
ਪੀਐਮ ਮੋਦੀ ਨੇ ਕਿਹਾ ਕਿ ਇੰਨੀਆਂ ਹਾਰਾਂ ਦੇ ਬਾਵਜੂਦ ਤੁਹਾਡੀ ਹਉਮੈ ਕਾਇਮ ਹੈ ਅਤੇ ਤੁਸੀਂ ਇਸ ਤੋਂ ਛੁਟਕਾਰਾ ਨਹੀਂ ਪਾ ਰਹੇ ਹੋ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸੰਸਦ ਦੇ ਬਜਟ ਸੈਸ਼ਨ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ਦੇ ਜਵਾਬ ਦੌਰਾਨ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਿਆ। ਸਭ ਤੋਂ ਪਹਿਲਾਂ ਉਹਨਾਂ ਨੇ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਨੂੰ ਸ਼ਰਧਾਂਜਲੀ ਦਿੱਤੀ। ਪੀਐਮ ਮੋਦੀ ਨੇ ਕਿਹਾ ਕਿ ਉਹਨਾਂ ਦੇ ਗੀਤਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ। ਇਸ ਮਗਰੋਂ ਉਹਨਾਂ ਕਾਂਗਰਸ ਪਾਰਟੀ ’ਤੇ ਹੰਕਾਰ ਨਾ ਛੱਡਣ ਦਾ ਦੋਸ਼ ਲਾਇਆ। ਪੀਐਮ ਮੋਦੀ ਨੇ ਕਿਹਾ ਕਿ ਇੰਨੀਆਂ ਹਾਰਾਂ ਦੇ ਬਾਵਜੂਦ ਤੁਹਾਡੀ ਹਉਮੈ ਕਾਇਮ ਹੈ ਅਤੇ ਤੁਸੀਂ ਇਸ ਤੋਂ ਛੁਟਕਾਰਾ ਨਹੀਂ ਪਾ ਰਹੇ ਹੋ।
ਪੀਐੱਮ ਦੇ ਇਸ ਸੰਬੋਧਨ ਦੌਰਾਨ ਲੋਕ ਸਭਾ 'ਚ ਕਾਂਗਰਸ ਸੰਸਦੀ ਦਲ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਧਾਨ ਮੰਤਰੀ ਨੇ ਸ਼ਾਇਰੀ ਰਾਹੀਂ ਕਾਂਗਰਸ 'ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ,
“ ਵਹ ਜਬ ਦਿਨ ਕੋ ਰਾਤ ਕਹੇਂ ਤੋ ਤੁਰੰਤ ਮਾਨ ਲੋ
ਅਗਰ ਨਹੀਂ ਮਾਨੇ ਤੋ ਵੋ ਦਿਨ ਮੇ ਨਕਾਬ ਔੜ ਲੇਂਗੇ
ਜ਼ਰੂਰਤ ਹੁਈ ਤੋ ਹਕੀਕਤ ਕੋ ਥੋੜਾ ਬਹੁਤ ਮਰੋੜ ਲੇਂਗੇ
ਵਹ ਮਗਰੂਰ ਹੈ ਖੁਦ ਕੀ ਸਮਝ ਪਰ ਏਇੰਤਹਾ
ਉਨਹੇਂ ਆਈਨਾ ਮਤ ਦਿਖਾਓ, ਵੇ ਆਈਨਾ ਵੀ ਤੋੜ ਦੇਂਗੇ...।
ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ ਦੌਰਾਨ ਕਾਂਗਰਸ ਦੇ ਰਵੱਈਏ 'ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ, 'ਕੋਰੋਨਾ ਵਾਇਰਸ ਇਕ ਵਿਸ਼ਵਵਿਆਪੀ ਮਹਾਂਮਾਰੀ ਹੈ ਪਰ ਕੁਝ ਲੋਕਾਂ ਨੇ ਇਸ ਦੀ ਵਰਤੋਂ ਸਿਆਸੀ ਫਾਇਦੇ ਲਈ ਵੀ ਕੀਤੀ ਹੈ। ਕੋਰੋਨਾ ਦੇ ਦੌਰ 'ਚ ਕਾਂਗਰਸ ਨੇ ਹੱਦ ਪਾਰ ਕਰ ਦਿੱਤੀ, ਆਲੋਚਨਾ ਕਿਸੇ ਵੀ ਲੋਕਤੰਤਰ ਦੀ ਖਾਸ ਪਛਾਣ ਹੁੰਦੀ ਹੈ, ਪਰ 'ਅੰਨ੍ਹਾ ਵਿਰੋਧ' ਲੋਕਤੰਤਰ ਦਾ ਅਪਮਾਨ ਹੈ।' ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਹੁਣ ਤੁਹਾਨੂੰ (ਕਾਂਗਰਸ) ਨੂੰ ‘ਪਛਾਣ’ ਰਹੇ ਹਨ। ਕੁਝ ਪਹਿਲਾਂ ਹੀ ਪਛਾਣੇ ਜਾ ਚੁੱਕੇ ਹਨ ਅਤੇ ਕੁਝ ਭਵਿੱਖ ਵਿਚ ਪਛਾਣ ਜਾਣਗੇ। ਤੁਹਾਨੂੰ 50 ਸਾਲ ਇੱਥੇ (ਸੱਤਾਧਾਰੀ ਪਾਰਟੀ ਵਿਚ) ਬੈਠਣ ਦਾ ਮੌਕਾ ਮਿਲਿਆ ਹੈ। ਤਾਂ ਇਸ ਦਿਸ਼ਾ ਵਿਚ ਕਿਉਂ ਨਹੀਂ ਸੋਚਦੇ? ਜਿਸ ਤਰ੍ਹਾਂ ਉਹ (ਕਾਂਗਰਸ) ਬੋਲਦੇ ਹਨ, ਉਸ ਤੋਂ ਲੱਗਦਾ ਹੈ ਕਿ ਉਹਨਾਂ ਨੇ 100 ਸਾਲ ਸੱਤਾ 'ਚ ਨਹੀਂ ਆਉਣਾ, ਜਦੋਂ ਤੁਸੀਂ ਇਹ ਫੈਸਲਾ ਕਰ ਲਿਆ ਹੈ, ਮੈਂ ਵੀ ਤਿਆਰੀ ਕਰ ਲਈ ਹੈ।
ਪੀਐਮ ਨੇ ਕਿਹਾ ਕਿ ਨਾਗਾਲੈਂਡ ਦੇ ਲੋਕਾਂ ਨੇ ਆਖਰੀ ਵਾਰ 1988 ਵਿਚ ਕਾਂਗਰਸ ਨੂੰ ਵੋਟ ਦਿੱਤੀ ਸੀ। ਉੜੀਸਾ ਨੇ ਤੁਹਾਨੂੰ 1995 ਵਿਚ, ਗੋਆ ਵਿਚ ਤੁਹਾਨੂੰ 1994 ਵਿਚ ਵੋਟ ਪਈ ਸੀ। ਤੁਸੀਂ ਇਕੱਲਿਆਂ ਬਹੁਤ ਕੁਝ ਹਾਸਲ ਕੀਤਾ ਪਰ ਉਸ ਤੋਂ ਬਾਅਦ ਗੋਆ ਨੇ ਤੁਹਾਨੂੰ ਸਵੀਕਾਰ ਨਹੀਂ ਕੀਤਾ। ਪੀਐਮ ਨੇ ਕਿਹਾ ਕਿ ਮੁੱਦਾ ਸਿਰਫ਼ ਚੋਣ ਨਤੀਜਿਆਂ ਦਾ ਨਹੀਂ ਹੈ। ਇਹ ਇਹਨਾਂ ਦੇ ਇਰਾਦੇ ਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਸਾਲ ਸੱਤਾ 'ਚ ਰਹਿਣ ਤੋਂ ਬਾਅਦ ਦੇਸ਼ ਦੀ ਜਨਤਾ ਉਹਨਾਂ ਨੂੰ ਲਗਾਤਾਰ ਨਕਾਰ ਕਿਉਂ ਰਹੀ ਹੈ। ਕਾਂਗਰਸ 'ਤੇ ਹਮਲਾ ਕਰਦੇ ਹੋਏ ਪੀਐੱਮ ਨੇ ਕਿਹਾ, 'ਜੋ ਲੋਕ ਇਤਿਹਾਸ ਤੋਂ ਸਬਕ ਨਹੀਂ ਲੈਂਦੇ, ਉਹ ਇਤਿਹਾਸ 'ਚ ਗੁਆਚ ਜਾਂਦੇ ਹਨ। 1960-80 ਦੇ ਦਹਾਕੇ ਤੱਕ ਨਹਿਰੂ ਅਤੇ ਇੰਦਰਾ ਨੂੰ ਟਾਟਾ-ਬਿਰਲਾ ਸਰਕਾਰ ਕਿਹਾ ਜਾਂਦਾ ਸੀ।
ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਦਾ ਨਾਮ ਲਏ ਬਿਨ੍ਹਾਂ ਉਹਨਾਂ ਨੂੰ ਜਵਾਬ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਦੇਸ਼ ਦੇ ਉੱਦਮੀਆਂ ਨੂੰ ਕੋਰੋਨਾ ਵੇਰੀਐਂਟ ਕਹਿਣਾ ਸਹੀ ਨਹੀਂ ਹੈ। ਦਰਅਸਲ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਦੇਸ਼ ਦੀ ਅਰਥਵਿਵਸਥਾ 'ਚ ਡਬਲ ਏ ਵੇਰੀਐਂਟ ਫੈਲ ਰਿਹਾ ਹੈ। ਡਬਲ ਏ ਦਾ ਮਤਲਬ ਹੈ ਅੰਬਾਨੀ ਅਤੇ ਅਡਾਨੀ। ਮਹਿੰਗਾਈ ਦੇ ਮੁੱਦੇ ’ਤੇ ਬੋਲਦਿਆਂ ਉਹਨਾਂ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਪੰਡਿਤ ਨਹਿਰੂ ਨੇ ਲਾਲ ਕਿਲੇ ਤੋਂ ਕਿਹਾ ਸੀ ਕਿ ਕਦੀ-ਕਦੀ ਕੋਰੀਆ ਦੀ ਲੜਾਈ ਵੀ ਸਾਨੂੰ ਪ੍ਰਭਾਵਿਤ ਕਰਦੀ ਹੈ। ਇਸ ਲਈ ਚੀਜ਼ਾਂ ਦੀਆਂ ਕੀਮਤਾਂ ਵਧ ਜਾਂਦੀਆਂ ਹਨ। ਇਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਕਿਹਾ ਸੀ।
ਉਹਨਾਂ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਵਿਚ ਵੀ ਕੁਝ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਵੀ ਚੀਜ਼ਾਂ ਦੀਆਂ ਕੀਮਤਾਂ ਉੱਤੇ ਪੈਂਦਾ ਹੈ। ਇਹ ਉਸ ਸਮੇਂ ਕਿਹਾ ਗਿਆ ਸੀ ਜਦੋਂ ਗਲੋਬਲਾਈਜ਼ੇਸ਼ਨ ਨਹੀਂ ਸੀ। ਉਦੋਂ ਮਹਿੰਗਾਈ ਦੀ ਸਮੱਸਿਆ ਕਿੰਨੀ ਗੰਭੀਰ ਸੀ ਕਿ ਨਹਿਰੂ ਜੀ ਨੂੰ ਵੀ ਹੱਥ ਖੜ੍ਹੇ ਕਰਨੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਵੰਡ ਦੀ ਰਾਜਨੀਤੀ ਕਰਦੀ ਹੈ। ਉਸ ਦੇ ਡੀਐਨਏ ਵਿਚ ਵੰਡ ਦੀ ਮਾਨਸਿਕਤਾ ਹੈ। ਉਹ ਟੁਕੜੇ ਟੁਕੜੇ ਗੈਂਗ ਦੀ ਲੀਡਰ ਬਣ ਚੁੱਕੀ ਹੈ। ਇਹ ਕਾਂਗਰਸ ਦੀ ਪਰੰਪਰਾ ਹੈ, ਜੋ ਅੰਗਰੇਜ਼ਾਂ ਤੋਂ ਵਿਰਾਸਤ ਵਿਚ ਮਿਲੀ ਹੈ।