
ਚੀਨ ਦੇ ਇਕ ਚੋਟੀ ਦੇ ਮੈਡੀਕਲ ਮਾਹਰ ਨੇ ਚਿਤਾਵਨੀ ਦਿਤੀ ਹੈ ਕਿ ਚੀਨ ਤੇ ਹੋਰਾਂ ਦੇਸ਼ਾਂ ਵਿਚ ਨਵੰਬਰ ਵਿਚ ਦੁਬਾਰਾ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲ ਸਕਦਾ ਹੈ।
ਬੀਜਿੰਗ, 16 ਅਪ੍ਰੈਲ : ਚੀਨ ਦੇ ਇਕ ਚੋਟੀ ਦੇ ਮੈਡੀਕਲ ਮਾਹਰ ਨੇ ਚਿਤਾਵਨੀ ਦਿਤੀ ਹੈ ਕਿ ਚੀਨ ਤੇ ਹੋਰਾਂ ਦੇਸ਼ਾਂ ਵਿਚ ਨਵੰਬਰ ਵਿਚ ਦੁਬਾਰਾ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲ ਸਕਦਾ ਹੈ। ਉਹਨਾਂ ਨੇ ਇਹ ਚਿਤਾਵਨੀ ਅਜਿਹੇ ਸਮੇਂ ਵਿਚ ਦਿਤੀ ਹੈ ਜਦੋਂ ਤਕਰੀਬਨ ਤਿੰਨ ਮਹੀਨੇ ਤਕ ਮਹਾਮਾਰੀ ਨਾਲ ਲੜਨ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਵਿਚ ਹਾਲਾਤ ਆਮ ਹੋ ਰਹੇ ਹਨ।
ਸੰਘਾਈ ਵਿਚ ਕੋਰੋਨਾ ਵਾਇਰਸ ਮਾਹਰ ਟੀਮ ਤੇ ਸ਼ਹਿਰ ਦੇ ਚੋਟੀ ਦੇ ਹਸਪਤਾਲਾਂ ਵਿਚ ਇਨਫੈਕਸ਼ਨ ਬੀਮਾਰੀ ਵਿਭਾਗ ਦੀ ਅਗਵਾਈ ਕਰਨ ਵਾਲੇ ਝਾਂਗ ਵੇਹੋਂਗ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿਚ ਦੇਸ਼ ਵਾਰ-ਵਾਰ ਉਭਰਣ ਵਾਲੀ ਮਹਾਮਾਰੀ ਦੇ ਪ੍ਰਤੀ ਲਚੀਲਾ ਰੁਖ ਅਪਣਾਏਗਾ। ਉਹਨਾਂ ਨੇ ਕਿਹਾ ਕਿ ਦੁਨੀਆਭਰ ਦੇ ਵਧੇਰੇ ਦੇਸ਼ ਸਰਦੀ ਤਕ ਕੋਰੋਨਾ ਵਾਇਰਸ ਦੀ ਮਹਾਮਾਰੀ 'ਤੇ ਬਹੁਤ ਹੱਦ ਤਕ ਕੰਟਰੋਲ ਕਰ ਲੈਣਗੇ ਪਰ ਆਉਣ ਵਾਲੀ ਸਰਦੀ ਵਿਚ ਚੀਨ ਤੇ ਹੋਰ ਦੇਸ਼ਾਂ ਨੂੰ ਇਸ ਮਹਾਮਾਰੀ ਦਾ ਦੁਬਾਰਾ ਸਾਹਮਣਾ ਕਰਨਾ ਪੈ ਸਕਦਾ ਹੈ।
File photo
ਛੋਟੀ ਮਿਆਦ ਦੇ ਵੀਡੀਉ ਲਈ ਪ੍ਰਸਿੱਧ ਮੰਚ ਕੁਆਈਸ਼ੋਓ 'ਤੇ ਝਾਂਗ ਨੇ ਕਿਹਾ ਕਿ ਚੀਨ ਨੂੰ ਬੀਮਾਰੀ ਕੰਟਰੋਲ ਕਰਨ ਨੂੰ ਲੈ ਕੇ ਮਿਲੇ ਤਜ਼ਰਬੇ ਦਾ ਮਤਲਬ ਹੈ ਕਿ ਇਸ ਸਾਲ ਦੇ ਅਖ਼ੀਰ ਵਿਚ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਵਾਇਰਸ ਨੂੰ ਕੰਟਰੋਲ ਕਰਨ ਦੇ ਲਈ ਨਾਟਕੀ ਤੇ ਸਖ਼ਤ ਉਪਾਅ ਦੁਹਰਾਉਣ ਦੀ ਲੋੜ ਨਹੀਂ ਹੋਵੇਗੀ। ਝਾਂਗ ਦੀ ਟਿੱਪਣੀ ਅਜਿਹੇ ਵੇਲੇ ਵਿਚ ਸਾਹਮਣੇ ਆਈ ਹੈ ਜਦੋਂ ਚੀਨੀ ਅਧਿਕਾਰੀ ਦੇਸ਼ ਦੀ ਅਰਥਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਦੇ ਤਹਿਤ ਇਕਾਂਤਵਾਸ ਦੇ ਨਿਯਮਾਂ ਵਿਚ ਢਿੱਲ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਵਲੋਂ ਦਿਤੀ ਗਈ ਜਾਣਕਾਰੀ ਦੇ ਮੁਤਾਬਕ ਬੁਧਵਾਰ ਤਕ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 82,341 ਤਕ ਪਹੁੰਚ ਗਈ, ਜਿਹਨਾਂ ਵਿਚੋਂ 3,342 ਲੋਕਾਂ ਨੇ ਅਪਣੀ ਜਾਨ ਗੁਆਈ ਹੈ। ਹਾਲਾਂਕਿ ਕੋਰੋਨਾ ਵਾਇਰਸ ਦਾ ਕੇਂਦਰ ਰਹੇ ਵੁਹਾਨ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ। (ਪੀਟੀਆਈ)