
ਸ਼ੁਰੂਆਤੀ ਮੁਲਾਂਕਣਾਂ ਵਿੱਚ ਕੁਝ ਖੇਤਰਾਂ ਵਿੱਚ ਨੁਕਸਾਨ ਦਾ ਸੰਕੇਤ
ਮਾਸਕੋ: ਦੱਖਣੀ ਸਾਇਬੇਰੀਆ ਦੇ ਅਲਤਾਈ ਗਣਰਾਜ ਵਿੱਚ ਸ਼ਨੀਵਾਰ ਸਵੇਰੇ 6.4 ਤੀਬਰਤਾ ਦਾ ਭੂਚਾਲ ਆਇਆ। ਰੂਸੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ 'ਇੰਟਰਫੈਕਸ' ਨੇ ਰਸ਼ੀਅਨ ਅਕੈਡਮੀ ਆਫ਼ ਸਾਇੰਸਜ਼ ਦੀ ਇੰਟੀਗ੍ਰੇਟਿਡ ਜੀਓਫਿਜ਼ੀਕਲ ਸਰਵਿਸ ਦੇ ਹਵਾਲੇ ਨਾਲ ਕਿਹਾ ਕਿ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 8:48 ਵਜੇ ਆਇਆ ਅਤੇ ਇਸਦੇ ਝਟਕੇ ਨੇੜਲੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ।
ਖੇਤਰੀ ਮੁਖੀ ਆਂਦਰੇਈ ਤੁਰਚਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਟੈਲੀਗ੍ਰਾਮ 'ਤੇ ਲਿਖਿਆ ਕਿ ਭੂਚਾਲ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਹਾਈ ਅਲਰਟ ਲਾਗੂ ਕਰ ਦਿੱਤਾ ਗਿਆ ਹੈ, ਜਨਤਕ ਸਮਾਗਮ ਰੱਦ ਕਰ ਦਿੱਤੇ ਗਏ ਹਨ ਅਤੇ ਭੂਚਾਲ ਦੇ ਕੇਂਦਰ ਦੇ ਨੇੜੇ ਦੇ ਖੇਤਰਾਂ ਵਿੱਚ ਪਾਣੀ ਦੀ ਸਪਲਾਈ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤੁਰਚਕ ਨੇ ਕਿਹਾ ਕਿ ਸ਼ੁਰੂਆਤੀ ਮੁਲਾਂਕਣਾਂ ਵਿੱਚ ਕੁਝ ਖੇਤਰਾਂ ਵਿੱਚ ਮਾਮੂਲੀ ਨੁਕਸਾਨ ਦਾ ਸੰਕੇਤ ਮਿਲਿਆ ਹੈ। ਉਸਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਭੂਚਾਲ ਨਾਲ ਵਿਆਪਕ ਨੁਕਸਾਨ ਹੋਇਆ ਹੈ।