
ਬ੍ਰਿਟੇਨ ਦੀ ਇਕ ਅਦਾਲਤ ਤੋਂ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਮਾਲਿਆ ਨੂੰ 13 ਭਾਰਤੀ ਬੈਂਕਾਂ ਨੂੰ ਕਾਨੂੰਨੀ....
ਲੰਦਨ : ਬ੍ਰਿਟੇਨ ਦੀ ਇਕ ਅਦਾਲਤ ਤੋਂ ਭਗੌੜੇ ਕਾਰੋਬਾਰੀ ਵਿਜੈ ਮਾਲਿਆ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਮਾਲਿਆ ਨੂੰ 13 ਭਾਰਤੀ ਬੈਂਕਾਂ ਨੂੰ ਕਾਨੂੰਨੀ ਲੜਾਈ 'ਚ ਖ਼ਰਚ ਹੋਈ ਲਾਗਤ ਲਈ 1.81 ਕਰੋੜ ਰੁਪਏ ਦੇਣ ਲਈ ਕਿਹਾ ਹੈ। ਇਹ ਬੈਂਕ ਮਾਲਿਆ ਤੋਂ ਅਪਣੇ ਬਕਾਏ ਕਰਜ਼ੇ ਦੀ ਵਸੂਲੀ ਲਈ ਕਾਨੂੰਨੀ ਲੜਾਈ ਲੜ ਰਹੀਆਂ ਹਨ। ਮਾਲਿਆ 'ਤੇ ਦੋਸ਼ ਹੈ ਕਿ ਉਹ 13 ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭਾਰਤ ਤੋਂ ਫ਼ਰਾਰ ਹੋਇਆ ਹੈ।
ਜੱਜ ਐਂਡ੍ਰਿਊ ਹੇਨਸ਼ਾ ਨੇ ਪਿਛਲੇ ਮਹੀਨੇ ਹਾਈ ਕੋਰਟ ਦੇ ਮਾਲਿਆ ਦੀ ਹੋਰ ਦੇਸ਼ਾਂ 'ਚ ਮੌਜੂਦ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਆਦੇਸ਼ ਦੇਣ ਤੋਂ ਇਨਕਾਰ ਕਰ ਦਿਤਾ ਸੀ। ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਵਾਲੀਆਂ 13 ਬੈਂਕਾਂ ਦੇ ਕਨਸੋਰਟੀਅਮ ਨੇ ਇਸ ਜ਼ਬਤੀ ਦੇ ਜ਼ਰੀਏ ਦਿਤੀ ਗਈ ਅਪਣੀ ਰਕਮ ਦੀ ਵਸੂਲੀ ਦਾ ਰਾਹ ਸੁਝਾਇਆ ਸੀ, ਪਰ ਹਾਈ ਕੋਰਟ ਨੇ ਇਸ ਸੁਝਆ ਨੂੰ ਨਹੀਂ ਮੰਨਿਆ। ਇਸ ਤੋਂ ਬਾਅਦ ਇਕ ਹੋਰ ਆਦੇਸ਼ 'ਚ ਹਾਈ ਕੋਰਟ ਨੇ ਮਾਲਿਆ ਨੂੰ ਕਾਨੂੰਨੀ ਲੜਾਈ ਦੇ ਮੁਆਵਜ਼ੇ ਦੇ ਤੌਰ 'ਤੇ 2 ਲੱਖ ਪਾਊਂਡ ਭਾਰਤੀ ਬੈਂਕਾਂ ਨੂੰ ਦੇਣ ਲਈ ਕਿਹਾ ਹੈ।
ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭੱਜਣ ਦੇ ਦੋਸ਼ 'ਚ ਮਾਲਿਆ ਨੂੰ ਭਾਰਤ ਦੀ ਹਵਾਲੇ ਕਰਨ ਦਾ ਇਕ ਹੋਰ ਮੁਕੱਦਮਾ ਅਲਗ ਤੋਂ ਚੱਲ ਰਿਹਾ ਹੈ। ਇਸ ਮੁਕੱਦਮੇ 'ਚ ਮਾਲਿਆ 'ਤੇ ਘੁਟਾਲਾ ਕਰਨ ਅਤੇ ਗਲਤ ਢੰਗ ਨਾਲ ਧਨ ਭਾਰਤ ਤੋਂ ਬਾਹਰ ਲਿਜਾਣ ਦੇ ਮਾਮਲੇ ਹਨ। ਹਵਾਲਗੀ ਦੇ ਮਾਮਲੇ 'ਚ ਲੰਦਨ ਦੀ ਵੈਸਟਮਿੰਸਟਰ ਕੋਰਟ ਵਿਚ ਜੁਲਾਈ 'ਚ ਅੰਤਮ ਸੁਣਵਾਈ ਹੋਣ ਦੀ ਉਮੀਦ ਹੈ।
ਇਸ ਮਾਮਲੇ 'ਚ ਭਾਰਤ ਸਰਕਾਰ ਵਲੋਂ ਬ੍ਰਿਟੇਨ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ.ਪੀ.ਐਸ.) ਪੈਰਵੀ ਕਰ ਰਹੀ ਹੈ, ਜਦਕਿ ਮਾਲਿਆ ਵਲੋਂ ਉਸ ਦੇ ਵਕੀਲਾਂ ਦੀ ਟੀਮ ਪੈਰਵੀ ਕਰ ਰਹੀ ਹੈ। ਬ੍ਰਿਟੇਨ 'ਚ ਸ਼ਰਣ ਲਈ ਮਾਲਿਆ 2017 ਵਿਚ ਬ੍ਰਿਟਿਸ਼ ਕੋਰਟ ਨੇ ਗ੍ਰਿਫ਼ਤਾਰੀ ਤੋਂ ਰਾਹਤ ਦੇ ਦਿਤੀ ਸੀ। ਪਰ ਸੀ.ਪੀ.ਐਸ. ਨੂੰ ਭਰੋਸਾ ਹੈ ਕਿ ਉਹ ਭਾਰਤ ਸਰਕਾਰ ਦੇ ਦਾਅਵੇ ਮੁਤਾਬਕ ਮਾਲਿਆ ਨੂੰ ਘੁਟਾਲੇ ਦੇ ਦੋਸ਼ 'ਚ ਭਾਰਤ ਭੇਜਣ ਵਿਚ ਸਫ਼ਲ ਹੋ ਜਾਵੇਗਾ। (ਪੀਟੀਆਈ)