
ਪਿਛਲੇ ਹਫ਼ਤੇ ਇਕ ਦਿਨ ’ਚ 150 ਪਰਬਤਾਰੋਹੀ ਐਵਰੈਸਟ ਦੀ ਚੋਟੀ ’ਤੇ ਪਹੁੰਚੇ।
ਕਾਠਮੰਡੂ, : ਬ੍ਰਿਟੇਨ ਦੇ 48 ਸਾਲਾ ਕੈਂਟਨ ਕੂਲ ਨੇ 16ਵੀਂ ਵਾਰ ਦੁਨੀਆਂ ਦੀ ਸੱਭ ਤੋਂ ਉੱਚੀ ਪਹਾੜੀ ਚੋਟੀ ਮਾਊਂਟ ਐਵਰੈਸਟ ਨੂੰ ਸਰ ਕੀਤਾ ਹੈ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਗ਼ੈਰ-ਨੇਪਾਲੀ ਨਾਗਰਿਕ ਬਣ ਗਏ ਹਨ। ‘ਦਿ ਗਾਰਡੀਅਨ’ ਵਲੋਂ ਸੋਮਵਾਰ ਨੂੰ ਪ੍ਰਕਾਸ਼ਿਤ ਖ਼ਬਰ ’ਚ ਕੂਲ ਦੇ ਇੰਸਟਾਗ੍ਰਾਮ ਪੇਜ ਦੇ ਹਵਾਲੇ ਨਾਲ ਦਸਿਆ ਗਿਆ ਕਿ ਦੱਖਣ-ਪਛਮੀ ਇੰਗਲੈਂਡ ਦੇ ਗਲੋਸਟਰਸ਼ਾਈਰ ਦੇ ਰਹਿਣ ਵਾਲੇ ਕੂਲ ਐਤਵਾਰ ਸਵੇਰੇ 16ਵੀਂ ਵਾਰ ਮਾਊਂਟ ਐਵਰੈਸਟ ਦੀ ਚੋਟੀ ’ਤੇ ਪਹੁੰਚੇ।
Kenton Cool
ਤੇਜ਼ ਹਵਾਵਾਂ ਕਾਰਨ ਕੂਲ ਨੂੰ ਮਾਊਂਟ ਐਵਰੈਸਟ ਦੇ ਸਿਖਰ ’ਤੇ ਪਹੁੰਚਣ ’ਚ ਦੇਰੀ ਹੋਈ। ਉਂਜ ਬਹੁਤ ਸਾਰੇ ਨੇਪਾਲੀ ਗਾਈਡ ਜੋ ਸੈਲਾਨੀਆਂ ਨੂੰ ਮਾਊਂਟ ਐਵਰੈਸਟ ’ਤੇ ਚੜ੍ਹਨ ਵਿਚ ਮਦਦ ਕਰਦੇ ਹਨ, ਨੇ ਕਈ ਵਾਰ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਹੈ। ਫ਼ਿਲਹਾਲ ਇਹ ਰਿਕਾਰਡ ਕਾਮੀ ਰੀਟਾ ਦੇ ਨਾਂ ਹੈ, ਜਿਸ ਨੇ ਪਿਛਲੇ ਹਫ਼ਤੇ 52 ਸਾਲ ਦੀ ਉਮਰ ’ਚ 26ਵੀਂ ਵਾਰ ਮਾਊਂਟ ਐਵਰੈਸਟ ਨੂੰ ਸਰ ਕੀਤਾ। ਇੰਸਟਾਗ੍ਰਾਮ ’ਤੇ ਇਕ ਪੋਸਟ ਵਿਚ ਕੂਲ ਨੇ ਸਥਾਨਕ ਗਾਈਡਾਂ ਨੂੰ ਸ਼ਰਧਾਂਜਲੀ ਦਿਤੀ ਅਤੇ ਉਨ੍ਹਾਂ ਨੂੰ ਪਹਾੜ ਦੇ ਸੁਪਰਹੀਰੋਜ਼ ਦਸਿਆ। ਉਸ ਨੇ ਕਿਹਾ ਕਿ ਸਥਾਨਕ ਗਾਈਡਾਂ ਨੇ ਸਾਡੇ ਲਈ ਸਖ਼ਤ ਮਿਹਨਤ ਕੀਤੀ।
Kenton Cool
ਕੂਲ ਨੇ ਪਹਿਲਾਂ ਹੋਰ ਪਰਬਤਾਰੋਹੀਆਂ ਨਾਲ ਐਵਰੈਸਟ ’ਤੇ ਚੜ੍ਹਾਈ ਕੀਤੀ ਹੈ। ਦੁਨੀਆਂ ਦੇ ਸੱਭ ਤੋਂ ਉੱਚੇ ਪਹਾੜ ’ਤੇ ਚੜ੍ਹਨ ਲਈ ਮਈ ਸੱਭ ਤੋਂ ਪਸੰਦੀਦਾ ਸਮਾਂ ਹੈ ਅਤੇ ਨੇਪਾਲ ਦੀ ਸਰਕਾਰ ਨੇ ਮੌਜੂਦਾ ਸੀਜ਼ਨ ਦੌਰਾਨ ਪਰਬਤਾਰੋਹਨ ਲਈ 316 ਪਰਮਿਟ ਜਾਰੀ ਕੀਤੇ ਹਨ। ਕਾਠਮੰਡੂ ਪੋਸਟ ਮੁਤਾਬਕ ਪਿਛਲੇ ਹਫ਼ਤੇ ਇਕ ਦਿਨ ’ਚ 150 ਪਰਬਤਾਰੋਹੀ ਐਵਰੈਸਟ ਦੀ ਚੋਟੀ ’ਤੇ ਪਹੁੰਚੇ।