
ਭਾਰਤ ਨੇ 2018 ਵਿਚ 42 ਸੰਸਥਾਵਾਂ ਦੇ ਮੁਕਾਬਲੇ ਇਸ ਸਾਲ ਸੂਚੀ ਵਿਚ 49 ਯੂਨੀਵਰਸਿਟੀਆਂ ਨੂੰ ਸ਼ਾਮਲ ਕਰਾ ਕੇ ਰੈਕਿੰਗ ਵਿਚ ਅਪਣੀ ਪ੍ਰਤੀਨਿਧਤਾ ਨੂੰ ਵਧਾਇਆ ਹੈ।
ਲੰਡਨ : ਟਾਈਮਜ਼ ਹਾਇਰ ਐਜੂਕੇਸ਼ਨ ਦੀ ਇਮਰਜ਼ਿੰਗ ਇਕੋਨੋਮੀਜ਼ ਯੂਨੀਵਰਸਿਟੀਜ਼ ਰੈਕਿੰਗ ਵਿਚ ਭਾਰਤ ਦੀਆਂ ਕਈ ਸੰਸਥਾਵਾਂ ਨੇ ਥਾਂ ਬਣਾਈ ਹੈ। ਸੂਚੀ ਵਿਚ ਭਾਰਤ ਦੀਆਂ 49 ਸਿੱਖਿਆ ਸੰਸਥਾਵਾਂ ਨੂੰ ਜਗ੍ਹਾ ਮਿਲੀ ਹੈ। ਇਹਨਾਂ 49 ਵਿਚੋਂ 25 ਸੰਸਥਾਵਾਂ ਟੌਪ 200 ਵਿਚ ਥਾਂ ਬਣਾਉਣ ਵਿਚ ਸਫਲ ਰਹੀਆਂ ਹਨ। 2019 ਦੀ ਸੂਚੀ ਵਿਚ ਸੱਭ ਤੋਂ ਵੱਧ ਥਾਂ ਪਾਉਣ ਵਾਲਾ ਦੇਸ਼ ਚੀਨ ਰਿਹਾ। ਜਿਸ ਦੀ ਸ਼ਿੰਗੂਆ ਯੂਨੀਵਰਸਿਟੀ ਨੇ ਪਹਿਲਾ ਨੰਬਰ ਹਾਸਲ ਕੀਤਾ ਹੈ। ਟਾਈਮਜ਼ ਹਾਈਰ ਐਜੂਕੇਸ਼ਨ
Indian Institute of Science
ਉੱਚ ਸਿੱਖਿਆ 'ਤੇ ਡਾਟਾ ਇਕੱਠਾ ਕਰਨ ਅਤੇ ਉਸ 'ਤੇ ਵਿਸ਼ੇਸ਼ਤਾ ਹਾਸਲ ਕਰਨ ਵਾਲਾ ਇਕ ਦੁਨੀਆਵੀ ਸੰਗਠਨ ਹੈ, ਜੋ ਹਰ ਸਾਲ ਵੱਖ-ਵੱਖ ਪੱਧਰਾਂ 'ਤੇ ਸਿੱਖਿਆ ਨਾਲ ਸਬੰਧਤ ਰੈਕਿੰਗ ਨੂੰ ਜਾਰੀ ਕਰਦਾ ਹੈ। ਇਸ ਸੂਚੀ ਵਿਚ ਭਾਰਤੀ ਵਿਗਿਆਨ ਸੰਸਥਾ ਨੇ 14ਵਾਂ ਸਥਾਨ ਹਾਸਲ ਕੀਤਾ ਹੈ, ਉਥੇ ਹੀ ਭਾਰਤੀ ਤਕਨੀਕੀ ਸੰਸਥਾ ਬੰਬੇ 27ਵੇਂ ਨੰਬਰ 'ਤੇ ਰਹੀ । ਹਾਲਾਂਕਿ ਇਹ ਸਿੱਖਿਆ ਸੰਸਥਾਵਾਂ ਇਸ ਸਾਲ ਇਕ ਨੰਬਰ ਪਿਛੇ ਖਿਸਕ ਗਈਆਂ। 2019 ਦੀ ਰੈਕਿੰਗ ਵਿਚ 43 ਦੇਸ਼ਾਂ ਦੀਆਂ ਲਗਭਗ 450 ਯੂਨੀਵਰਸਿਟੀਆਂ ਨੂੰ ਥਾਂ ਮਿਲੀ ਹੈ।
