
ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਕੀਤੇ ਜਾ ਰਹੇ ਹਨ ਯਤਨ
ਨਵੀਂ ਦਿੱਲੀ: ਵਿਸ਼ਵ ਬੈਂਕ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਥਿਤੀ 'ਚ ਸੁਧਾਰ ਨਾ ਹੋਇਆ ਤਾਂ ਸਾਲ 2023 'ਚ ਵਿਸ਼ਵ ਅਰਥਵਿਵਸਥਾ ਮੰਦੀ ਦੀ ਲਪੇਟ 'ਚ ਆ ਸਕਦੀ ਹੈ। ਸਥਿਤੀ ਨੂੰ ਸੁਧਾਰਨ ਲਈ ਵਿਸ਼ਵ ਬੈਂਕ ਨੇ ਮਹਿੰਗਾਈ ਨੂੰ ਘਟਾਉਣ ਅਤੇ ਉਤਪਾਦਨ ਨੂੰ ਵਧਾਉਣ ਦੇ ਨਾਲ-ਨਾਲ ਸਪਲਾਈ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਕਿਹਾ ਹੈ। ਰਿਪੋਰਟ ਦੇ ਜ਼ਰੀਏ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਦੁਨੀਆ ਭਰ 'ਚ ਆਉਣ ਵਾਲੀ ਮੰਦੀ ਦੇ ਸੰਕੇਤ ਪਹਿਲਾਂ ਹੀ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ 1970 ਦੀ ਮੰਦੀ ਤੋਂ ਉਭਰਨ ਤੋਂ ਬਾਅਦ ਹੁਣ ਦੁਨੀਆ ਭਰ ਦੀ ਅਰਥਵਿਵਸਥਾ ਤੇਜ਼ੀ ਨਾਲ ਮੰਦੀ ਵੱਲ ਜਾ ਰਹੀ ਹੈ।
ਵਿਸ਼ਵ ਬੈਂਕ ਦੇ ਮੁਖੀ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਵਿਸ਼ਵ ਅਰਥਵਿਵਸਥਾ ਬਹੁਤ ਸੁਸਤ ਰਫ਼ਤਾਰ ਨਾਲ ਵਧ ਰਹੀ ਹੈ। ਜੇ ਇਹ ਹੋਰ ਡਿੱਗਦੀ ਹੈ ਤਾਂ ਬਹੁਤੇ ਦੇਸ਼ ਮੰਦੀ ਵਿਚ ਪੈ ਜਾਣਗੇ। ਇਹ ਰੁਝਾਨ ਵਿਕਸਤ ਅਤੇ ਵਿਕਾਸਸ਼ੀਲ ਦੋਹਾਂ ਅਰਥਚਾਰਿਆਂ ਵਿਚ ਵੱਧ ਰਿਹਾ ਹੈ। ਦੁਨੀਆ ਦੇ ਦੇਸ਼ ਮਹਿੰਗਾਈ ਨੂੰ ਕਾਬੂ ’ਚ ਕਰਨ ਲਈ ਯਤਨ ਕਰ ਰਹੇ ਹਨ ਪਰ ਮਹਿੰਗਾਈ ਕਾਬੂ ਵਿਚ ਨਹੀਂ ਆ ਰਹੀ। ਇਸ ਦੇ ਉਲਟ ਵਿਕਾਸ ਦਰ ਵੀ ਪ੍ਰਭਾਵਿਤ ਹੋਣ ਲੱਗੀ ਹੈ। ਵਿਆਜ ਦਰਾਂ ਵਧਾਉਣ ਦਾ ਰੁਝਾਨ ਅਗਲੇ ਸਾਲ ਵੀ ਜਾਰੀ ਰਹੇਗਾ।
ਮਾਲਪਾਸ ਨੇ ਕਿਹਾ ਕਿ ਜੇ ਦੁਨੀਆ ਦੇ ਨੀਤੀ ਨਿਰਮਾਤਾ ਖਪਤ ਦੀ ਬਜਾਏ ਉਤਪਾਦਨ ’ਤੇ ਧਿਆਨ ਦੇਣ ਲਈ ਆਪਣੀਆਂ ਨੀਤੀਆਂ ਨੂੰ ਬਦਲਦੇ ਹਨ ਤਾਂ ਵਾਧੂ ਨਿਵੇਸ਼ ਅਤੇ ਉਤਪਾਦਕਤਾ ਨੂੰ ਹੁਲਾਰਾ ਦਿੱਤਾ ਜਾ ਸਕਦਾ ਹੈ। ਪਹਿਲਾਂ ਦੀ ਮੰਦੀ ਨੇ ਵੀ ਮਹਿੰਗਾਈ ਦੇ ਖ਼ਤਰੇ ਨੂੰ ਵਧਾ ਦਿੱਤਾ ਸੀ। 1982 ਦੀ ਮੰਦੀ ਤੋਂ ਬਾਅਦ 40 ਤਰ੍ਹਾਂ ਦੇ ਕਰਜ਼ੇ ਦੇ ਸੰਕਟ ਪੈਦਾ ਹੋਏ।
ਵਿਸ਼ਵ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਅਹਾਨ ਕੋਸ ਨੇ ਕਿਹਾ ਕਿ ਮੁਦਰਾ ਨੀਤੀ ਵਿਚ ਹਾਲ ਹੀ ਵਿਚ ਸਖ਼ਤੀ ਅਤੇ ਵਿੱਤੀ ਨੀਤੀ ਵਿਚ ਤਬਦੀਲੀ ਮਹਿੰਗਾਈ ਨੂੰ ਘਟਾਉਣ ਵਿਚ ਮਦਦ ਕਰੇਗੀ। ਹਾਲਾਂਕਿ ਇਸ ’ਤੇ ਜ਼ਿਆਦਾ ਜ਼ੋਰ ਸਥਿਤੀ ਨੂੰ ਉਲਟਾ ਸਕਦਾ ਹੈ ਅਤੇ ਵਿਸ਼ਵ ਵਿਕਾਸ ਨੂੰ ਹੌਲੀ ਕਰ ਸਕਦਾ ਹੈ। ਇਸ ਲਈ ਮਹਿੰਗਾਈ ਨੂੰ ਰੋਕਣ ਲਈ ਉਪਾਅ ਕਰਦੇ ਸਮੇਂ ਕੇਂਦਰੀ ਬੈਂਕਾਂ ਨੂੰ ਆਪਣੀ ਵਿਕਾਸ ਦਰ ਨੂੰ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ। ਨੀਤੀ ਨਿਰਮਾਤਾਵਾਂ ਨੂੰ ਫਿਲਹਾਲ ਮੱਧ-ਮਿਆਦ ਦੀਆਂ ਯੋਜਨਾਵਾਂ ਨਹੀਂ ਬਣਾਉਣੀਆਂ ਚਾਹੀਦੀਆਂ ਸਗੋਂ ਉਨ੍ਹਾਂ ਨੂੰ ਆਪਣੀਆਂ ਨੀਤੀਆਂ ਨੂੰ ਵਧੇਰੇ ਸਪੱਸ਼ਟ ਅਤੇ ਲੰਬੇ ਸਮੇਂ ਲਈ ਰੱਖਣ ਦੀ ਲੋੜ ਹੈ।