
ਯੋਗੀ ਆਦਿਤਿਯਨਾਥ 72 ਘੰਟੇ ਅਤੇ ਮਾਇਆਵਤੀ 48 ਘੰਟੇ ਤਕ ਨਹੀਂ ਕਰ ਸਕਣਗੇ ਚੋਣ ਪ੍ਰਚਾਰ
ਨਵੀਂ ਦਿੱਲੀ : ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਸਖ਼ਤ ਕਦਮ ਚੁੱਕਿਆ ਹੈ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਯਨਾਥ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਦੇ ਚੋਣ ਪ੍ਰਚਾਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਚੋਣ ਕਮਿਸ਼ਨ ਦੀ ਇਹ ਰੋਕ 16 ਅਪ੍ਰੈਲ ਤੋਂ ਸੁਰੂ ਹੋਵੇਗੀ। ਇਹ ਰੋਕ ਯੋਗੀ ਆਦਿਤਿਯਨਾਥ ਲਈ 72 ਘੰਟੇ ਅਤੇ ਮਾਇਆਵਤੀ ਲਈ 48 ਘੰਟੇ ਤਕ ਲਾਗੂ ਰਹੇਗੀ।
Mayawati
ਇਸ ਦੌਰਾਨ ਯੋਗੀ ਆਦਿਤਿਯਨਾਥ ਅਤੇ ਮਾਇਆਵਤੀ ਨਾ ਹੀ ਕਿਸੇ ਰੈਲੀ ਨੂੰ ਸੰਬੋਧਤ ਕਰ ਸਕਣਗੇ, ਨਾ ਹੀ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ ਅਤੇ ਨਾ ਹੀ ਕਿਸੇ ਨੂੰ ਇੰਟਰਵਿਊ ਦੇ ਸਕਣਗੇ। ਚੋਣ ਕਮਿਸ਼ਨ ਦਾ ਐਕਸ਼ਨ 16 ਅਪ੍ਰੈਲ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗਾ। ਚੋਣ ਕਮਿਸ਼ਨ ਦੇ ਫ਼ੈਸਲੇ ਤੋਂ ਸਾਫ਼ ਹੈ ਕਿ ਯੋਗੀ ਆਦਿਤਿਯਨਾਥ 16, 17 ਅਤੇ 18 ਅਪ੍ਰੈਲ ਨੂੰ ਕੋਈ ਪ੍ਰਚਾਰ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਮਾਇਆਵਤੀ 16 ਅਤੇ 17 ਅਪ੍ਰੈਲ ਨੂੰ ਕੋਈ ਪ੍ਰਚਾਰ ਨਹੀਂ ਕਰ ਸਕੇਗੀ।
Yogi Adityanath
ਕਮਿਸ਼ਨ ਨੇ ਯੋਗੀ ਆਦਿਤਿਯਨਾਥ ਨੂੰ 8 ਅਪ੍ਰੈਲ ਨੂੰ ਮੇਰਠ 'ਚ ਇਤਰਾਜ਼ਯੋਗ ਅਤੇ ਵਿਵਾਦਪੂਰਨ ਭਾਸ਼ਣ ਦੇਣ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਸੀ, ਜਦੋਂ ਕਿ ਮਾਇਆਵਤੀ ਨੂੰ ਦੇਵਬੰਦ 'ਚ 7 ਅਪ੍ਰੈਲ ਨੂੰ ਭੜਕਾਊ ਭਾਸ਼ਣ ਦੇਣ ਦੇ ਮਾਮਲੇ 'ਚ ਨੋਟਿਸ ਜਾਰੀ ਕੀਤਾ ਸੀ। ਯੋਗੀ ਆਦਿਤਿਯਨਾਥ ਨੇ ਆਪਣੇ ਇਕ ਸੰਬੋਧਨ 'ਚ ਮਾਇਆਵਤੀ 'ਤੇ ਹਮਲਾ ਕਰਦਿਆਂ ਕਿਹਾ ਸੀ ਕਿ ਜੇ ਵਿਰੋਧੀਆਂ ਨੂੰ ਅਲੀ ਪਸੰਦ ਹੈ ਤਾਂ ਸਾਨੂੰ ਬਜਰੰਗ ਬਲੀ ਪਸੰਦ ਹੈ। ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਦੇਵਬੰਦ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਮੁਸਲਮਾਨ ਭਾਈਚਾਰੇ ਦੇ ਲੋਕ ਆਪਣੇ ਵੋਟ ਦੀ ਵੰਡ ਨਾ ਹੋਣ ਦੇਣ ਅਤੇ ਸਿਰਫ਼ ਮਹਾਗਠਜੋੜ ਲਈ ਵੋਟ ਕਰਨ। ਮਾਇਆਵਤੀ ਦਾ ਇਹ ਬਿਆਨ ਧਰਮ ਦੇ ਨਾਂ 'ਤੇ ਵੋਟ ਮੰਗਣ ਦੇ ਨਿਯਮ ਦਾ ਉਲੰਘਣ ਹੈ।