
ਅਫ਼ਗਾਨਿਸਤਾਨ 'ਚ ਪਹਿਲੀ ਵਾਰੀ ਗੋਲੀਬੰਦੀ ਦਾ ਜਸ਼ਨ ਮਨਾ ਰਹੇ ਅਫ਼ਗਾਨ ਤਾਲਿਬਾਨ, ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੀ ਭੀੜ....
ਜਲਾਲਬਾਦ/ਬਾਟੀ ਕੋਟ : ਅਫ਼ਗਾਨਿਸਤਾਨ 'ਚ ਪਹਿਲੀ ਵਾਰੀ ਗੋਲੀਬੰਦੀ ਦਾ ਜਸ਼ਨ ਮਨਾ ਰਹੇ ਅਫ਼ਗਾਨ ਤਾਲਿਬਾਨ, ਸੁਰੱਖਿਆ ਬਲਾਂ ਅਤੇ ਨਾਗਰਿਕਾਂ ਦੀ ਭੀੜ 'ਚ ਇਕ ਆਤਮਘਾਤੀ ਹਮਲਾਵਰ ਨੇ ਅੱਜ ਖ਼ੁਦ ਨੂੰ ਧਮਾਕਾ ਕਰ ਕੇ ਉੜਾ ਲਿਆ ਇਸ 'ਚ ਘੱਟ ਤੋਂ ਘੱਟ 26 ਲੋਕ ਮਾਰੇ ਗਏ। ਸੂਬਾਈ ਬੁਲਾਰੇ ਅਤਾਉੱਲਾ ਖੋਗਆਈ ਨੇ ਕਿਹਾ ਕਿ ਪੂਰਬੀ ਨਾਂਗਰਹਾਰ ਸੂਬੇ ਦੇ ਰੋਦਾਤ ਜ਼ਿਲ੍ਹੇ 'ਚ ਹੋਏ ਇਸ ਹਮਲੇ 'ਚ ਘੱਟ ਤੋਂ ਘੱਟ 16 ਹੋਰ ਜ਼ਖ਼ਮੀ ਹੋ ਗਏ। ਹਮਲੇ ਦੀ ਅਜੇ ਤਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।
ਅਸਲ 'ਚ ਈਦ ਦੇ ਦੂਜੇ ਦਿਨ ਵੀ ਦੇਸ਼ ਅੰਦਰ ਗੋਲੀਬੰਦੀ ਚਾਲੂ ਰਹੀ ਸੀ। ਇਸ ਤੋਂ ਪਹਿਲਾਂ ਤਾਲਿਬਾਨ ਲੜਾਕਿਆਂ ਅਤੇ ਅਫ਼ਗਾਨ ਸੁਰੱਖਿਆ ਬਲਾਂ ਨੇ ਅਸ਼ਾਂਤ ਪੂਰਬੀ ਅਫ਼ਗਾਨੀਸਤਾਨ 'ਚ ਅੱਜ ਇਕ-ਦੂਜੇ ਨੂੰ ਗਲੇ ਲਾਇਆ ਅਤੇ ਇਕੱਠਿਆਂ ਤਸਵੀਰਾਂ ਖਿੱਚੀਆਂ ਸਨ। ਚੌਕੀਆਂ 'ਤੇ ਪਹਿਰੇਦਾਰੀ ਕਰ ਰਹੇ ਅਫ਼ਗਾਨ ਬਲਾਂ ਨੇ ਤਾਲਿਬਾਨ ਨੂੰ ਈਦ ਦੀ ਵਧਾਈ ਦਿਤੀ ਸੀ। ਹਾਲਾਂਕਿ ਕੁੱਝ ਦਿਨ ਪਹਿਲਾਂ ਅਜਿਹਾ ਦ੍ਰਿਸ਼ ਸੋਚਿਆ ਵੀ ਨਹੀਂ ਜਾ ਸਕਦਾ ਸੀ। ਵਿਦਰੋਹੀਆਂ ਨੂੰ ਪਿੰਡ ਵਾਸੀਆਂ ਨੇ ਘੇਰਿਆ ਹੋਇਆ ਸੀ ਅਤੇ ਉਨ੍ਹਾਂ ਨਾਲ ਗਲੇ ਮਿਲ ਰਹੇ ਸਨ।
ਅਫ਼ਗਾਨੀਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਵੀ ਤਾਲਿਬਾਨ ਨਾਲ ਸਰਕਾਰ ਦੀ ਹਫ਼ਤੇ ਭਰ ਲੰਮੀ ਗੋਲੀਬੰਦੀ ਨੂੰ ਅੱਗੇ ਵਧਾਉਣ ਦਾ ਅੱਜ ਐਲਾਨ ਕੀਤਾ ਸੀ। (ਪੀ.ਟੀ.ਆਈ.)ਦੋਵੇਂ ਧਿਰਾਂ ਈਦ ਦੇ ਚਲਦਿਆਂ ਆਪਸੀ ਦੁਸ਼ਮਣੀ ਭੁਲਾ ਕੇ ਅਪਣੀਆਂ ਮੁਹਿੰਮਾਂ ਨੂੰ ਰੋਕਣ 'ਤੇ ਸਹਿਮਤ ਹੋ ਗਈਆਂ ਸਨ।
ਤਾਲਿਬਾਨ ਨੇ ਇਕ ਲੜਾਕੇ ਨੇ ਕਿਹਾ, ''ਹਰ ਕੋਈ ਜੰਗ ਤੋਂ ਥੱਕ ਗਿਆ ਹੈ ਅਤੇ ਜੇਕਰ ਸਾਡੇ ਆਗੂ ਹੁਕਮ ਦਿੰਦੇ ਹਨ ਤਾਂ ਅਸੀਂ ਗੋਲੀਬੰਦੀ ਜਾਰੀ ਰੱਖਾਂਗੇ।
'' ਉਸ ਨੇ ਕਿਹਾ ਕਿ ਉਹ ਇਕ ਇਸਲਾਮੀ ਦੇਸ਼ ਅਤੇ ਸਰਕਾਰ ਚਾਹੁੰਦੇ ਹਨ ਅਤੇ ਅਮਰੀਕਾ ਜਦੋਂ ਤਕ ਅਫ਼ਗਾਨੀਸਤਾਨ 'ਚੋਂ ਨਹੀਂ ਜਾਵੇਗਾ ਅਜਿਹਾ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਇਸ ਤਾਲਿਬਾਨ ਨੇ ਈਦ ਮੌਕੇ ਤਿੰਨ ਦਿਨਾਂ ਲਈ ਗੋਲੀਬੰਦੀ ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਨੇ ਕਿਹਾ ਸੀ ਕਿ ਉਹ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਫ਼ੌਜੀਆਂ 'ਤੇ ਹਮਲੇ ਜਾਰੀ ਰਖੇਗਾ (ਪੀਟੀਆਈ)