IIT Roorkee
ਇਸ ਸਾਲ ਦੀ ਸੂਚੀ ਵਿਚ ਭਾਰਤ ਦੀਆਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਕਈ ਨਵੀਆਂ ਸੰਸਥਾਵਾਂ ਨੂੰ ਥਾਂ ਮਿਲੀ ਹੈ ਪਰ ਇਸ ਦੇ ਨਾਲ ਹੀ ਕਈ ਸੰਸਥਾਵਾਂ ਅੱਗੇ ਜਾਂ ਪਿਛੇ ਵੀ ਹੋ ਗਈਆਂ ਹਨ। ਭਾਰਤ ਨੇ 2018 ਵਿਚ 42 ਸੰਸਥਾਵਾਂ ਦੇ ਮੁਕਾਬਲੇ ਇਸ ਸਾਲ ਸੂਚੀ ਵਿਚ 49 ਯੂਨੀਵਰਸਿਟੀਆਂ ਨੂੰ ਸ਼ਾਮਲ ਕਰਾ ਕੇ ਰੈਕਿੰਗ ਵਿਚ ਅਪਣੀ ਪ੍ਰਤੀਨਿਧਤਾ ਨੂੰ ਵਧਾਇਆ ਹੈ। ਸੰਗਠਨ ਨੇ ਕਿਹਾ ਕਿ ਟੌਪ 200 ਵਿਚ ਭਾਰਤ ਦੀਆਂ 25 ਯੂਨੀਵਰਸਿਟੀਆਂ ਸ਼ਾਮਲ ਹਨ। ਆਈਆਈਟੀ ਰੁੜਕੀ ਨੇ 21 ਨੰਬਰਾਂ ਦੀ ਲੰਮੀ ਛਲਾਂਗ ਲਗਾ ਕੇ ਟੌਪ 40 ਵਿਚ ਥਾਂ ਹਾਸਲ ਕੀਤੀ ਅਤੇ 35ਵੇਂ ਨੰਬਰ 'ਤੇ ਪਹੁੰਚ ਗਈ ਹੈ।
Banaras Hindu University
ਇਸ ਸਾਲ ਨਾਮ ਦਰਜ ਕਰਵਾਉਣ ਵਾਲੀਆਂ ਸੰਸਥਾਵਾਂ ਵਿਚ ਇਦੌਰ ਨੇ 61ਵਾਂ ਨੰਬਰ ਅਤੇ ਜੇਐਸਐਸ ਉੱਚ ਸਿੱਖਿਆ ਅਤੇ ਖੋਜ ਕੇਂਦਰ ਨੇ ਸਾਂਝੇ ਤੌਰ 'ਤੇ 64ਵਾਂ ਨੰਬਰ ਹਾਸਲ ਕੀਤਾ। ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਅਮ੍ਰਿਤਾ ਯੂਨੀਵਰਸਿਟੀ ਨੇ ਇਸ ਸਾਲ ਚੋਟੀ ਦੇ 150 ਵਿਚ ਥਾਂ ਬਣਾਈ ਹੈ। ਭਾਰਤੀ ਵਿਗਿਆਨ ਸਿੱਖਿਆ ਅਤੇ ਖੋਜ ਕੇਂਦਰ ਪੁਣੇ ਅਤੇ ਭਾਰਤੀ ਤਕਨੀਕੀ ਸੰਸਥਾਨ ਹੈਦਰਾਬਾਦ ਨੂੰ ਪਹਿਲੀ ਵਾਰ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ।