗਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਕਿਸਾਨਾਂ ਨੇ ਰਿਕਾਰਡ ਪੈਦਾਵਾਰ ਕੀਤੀ ਅਤੇ ਸਰਕਾਰ ਨੇ ਰਿਕਾਰਡ ਖਰੀਦ ਕੀਤੀ।
ਉਹਨਾਂ ਕਿਹਾ ਕਿ ਦੇਸ਼ ਨੇ ਕਿਸੇ ਨੂੰ ਵੀ ਭੁੱਖ ਨਾਲ ਮਰਨ ਨਹੀਂ ਦਿੱਤਾ, 80 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਮੁਫਤ ਰਾਸ਼ਨ ਉਪਲਬਧ ਕਰਵਾਇਆ ਅਤੇ ਅੱਜ ਵੀ ਕਰਵਾ ਰਹੇ ਹਾਂ। ਉਹਨਾਂ ਕਿਹਾ ਕਿ ਦੁਨੀਆ 'ਚ ਸਪਲਾਈ ਚੇਨ ਕਾਰਨ ਖਾਦ ਸੰਕਟ ਦੀ ਸਥਿਤੀ ਬਣੀ ਹੋਈ ਹੈ। ਭਾਰਤ ਨੇ ਸਾਰਾ ਬੋਝ ਆਪਣੇ ਮੋਢਿਆਂ 'ਤੇ ਲਿਆ ਅਤੇ ਖਾਦਾਂ ਦੀ ਸਪਲਾਈ ਜਾਰੀ ਰੱਖੀ। ਕੋਰੋਨਾ ਸੰਕਟ ਦੌਰਾਨ ਛੋਟੇ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ।