
ਬੀਤੇ ਦਿਨੀਂ ਇਨਕਮ ਟੈਕਸ ਛਾਪੇ ਚ 11 ਕਰੋੜ 53 ਲੱਖ ਰੁਪਏ ਬਰਾਮਦ ਕੀਤੇ ਗਏ ਸਨ
ਚੇਂਨਈ- ਭਾਰਤੀ ਚੋਣ ਕਮਿਸ਼ਨ ਨੇ ਮੰਗਲਵਾਰ ਸ਼ਾਮ ਨੂੰ ਤਾਮਿਲਨਾਡੂ ਦੀ ਵੈਲੋਰ ਲੋਕ ਸਭਾ ਸੀਟ ਦੀ ਚੋਣ ਰੱਦ ਕਰਨ ਦਾ ਫੈਸਲਾ ਲਿਆ ਹੈ। ਇਸ ਸੀਟ ’ਤੇ ਦੂਜੇ ਪੜਾਅ ਹੇਠ 18 ਅਪ੍ਰੈਲ ਨੂੰ ਵੋਟਾਂ ਪੈਣੀਆਂ ਸਨ। ਕੁਝ ਦਿਨ ਪਹਿਲਾਂ ਇੱਥੋਂ ਡੀਐਮਕੇ ਉਮੀਦਵਾਰ ਦੇ ਦਫ਼ਤਰ ਚੋਂ ਕਥਿਤ ਤੌਰ ਤੇ ਵੱਡੀ ਗਿਣਤੀ ਚ ਨਕਦੀ ਬਰਾਮਦ ਕੀਤੀ ਗਈ ਸੀ। ਜਿਸ ਤੇ ਚੋਣ ਕਮਿਸ਼ਨ ਦੀ ਸੋਮਵਾਰ ਨੂੰ ਕੀਤੀ ਸਿਫਾਰਿਸ਼ ’ਤੇ ਚੋਣ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਡੀਐਮਕੇ ਦਫ਼ਤਰ ਚ ਬੀਤੇ ਦਿਨੀਂ ਇਨਕਮ ਟੈਕਸ ਛਾਪੇ ਚ 11 ਕਰੋੜ 53 ਲੱਖ ਰੁਪਏ ਬਰਾਮਦ ਕੀਤੇ ਗਏ ਸਨ, ਜਿਹੜੇ ਸੀਮਿੰਟ ਦੇ ਗੋਦਾਮ ਚ ਲੁਕਾ ਕੇ ਰੱਖੇ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਰਕਮ ਡੀਐਮਕੇ ਆਗੂ ਦੁਰਈ ਮੁਰਗਨ ਦੀ ਸੀ। ਵੈਲੋਰ ਤੋਂ ਡੀਐਮਕੇ ਉਮੀਦਵਾਰ ਡੀ ਐਮ ਕਤੀਰ ਚੋਣ ਮੈਦਾਨ ਚ ਸਨ। ਜਿਹੜੇ ਸ਼੍ਰੀ ਮੁਰਗਨ ਦੇ ਬੇਟੇ ਹਨ। ਇਨਕਮ ਟੈਕਸ ਦੇ ਛਾਪੇ ਮਗਰੋਂ ਸ਼੍ਰੀ ਕਤੀਰ ਖਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਸੀ।
Money
ਡੀਐਮਕੇ ਨੇ ਦਾਅਵਾ ਕੀਤਾ ਸੀ ਕਿ ਇਨਕਮ ਟੈਕਸ ਦਾ ਇਹ ਛਾਪਾ ਸਿਆਸਤ ਤੋਂ ਪ੍ਰੇਰਿਤ ਹੈ। ਇਸ ਛਾਪੇ ਮਗਰੋਂ ਸ਼੍ਰੀ ਮੁਰਗਨ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਕਿਹਾ ਸੀ ਕਿ ਇਸ ਛਾਪੇ ਨਾਲ ਉਨ੍ਹਾਂ ਦੇ ਬੇਟੇ ਆਪਣਾ ਚੋਣ ਪ੍ਰਚਾਰ ਨਹੀਂ ਕਰ ਪਾ ਰਹੇ ਹਨ। ਦੱਸਣਯੋਗ ਹੈ ਕਿ ਚੋਣ ਦੀ ਅਧਿਸੂਚਨਾ ਰਾਸ਼ਟਰਪਤੀ ਦੇ ਹਸਤਾਖ਼ਰ ਦੁਆਰਾ ਜਾਰੀ ਹੁੰਦੀ ਹੈ, ਇਸ ਲਈ ਚੋਣ ਰੱਦ ਕਰਨ ਦਾ ਹੱਕ ਵੀ ਰਾਸ਼ਟਰਪਤੀ ਨੂੰ ਹੀ ਹੁੰਦਾ ਹੈ।